BCCI ਦੀ ਡਾਕਟਰੀ ਟੀਮ ਦੇ ਮੁਖੀ ਨਿਤਿਨ ਪਟੇਲ ਨੇ ਦਿੱਤਾ ਅਸਤੀਫਾ
Monday, Mar 17, 2025 - 03:19 AM (IST)

ਨਵੀਂ ਦਿੱਲੀ (ਭਾਸ਼ਾ) – ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ‘ਸੈਂਟਰ ਆਫ ਐਕਸੀਲੈਂਸ’ (ਸੀ.ਓ.ਈ., ਪਹਿਲਾਂ ਐੱਨ. ਸੀ. ਏ.-ਰਾਸ਼ਟਰੀ ਕ੍ਰਿਕਟ ਅਕੈਡਮੀ) ਦੇ ਸਟਾਫ ਵਿਚ ਆਉਣ ਵਾਲੇ ਕੁਝ ਮਹੀਨਿਆਂ ਵਿਚ ਕੁਝ ਬਦਲਾਅ ਹੋ ਸਕਦਾ ਹੈ ਕਿਉਂਕਿ ਖੇਡ ਵਿਗਿਆਨ ਤੇ ਡਾਕਟਰੀ ਟੀਮ ਦੇ ਮੁਖੀ ਨਿਤਿਨ ਪਟੇਲ ਨੇ ਹਾਲ ਹੀ ਵਿਚ ਲੱਗਭਗ ਤਿੰਨ ਸਾਲ ਦੇ ਸਫਲ ਕਾਰਜਕਾਲ ਤੋਂ ਬਾਅਦ ਆਪਣਾ ਅਸਤੀਫਾ ਦੇ ਦਿੱਤਾ ਹੈ।
ਪਟੇਲ ਇਸ ’ਤੇ ਟਿੱਪਣੀ ਕਰਨ ਲਈ ਉਪਲਬੱਧ ਨਹੀਂ ਸਨ ਪਰ ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਹਾਂ, ਨਿਤਿਨ ਨੇ ਅਸਤੀਫਾ ਦੇ ਦਿੱਤਾ ਹੈ। ਪਿਛਲੇ ਕੁਝ ਸਾਲਾਂ ਵਿਚ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਜਦੋਂ ਵੀ ਕੋਈ ਖਿਡਾਰੀ ਜ਼ਖ਼ਮੀ ਹੋਣ ’ਤੇ ਇਲਾਜ ਲਈ ਇੱਥੇ ਆਉਂਦਾ ਸੀ ਤਾਂ ਪੂਰੀ ਤਰ੍ਹਾਂ ਫਿੱਟ ਹੋਣ ’ਤੇ ਹੀ ਉਸ ਨੂੰ ਖੇਡਣ ਦੀ ਮਨਜ਼ੂਰੀ ਮਿਲਦੀ ਸੀ। ਨਿਤਿਨ ਦਾ ਪਰਿਵਾਰ ਵਿਦੇਸ਼ ਵਿਚ ਰਹਿੰਦਾ ਹੈ ਤੇ ਸੀ. ਓ. ਈ. ਦੇ ਖੇਡ ਵਿਗਿਆਨ ਤੇ ਡਾਕਟਰੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਾ ਸਾਲ ਵਿਚ 365 ਦਿਨ ਦਾ ਕੰਮ ਹੈ।’’ ਪਟੇਲ ਨੇ ਆਪਣੇ ਕਾਰਜਕਾਲ ਦੌਰਾਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ, ਬੱਲੇਬਾਜ਼ ਲੋਕੇਸ਼ ਰਾਹੁਲ ਤੇ ਸਪਿੰਨਰ ਕੁਲਦੀਪ ਯਾਦਵ ਵਰਗੇ ਪ੍ਰਮੁੱਖ ਖਿਡਾਰੀਆਂ ਦੇ ਰਿਹੈਬਿਲੀਟੇਸ਼ਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।