ਭਾਰਤ ਪੈਟਰੋਲੀਅਮ ਮੁੰਬਈ ਤੇ ਇੰਡੀਅਨ ਆਇਲ ਮੁੰਬਈ ਫਾਈਨਲ ਵਿਚ

Saturday, Oct 26, 2024 - 12:55 PM (IST)

ਭਾਰਤ ਪੈਟਰੋਲੀਅਮ ਮੁੰਬਈ ਤੇ ਇੰਡੀਅਨ ਆਇਲ ਮੁੰਬਈ ਫਾਈਨਲ ਵਿਚ

ਜਲੰਧਰ, (ਮਹੇਸ਼)-ਭਾਰਤ ਪੈਟਰੋਲੀਅਮ ਤੇ ਇੰਡੀਅਨ ਆਇਲ ਮੁੰਬਈ ਦੀਆਂ ਟੀਮਾਂ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਖਿਤਾਬ ਲਈ ਆਹਮਣੇ ਸਾਹਮਣੇ ਹੋਣਗੀਆਂ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਚਲ ਰਹੇ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿਚ ਭਾਰਤ ਪੈਟਰਲੀਅਮ ਮੁੰਬਈ ਨੇ ਭਾਰਤੀ ਰੇਲਵੇ ਦਿੱਲੀ ਨੂੰ 3-2 ਦੇ ਫਰਕ ਨਾਲ ਹਰਾ ਕੇ ਤੇ ਦੂਜੇ ਸੈਮੀਫਾਈਨਲ ਵਿਚ ਇੰਡੀਅਨ ਆਇਲ ਮੁੰਬਈ ਨੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ 8-1 ਦੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।

ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 26 ਅਕਤੂਬਰ (ਸ਼ਨੀਵਾਰ) ਸ਼ਾਮ 6-30 ਵਜੇ ਖੇਡਿਆ ਜਾਵੇਗਾ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ ਜਦਕਿ ਇੰਡੀਅਨ ਆਇਲ ਦੇ ਜਤਿੰਦਰ ਕੁਮਾਰ ਸਟੇਟ ਹੈੱਡ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਜੇਤੂ ਟੀਮ ਨੂੰ ਜੇਤੂ ਟਰਾਫੀ ਦੇ ਨਾਲ ਅਮੋਲਕ ਸਿੰਘ ਗਾਖਲ ਵੱਲੋਂ 5-50 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਸਮਾਰੋਹ ਦੌਰਾਨ 1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈੈਂਬਰਾਂ ਨੂੰ ਸੁਰਜੀਤ ਹਾਕੀ ਸੋਸਾਇਟੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਫਾਈਨਲ ਮੈਚ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਫਾਈਨਲ ਮੈਚ ਦਾ ਸਿੱਧਾ ਪ੍ਰਸਾਰਣ ਪੀ. ਟੀ. ਸੀ. ਨਿਊਜ਼ ਚੈਨਲ ਤੇ ਯੂ-ਟਿਊਬ ਚੈਨਲ ’ਤੇ ਕੀਤਾ ਜਾਵੇਗਾ।

ਪਹਿਲਾ ਸੈਮੀਫਾਈਨਲ ਭਾਰਤ ਪੈਟਰੋਲੀਅਮ ਮੁੰਬਈ ਤੇ ਭਾਰਤੀ ਰੇਲਵੇ ਦਿੱਲੀ ਦਰਮਿਆਨ ਤੇਜ਼ ਗਤੀ ਨਾਲ ਖੇਡਿਆ ਗਿਆ। ਖੇਡ ਦੇ ਪਹਿਲੇ ਮਿੰਟ ਵਿਚ ਭਾਰਤੀ ਰੇਲਵੇ ਦੇ ਅਦਿਤਿਆ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਸਕੋਰ 1-0 ਕੀਤਾ। ਖੇਡ ਦੇ 15ਵੇਂ ਮਿੰਟ ਵਿਚ ਭਾਰਤ ਪੈਟਰੋਲੀਅਮ ਦੇ ਅੰਤਰਰਾਸ਼ਟਰੀ ਖਿਡਾਰੀ ਦਵਿੰਦਰ ਵਾਲਮੀਕਿ ਨੇ ਪੈਨਲਟੀ ਸਟਰੋਕ ਨੂੰ ਗੋਲ ਵਿਚ ਬਦਲ ਕੇ ਸਕੋਰ 1-1 ਕੀਤਾ। ਖੇਡ ਦੇ 24ਵੇਂ ਮਿੰਟ ਵਿਚ ਭਾਰਤੀ ਰੇਲਵੇ ਦੇ ਜੋਗਿੰਦਰ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਸਕੋਰ 2-1 ਕੀਤਾ।

PunjabKesari

27ਵੇਂ ਮਿੰਟ ਵਿਚ ਭਾਰਤ ਪੈਟਰੋਲੀਅਮ ਦੇ ਦਵਿੰਦਰ ਵਾਲਮੀਕਿ ਨੇ ਪੈਨਲਟੀ ਸਟਰੋਕ ਨੂੰ ਗੋਲ ਵਿਚ ਬਦਲ ਕੇ ਸਕੋਰ 2-2 ਕੀਤਾ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 2-2 ਗੋਲ ਦੀ ਬਰਾਬਰੀ ’ਤੇ ਸਨ। ਖੇਡ ਦੇ ਤੀਜੇ ਕਵਾਰਟਰ ਦੇ 43ਵੇਂ ਮਿੰਟ ਵਿਚ ਭਾਰਤ ਪੈਟਰੋਲੀਅਮ ਦੇ ਪਰਮਵੀਰ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਸਕੋਰ 3-2 ਕੀਤਾ। ਇਹ ਮੈਚ ਜਿੱਤ ਕੇ ਪੰਜਵੀਂ ਵਾਰ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ।

