ਚੈਂਪੀਅਨਸ ਟਰਾਫੀ ਨੂੰ ਲੈ ਕੇ ਵੱਡਾ ਫੈਸਲਾ! ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ

Sunday, Nov 10, 2024 - 05:39 AM (IST)

ਸਪੋਰਟਸ ਡੈਸਕ - ਭਾਰਤੀ ਟੀਮ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025 ਲਈ ਪਾਕਿਸਤਾਨ ਨਹੀਂ ਜਾਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਸ ਬਾਰੇ ਆਈ.ਸੀ.ਸੀ. (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਨੂੰ ਸੂਚਿਤ ਕਰ ਦਿੱਤਾ ਹੈ। ਈ.ਐਸ.ਪੀ.ਐਨ. ਕ੍ਰਿਕਇੰਫੋ ਦੀ ਰਿਪੋਰਟ ਦੇ ਅਨੁਸਾਰ, ਬੀ.ਸੀ.ਸੀ.ਆਈ. ਨੇ ਆਈ.ਸੀ.ਸੀ. ਨੂੰ ਸੂਚਿਤ ਕੀਤਾ ਹੈ ਕਿ ਭਾਰਤ ਸਰਕਾਰ ਵੱਲੋਂ ਟੀਮ ਨੂੰ ਪਾਕਿਸਤਾਨ ਨਾ ਭੇਜਣ ਦੀ ਸਲਾਹ ਦਿੱਤੀ ਗਈ ਹੈ। ਅੱਠ ਟੀਮਾਂ ਦੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਮਿਲੀ ਹੈ। ਹੁਣ ਜੇਕਰ ਭਾਰਤੀ ਟੀਮ ਪਾਕਿਸਤਾਨ ਦਾ ਦੌਰਾ ਨਹੀਂ ਕਰਦੀ ਹੈ ਤਾਂ ਇਹ ਟੂਰਨਾਮੈਂਟ 'ਹਾਈਬ੍ਰਿਡ ਮਾਡਲ' ਤਹਿਤ ਕਰਵਾਇਆ ਜਾ ਸਕਦਾ ਹੈ।

ਭਾਰਤੀ ਟੀਮ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਚੈਂਪੀਅਨਸ ਟਰਾਫੀ 'ਚ ਆਪਣੇ ਸਾਰੇ ਮੈਚ ਖੇਡ ਸਕਦੀ ਹੈ। ਵੈਸੇ, ਸ਼੍ਰੀਲੰਕਾ ਵੀ ਸ਼ਾਰਟਲਿਸਟ ਵਿੱਚ ਹੈ ਪਰ ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਨਾਲ ਨੇੜਤਾ ਹੋਣ ਕਾਰਨ ਯੂ.ਏ.ਈ. ਇਸ ਦੌੜ ਵਿੱਚ ਸਭ ਤੋਂ ਅੱਗੇ ਹੈ। ਆਈ.ਸੀ.ਸੀ. ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਬੀ.ਸੀ.ਸੀ.ਆਈ. ਦੇ ਸਟੈਂਡ ਬਾਰੇ ਸੂਚਿਤ ਕੀਤਾ ਗਿਆ ਸੀ। ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਬੀ.ਸੀ.ਸੀ.ਆਈ. ਨੇ ਆਪਣਾ ਫੈਸਲਾ ਕਿਸ ਰੂਪ ਵਿੱਚ ਦਿੱਤਾ ਹੈ।

ਕਾਬਲੇਗੌਰ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਸੂਚਿਤ ਕਰਨ ਤੋਂ ਪਹਿਲਾਂ ਆਈ.ਸੀ.ਸੀ. ਬੀ.ਸੀ.ਸੀ.ਆਈ. ਤੋਂ ਲਿਖਤੀ ਜਾਣਕਾਰੀ ਮੰਗ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪੀ.ਸੀ.ਬੀ. ਚੀਫ ਮੋਹਸਿਨ ਨਕਵੀ ਨੇ ਸ਼ੁੱਕਰਵਾਰ (8 ਨਵੰਬਰ) ਨੂੰ ਜ਼ੋਰ ਦੇ ਕੇ ਕਿਹਾ ਸੀ ਕਿ ਜੇਕਰ ਬੀ.ਸੀ.ਸੀ.ਆਈ. ਨੂੰ ਕੋਈ ਸਮੱਸਿਆ ਹੈ ਤਾਂ ਲਿਖਤੀ ਰੂਪ ਵਿੱਚ ਦੇਣੀ ਹੋਵੇਗੀ। ਨਕਵੀ ਨੇ ਕਿਹਾ ਸੀ ਕਿ ਪੀ.ਸੀ.ਬੀ. ਨੇ 'ਹਾਈਬ੍ਰਿਡ ਮਾਡਲ' ਬਾਰੇ ਗੱਲ ਨਹੀਂ ਕੀਤੀ ਹੈ, ਪਰ ਉਹ ਇਸ 'ਤੇ ਗੱਲ ਕਰਨ ਲਈ ਤਿਆਰ ਹੈ।

