BCCI ਦਾ PCB ਨੂੰ ਕਰਾਰਾ ਜਵਾਬ, ਪਾਕਿ ''ਚ ਨਹੀਂ ਖੇਡਣ ਜਾਵੇਗੀ ਟੀਮ ਇੰਡੀਆ

01/29/2020 3:26:27 PM

ਸਪੋਰਟਸ ਡੈਸਕ : ਭਾਰਤ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਏਸ਼ੀਆ ਕੱਪ 2020 ਨੂੰ ਲੈ ਕੇ ਫਿਰ ਤੋਂ ਆਹਮੋ-ਸਾਹਮਣੇ ਆ ਗਏ ਹਨ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੀ. ਸੀ. ਬੀ. ਨੇ ਕਿਹਾ ਸੀ ਕਿ ਜੇਕਰ ਭਾਰਤ ਏਸ਼ੀਆ ਕੱਪ ਖੇਡਣ ਪਾਕਿਸਤਾਨ ਨਹੀਂ ਆਵੇਗਾ ਤਾਂ ਅਸੀਂ ਵੀ 2021 ਦਾ ਟੀ-20 ਵਰਲਡ ਕੱਪ ਭਾਰਤ ਵਿਚ ਨਹੀਂ ਖੇਡਣ ਜਾਵਾਂਗੇ। ਅਜਿਹੇ 'ਚ ਬੀ. ਸੀ. ਸੀ. ਆਈ. ਨੇ ਪੀ. ਸੀ. ਬੀ. (ਪਾਕਿਸਤਾਨ ਕ੍ਰਿਕਟ ਬੋਰਡ) ਦੀ ਧਮਕੀ ਨੂੰ ਪਰਵਾਹ ਨਾ ਕਰਦਿਆਂ ਸਾਫ ਕਰ ਦਿੱਤਾ ਹੈ ਕਿ ਟੀਮ ਇੰਡੀਆ ਏਸ਼ੀਆ ਕੱਪ ਖੇਡਣ ਪਾਕਿਸਤਾਨ ਨਹੀਂ ਜਾਵੇਗੀ।

PunjabKesari

ਦਰਅਸਲ, ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਸਵਾਲ ਇਹ ਨਹੀਂ ਹੈ ਕਿ ਪੀ. ਸੀ. ਬੀ. ਮੇਜ਼ਬਾਨੀ ਕਰ ਰਿਹਾ ਹੈ। ਇਹ ਟੂਰਨਾਮੈਂਟ ਕਰਾਉਣ ਦੀ ਜਗ੍ਹਾ ਦੀ ਗੱਲ ਹੈ। ਅਜੇ ਇਸ ਸਮੇਂ ਜਿਸ ਤਰ੍ਹਾਂ ਦੀਆਂ ਚੀਜ਼ਾਂ ਹਨ, ਇਹ ਸਾਫ ਹੈ ਕਿ ਸਾਨੂੰ ਨਿਰਪੱਖ ਜਗ੍ਹਾ ਚਾਹੀਦੀ ਹੋਵੇਗੀ। ਅਜਿਹੀ ਕੋਈ ਸੰਭਾਵਨਾ ਨਹੀਂ ਹੈ ਕਿ ਭਾਰਤ ਮਲਟੀਨੇਸ਼ਨ ਟੂਰਨਾਮੈਂਟ ਵਿਚ ਹਿੱਸਾ ਲੈਣ ਵੀ ਪਾਕਿਸਤਾਨ ਜਾਵੇ। ਜੇਕਰ ਏਸ਼ੀਅਨ ਕ੍ਰਿਕਟ ਪਰੀਸ਼ਦ (ਏ. ਸੀ. ਸੀ.) ਇਸ ਗੱਲ ਤੋਂ ਖੁਸ਼ ਹੈ ਕਿ ਏਸ਼ੀਆ ਕੱਪ ਬਿਨਾ ਭਾਰਤ ਦੇ ਹੋਵੇ ਤਾਂ ਇਹ ਗੱਲ ਵੱਖ ਹੈ। ਜੇਕਰ ਭਾਰਤ ਨੂੰ ਏਸ਼ੀਆ ਕੱਪ ਵਿਚ ਹਿੱਸਾ ਲੈਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਟੂਰਨਾਮੈਂਟ ਪਾਕਿਸਤਾਨ ਵਿਚ ਨਾ ਹੋਵੇ।''

PunjabKesari

ਤੁਹਾਨੂੰ ਦੱਸ ਦਈਏ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਲ 2012 ਤੋਂ ਬਾਅਦ ਕੋਈ 2 ਪੱਖੀ ਸੀਰੀਜ਼ ਨਹੀਂ ਹੈ। ਭਾਰਤ ਨੇ ਸਾਲ 2008 ਤੋਂ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। ਹਾਲਾਂਕਿ ਕੁਝ ਮਹੀਨਿਆਂ ਤੋਂ ਪਾਕਿਸਤਾਨ ਵਿਚ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਹੋਈ ਹੈ। ਸਾਲ 2019 ਵਿਚ ਸ਼੍ਰੀਲੰਕਾ ਦੀ ਟੀਮ ਨੇ ਪਾਕਿਸਤਾਨ ਵਿਚ ਸੀਰੀਜ਼ ਖੇਡੀ ਸੀ ਅਤੇ ਮੌਜੂਦਾ ਸਮੇਂ ਬੰਗਲਾਦੇਸ਼ ਦੀ ਟੀਮ ਨੇ ਵੀ ਪਾਕਿਸਤਾਨ ਵਿਚ ਟੀ-20 ਸੀਰੀਜ਼ ਖੇਡੀ ਹੈ।


Related News