ਬੇਂਟਰ ਬਲਿਟਜ਼ ਸ਼ਤਰੰਜ- ਅਰੋਨੀਅਨ ਤੇ ਵੇਸਲੀ ਸੋ ਸੈਮੀਫਾਈਨਲ ''ਚ
Friday, Sep 25, 2020 - 07:27 PM (IST)

ਮਾਸਕੋ (ਰੂਸ) (ਨਿਕਲੇਸ਼ ਜੈਨ)– ਬੇਂਟਰ ਬਲਿਟਜ਼ ਕੱਪ ਦੇ ਪਹਿਲੇ ਕੁਆਰਟਰ ਫਾਈਨਲ ਵਿਚ ਰੂਸ ਦੇ ਧਾਕੜ ਖਿਡਾਰੀ ਤੇ ਸਾਬਕਾ ਵਿਸ਼ਵ ਬਲਿਟਜ਼ ਚੈਂਪੀਅਨ ਅਲੈਗਜੈਂਡਰ ਗ੍ਰੀਸਚੁਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਰਮੀਨੀਆ ਦੇ ਲੇਵੋਨ ਅਰੋਨੀਅਨ ਨੇ ਉਸ ਨੂੰ 5.5-3.5 ਦੇ ਫਰਕ ਨਾਲ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ ਜਦਕਿ ਦੂਜੇ ਕੁਆਰਟਰ ਫਾਈਨਲ ਵਿਚ ਫਰਾਂਸ ਦੇ ਮੈਕਿਸਮ ਲਾਗ੍ਰੇਵ ਨੂੰ ਹਰਾ ਕੇ ਅਮਰੀਕਾ ਦਾ ਵੇਸਲੀ ਸੋ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ।
ਅਰੋਨੀਅਨ ਤੇ ਗ੍ਰੀਸਚੁਕ ਵਿਚਾਲੇ ਕੁਲ 9 ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿਚ ਅਰੋਨੀਅਨ ਨੇ ਪਹਿਲੇ ਹੀ ਦੋ ਮੈਚ ਜਿੱਤ ਕੇ 2-0 ਨਾਲ ਬੜ੍ਹਤ ਹਾਸਲ ਕਰ ਲਈ ਪਰ ਗ੍ਰੀਸਚੁਕ ਨੇ ਇਸ ਤੋਂ ਬਾਅਦ ਲਗਾਤਾਰ ਦੋ ਮੈਚ ਜਿੱਤ ਕੇ ਸ਼ਾਨਦਾਰ ਵਾਪਸੀ ਕਰਦੇ ਹੋਏ ਸਕੋਰ 2-2 ਨਾਲ ਬਰਾਬਰ ਕਰ ਲਿਆ। ਦੋਵਾਂ ਵਿਚਾਲੇ ਇਸ ਤੋਂ ਬਾਅਦ ਪੰਜਵਾਂ ਮੁਕਾਬਲਾ ਡਰਾਅ ਰਿਹਾ ਤੇ ਸਕੋਰ 2.5-2.5 ਹੋ ਗਿਆ। ਛੇਵਾਂ ਮੁਕਾਬਲਾ ਜਿੱਤ ਕੇ ਗ੍ਰੀਸਚੁਕ ਨੇ 3.5-2.5 ਨਾਲ ਬੜ੍ਹਤ ਹਾਸਲ ਕਰ ਲਈ ਤੇ ਲੱਗਿਆ ਕਿ ਉਹ ਸੈਮੀਫਾਈਨਲ ਵਿਚ ਪਹੁੰਚ ਜਾਵੇਗਾ ਪਰ ਇਸ ਤੋਂ ਬਾਅਦ ਅਰੋਨੀਆ ਨੇ ਪਲਟਵਾਰ ਕਰਦੇ ਹੋਏ ਲਗਾਤਾਰ 3 ਮੈਚ ਜਿੱਤ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।
ਉਥੇ ਹੀ ਦੂਜੇ ਕੁਆਰਟਰ ਫਾਈਨਲ ਵਿਚ ਵੇਸਲੀ ਸੋ ਮੈਕਿਸਮ ਵਿਚਾਲੇ ਕੁਲ 10 ਮੁਕਾਬਲੇ ਹੋਏ, ਜਿਨ੍ਹਾਂ ਵਿਚ ਸਭ ਤੋਂ ਪਹਿਲੇ ਚਾਰ ਮੁਕਾਬਲੇ ਡਰਾਅ ਰਹੇ। ਇਸ ਤੋਂ ਬਾਅਦ ਬੇਹੱਦ ਹੀ ਰੋਮਾਂਚਕ ਅੰਦਾਜ਼ ਵਿਚ ਫਰਾਂਸ ਦੇ ਮੈਕਿਸਮ ਲਾਗ੍ਰੇਵ ਨੇ ਅਗਲੇ ਦੋ ਮੈਚ ਜਿੱਤ ਕੇ 4-2 ਨਾਲ ਬੜ੍ਹਤ ਬਣਾ ਲਈ ਪਰ ਇਸ ਤੋਂ ਬਾਅਦ ਵੇਸਲੀ ਸੋ ਨੇ ਨਾ ਸਿਰਫ ਸਕੋਰ ਬਰਾਬਰ ਕੀਤਾ ਸਗੋਂ ਲਗਾਤਾਰ 4 ਮੁਕਾਬਲੇ ਜਿੱਤ ਕੇ 6-4 ਦੇ ਸਕੋਰ ਨਾਲ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।