ਦੂਜੇ ਸੈਮੀਫਾਈਨਲ ਵਿਚ ਇੰਡੀਅਨ ਆਇਲ ਮੁੰਬਈ ਨੇ ਪੰਜਾਬ ਐਂਡ ਸਿੰਧ ਬੈਂਕ ਤੇ ਲਗਾਤਾਰ ਦਬਦਬਾ ਬਣਾਇਆ। ਖੇਡ ਦੇ 11ਵੇਂ ਮਿੰਟ ਵਿਚ ਇੰਡੀਅਨ ਆਇਲ ਦੇ ਸੁਮਿਤ ਕੁਮਾਰ ਨੇ ਗੋਲ ਕਰ ਕੇ ਸਕੋਰ 1-0 ਕੀਤਾ। ਖੇਡ ਦੇ 18ਵੇਂ ਮਿੰਟ ਵਿਚ ਇੰਡੀਅਨ ਆਇਲ ਦੇ ਗੁਰਸੇਵਕ ਸਿੰਘ ਨੇ ਗੋਲ ਕਰ ਕੇ ਸਕੋਰ 2-0 ਕੀਤਾ। ਖੇਡ ਦੇ 24ਵੇਂ ਮਿੰਟ ਵਿਚ ਅੰਤਰਰਾਸ਼ਟਰੀ ਖਿਡਾਰੀ ਤਲਵਿੰਦਰ ਸਿੰਘ ਨੇ ਤੇ 26ਵੇਂ ਮਿੰਟ ਵਿਚ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਨੇ ਗੋਲ ਕਰ ਕੇ ਸਕੋਰ 4-0 ਕੀਤਾ।

ਅੱਧੇ ਸਮੇਂ ਤੱਕ ਇੰਡੀਅਨ ਆਇਲ 4-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ 32ਵੇਂ ਮਿੰਟ ਵਿਚ ਇੰਡੀਅਨ ਆਇਲ ਦੇ ਸੁਮਿਤ ਕੁਮਾਰ ਨੇ ਤੇ ਖੇਡ ਦੇ 40ਵੇਂ ਮਿੰਟ ਵਿਚ ਗੁਰਜਿੰਦਰ ਸਿੰਘ ਨੇ 45ਵੇਂ ਮਿੰਟ ਵਿਚ ਸਹਿਜਬੀਰ ਸਿੰਘ ਨੇ ਗੋਲ ਕਰ ਕੇ ਸਕੋਰ 7-0 ਕੀਤਾ। ਖੇਡ ਦੇ 52ਵੇਂ ਮਿੰਟ ਵਿਚ ਬੈਂਕ ਦੇ ਜਸਕਰਨ ਸਿੰਘ ਨੇ ਮੈਦਾਨੀ ਗੋਲ ਕਰ ਕੇ ਸਕੋਰ 1-7 ਕੀਤਾ।

ਖੇਡ ਦੇ 58ਵੇਂ ਮਿੰਟ ਵਿਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਗੋਲ ਕਰ ਕੇ ਸਕੋਰ 8-1 ਕੀਤਾ। ਇੰਡੀਅਨ ਆਇਲ ਦੀ ਟੀਮ 14ਵੀਂ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚੀ ਹੈ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਅੱਜ ਦੇ ਮੈਚਾਂ ਸਮੇਂ ਰਾਜਵਿੰਦਰ ਕੌਰ ਥਿਆੜਾ, ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ, ਮੰਗਲ ਸਿੰਘ, ਆਤਮਪ੍ਰਕਾਸ਼ ਬਬਲੂ, ਰਵਿੰਦਰ ਸਿੰਘ ਪੁਆਰ (ਯੂ. ਕੇ.), ਐਲ ਆਰ ਨਈਅਰ, ਲਖਵਿੰਦਰਪਾਲ ਸਿੰਘ ਖਹਿਰਾ, ਨਰਿੰਦਰਪਾਲ ਸਿੰਘ ਜੱਜ, ਰਣਬੀਰ ਸਿੰਘ ਰਾਣਾ ਟੁੱਟ, ਗੁਰਵਿੰਦਰ ਸਿੰਘ ਗੁਲੂ, ਜਤਿਨ ਮਹਾਜਨ (ਅਲਫਾ), ਅਜੇਪਾਲ ਬਾਕਸਰ, ਗੌਰਵ ਮਹਾਜਨ (ਜੌਨੈਕਸ), ਲਖਬੀਰ ਸਿੰਘ ਨਾਰਵੇ, ਰਮਨੀਕ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ, ਕੈਮ ਗਿੱਲ (ਯੂਐਸਏ), ਇਕਬਾਲ ਸਿੰਘ ਢਿਲੋਂ, ਸੁੱਖੀ ਮਾਨ, ਸੁਖਵਿੰਦਰ ਲਾਲੀ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਉਲੰਪੀਅਨ ਰਜਿੰਦਰ ਸਿੰਘ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਰਾਮ ਪ੍ਰਤਾਪ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।


 


author

Tarsem Singh

Content Editor

Related News