ਇਸ ਟੂਰਨਾਮੈਂਟ ਦਾ ਪ੍ਰੋਗਰਾਮ ਕਦੋਂ ਐਲਾਨਿਆ ਜਾਵੇਗਾ?
ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 2025 ਵਿੱਚ ਅੱਠ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਚਾਰ-ਚਾਰ ਦੇ ਦੋ ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਇਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਹੋਣਗੇ। ਚੈਂਪੀਅਨਸ ਟਰਾਫੀ 'ਚ ਭਾਰਤ ਤੋਂ ਇਲਾਵਾ ਅਫਗਾਨਿਸਤਾਨ, ਆਸਟ੍ਰੇਲੀਆ, ਬੰਗਲਾਦੇਸ਼, ਇੰਗਲੈਂਡ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ ਦੇ ਆਯੋਜਨ ਲਈ ਲਗਭਗ 100 ਦਿਨ ਬਾਕੀ ਹਨ, ਪਰ ਅਜੇ ਤੱਕ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਇਹ ਟੂਰਨਾਮੈਂਟ 19 ਫਰਵਰੀ ਨੂੰ ਸ਼ੁਰੂ ਹੋਵੇਗਾ। ਜਦਕਿ ਫਾਈਨਲ ਮੈਚ 9 ਮਾਰਚ ਨੂੰ ਕਰਵਾਉਣ ਦਾ ਪ੍ਰਸਤਾਵ ਹੈ। ਪੀ.ਸੀ.ਬੀ. ਦੁਆਰਾ ਕਥਿਤ ਤੌਰ 'ਤੇ ਤਿਆਰ ਕੀਤੇ ਪ੍ਰੋਗਰਾਮ ਦੇ ਅਨੁਸਾਰ, ਭਾਰਤ ਅਤੇ ਪਾਕਿਸਤਾਨ ਨੂੰ ਇੱਕੋ ਗਰੁੱਪ ਵਿੱਚ ਰੱਖਿਆ ਗਿਆ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 1 ਮਾਰਚ ਨੂੰ ਲਾਹੌਰ 'ਚ ਹੋਣਾ ਸੀ। ਜਦੋਂਕਿ ਉਦਘਾਟਨੀ ਮੈਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣਾ ਸੀ। ਬੰਗਲਾਦੇਸ਼ ਦੀ ਟੀਮ ਨੂੰ ਭਾਰਤ, ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਜਦਕਿ ਗਰੁੱਪ-ਬੀ 'ਚ ਇੰਗਲੈਂਡ, ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਅਫਗਾਨਿਸਤਾਨ ਸ਼ਾਮਲ ਹਨ।

ਪੀ.ਸੀ.ਬੀ. ਨੇ ਭਾਰਤੀ ਟੀਮ ਦੇ ਸਾਰੇ ਮੈਚ ਲਾਹੌਰ ਵਿੱਚ ਰੱਖੇ ਸਨ। ਪਰ ਹੁਣ ਬੀ.ਸੀ.ਸੀ.ਆਈ. ਦੇ ਇਸ ਫੈਸਲੇ ਨਾਲ ਟੂਰਨਾਮੈਂਟ ਦਾ ਆਯੋਜਨ 'ਹਾਈਬ੍ਰਿਡ ਮਾਡਲ' 'ਤੇ ਹੀ ਸੰਭਵ ਹੈ। ਭਾਰਤੀ ਟੀਮ ਨੇ ਆਖਰੀ ਵਾਰ 2008 ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਫਿਰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਪਾਕਿਸਤਾਨ ਦੀ ਧਰਤੀ 'ਤੇ ਏਸ਼ੀਆ ਕੱਪ ਖੇਡਿਆ। ਫਿਰ ਭਾਰਤੀ ਟੀਮ ਫਾਈਨਲ 'ਚ ਪਹੁੰਚੀ, ਜਿੱਥੇ ਉਸ ਨੂੰ ਸ਼੍ਰੀਲੰਕਾ ਹੱਥੋਂ 100 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


Inder Prajapati

Content Editor

Related News