ਸ਼੍ਰੇਅਸ ਅਈਅਰ ਨੂੰ ਲੈ ਕੇ ਵੱਡੀ ਅਪਡੇਟ ! ਹਸਪਤਾਲ ਤੋਂ ਮਿਲੀ ਛੁੱਟੀ, ਜਾਣੋ ਹੁਣ ਕੀ ਹਾਲ ਐ 'ਸਰਪੰਚ ਸਾਬ੍ਹ' ਦਾ

Saturday, Nov 01, 2025 - 11:59 AM (IST)

ਸ਼੍ਰੇਅਸ ਅਈਅਰ ਨੂੰ ਲੈ ਕੇ ਵੱਡੀ ਅਪਡੇਟ ! ਹਸਪਤਾਲ ਤੋਂ ਮਿਲੀ ਛੁੱਟੀ, ਜਾਣੋ ਹੁਣ ਕੀ ਹਾਲ ਐ 'ਸਰਪੰਚ ਸਾਬ੍ਹ' ਦਾ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸ਼੍ਰੇਅਸ ਅਈਅਰ ਦੀ ਸੱਟ ਬਾਰੇ ਆਪਣਾ ਤੀਜਾ ਮੈਡੀਕਲ ਅਪਡੇਟ ਜਾਰੀ ਕੀਤਾ ਹੈ, ਜਿਸ ਵਿੱਚ ਇਹ ਖੁਸ਼ਖਬਰੀ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅਈਅਰ ਨੂੰ 25 ਅਕਤੂਬਰ 2025 ਨੂੰ ਆਸਟ੍ਰੇਲੀਆ ਦੇ ਖਿਲਾਫ ਤੀਜੇ ਵਨਡੇ ਮੈਚ ਦੌਰਾਨ ਫੀਲਡਿੰਗ ਕਰਦੇ ਸਮੇਂ ਪੇਟ ਵਿੱਚ ਗੰਭੀਰ ਸੱਟ ਲੱਗੀ ਸੀ। ਇਸ ਸੱਟ ਕਾਰਨ ਉਨ੍ਹਾਂ ਦੀ ਤਿੱਲੀ ਜ਼ਖਮੀ ਹੋ ਗਈ ਸੀ ਅਤੇ ਅੰਦਰੂਨੀ ਖੂਨ ਵਗਣਾ (ਇੰਟਰਨਲ ਬਲੀਡਿੰਗ) ਸ਼ੁਰੂ ਹੋ ਗਿਆ ਸੀ। ਖੂਨ ਵਗਣ ਨੂੰ ਰੋਕਣ ਲਈ ਉਨ੍ਹਾਂ ਦਾ ਇੱਕ ਮਾਮੂਲੀ ਆਪਰੇਸ਼ਨ ਕਰਨਾ ਪਿਆ ਸੀ।

BCCI ਨੇ ਸ਼ਨੀਵਾਰ (ਨਵੰਬਰ 1, 2025) ਨੂੰ ਦੱਸਿਆ ਕਿ ਸੱਟ ਦੀ ਤੁਰੰਤ ਪਛਾਣ ਕੀਤੀ ਗਈ, ਆਪਰੇਸ਼ਨ ਤੋਂ ਬਾਅਦ ਖੂਨ ਵਗਣਾ ਬੰਦ ਹੋ ਗਿਆ, ਅਤੇ ਉਨ੍ਹਾਂ ਨੂੰ ਉਚਿਤ ਡਾਕਟਰੀ ਇਲਾਜ ਦਿੱਤਾ ਗਿਆ ਹੈ। ਹੁਣ ਅਈਅਰ ਦੀ ਹਾਲਤ ਸਥਿਰ ਹੈ ਅਤੇ ਉਹ ਚੰਗੀ ਤਰ੍ਹਾਂ ਠੀਕ ਹੋ ਰਹੇ ਹਨ। ਸਿਡਨੀ ਅਤੇ ਭਾਰਤ ਦੇ ਮਾਹਿਰਾਂ ਦੇ ਨਾਲ-ਨਾਲ BCCI ਦੀ ਮੈਡੀਕਲ ਟੀਮ ਉਨ੍ਹਾਂ ਦੀ ਸਿਹਤਯਾਬੀ ਤੋਂ ਖੁਸ਼ ਹੈ, ਅਤੇ ਉਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਹਾਲਾਂਕਿ, ਸ਼੍ਰੇਅਸ ਅਈਅਰ ਅਜੇ ਵੀ ਅੱਗੇ ਦੀ ਜਾਂਚ ਲਈ ਸਿਡਨੀ ਵਿੱਚ ਹੀ ਰਹਿਣਗੇ। ਉਹ ਭਾਰਤ ਉਦੋਂ ਹੀ ਵਾਪਸ ਆਉਣਗੇ ਜਦੋਂ ਡਾਕਟਰ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਸਫ਼ਰ ਕਰਨ ਲਈ ਫਿੱਟ ਐਲਾਨ ਦੇਣਗੇ। BCCI ਨੇ ਉਨ੍ਹਾਂ ਦੀ ਸੱਟ ਦਾ ਸਭ ਤੋਂ ਵਧੀਆ ਇਲਾਜ ਯਕੀਨੀ ਬਣਾਉਣ ਲਈ ਸਿਡਨੀ ਵਿੱਚ ਡਾ. ਕੌਰੌਸ਼ ਹਾਗੀਗੀ ਅਤੇ ਉਨ੍ਹਾਂ ਦੀ ਟੀਮ, ਅਤੇ ਭਾਰਤ ਵਿੱਚ ਡਾ. ਦਿਨਸ਼ੌ ਪਾਰਦੀਵਾਲਾ ਦਾ ਧੰਨਵਾਦ ਵੀ ਕੀਤਾ ਹੈ।


author

Tarsem Singh

Content Editor

Related News