ਬਾਵੁਮਾ ਨੇ ਮੁਹੰਮਦ ਸ਼ੰਮੀ ਦੀ ਕੀਤੀ ਸ਼ਲਾਘਾ, ਕਿਹਾ- ਉਹ ਵਿਸ਼ਵ ਪੱਧਰੀ ਗੇਂਦਬਾਜ਼
Wednesday, Dec 29, 2021 - 07:16 PM (IST)
ਸੈਂਚੁਰੀਅਨ- ਦੱਖਣੀ ਅਫ਼ਰੀਕਾ ਦੇ ਵਿਰੁੱਧ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੌਰਾਨ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਰਿਕਾਰਡ ਬਣਾ ਲਿਆ ਹੈ। ਸ਼ੰਮੀ ਨੇ ਦੱਖਣੀ ਅਫ਼ਰੀਕਾ ਦੇ 5 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਟੈਸਟ ਕ੍ਰਿਕਟ 'ਚ ਆਪਣੇ 200 ਸ਼ਿਕਾਰ ਪੂਰੇ ਕੀਤੇ। ਦੱ. ਅਫ਼ਰੀਕਾ ਦੇ ਬੱਲੇਬਾਜ਼ ਬਾਵੁਮਾ ਨੇ ਸੰਮੀ ਦੀ ਸ਼ਲਾਘਾ ਕੀਤੀ। ਬਾਵੁਮਾ ਨੇ ਕਿਹਾ ਕਿ ਸ਼ੰਮੀ ਇਕ ਵਿਸ਼ਵ ਪੱਧਰੀ ਗੇਂਦਬਾਜ਼ ਹਨ ਤੇ ਉਨ੍ਹਾਂ ਨੇ ਸਾਡੇ ਖ਼ਿਲਾਫ਼ ਹਾਲਾਤ ਦਾ ਲਾਹਾ ਲਿਆ ਹੈ।
ਬਾਵੁਮਾ ਨੇ ਕਿਹਾ ਕਿ ਸ਼ੰਮੀ ਇਕ ਵਿਸ਼ਵ ਪੱਧਰੀ ਗੇਂਦਬਾਜ਼ ਹੈ, ਅਸੀਂ ਉਨ੍ਹਾਂ ਨੂੰ ਦੁਨੀਆ ਭਰ 'ਚ ਅਜਿਹਾ ਕਰਦੇ ਹੋਏ ਦੇਖਿਆ ਹੈ, ਇਸ ਲਈ ਮੈਨੂੰ ਨਹੀਂ ਲਗਦਾ ਕਿ ਇਹ ਅਜਿਹਾ ਚੀਜ਼ ਹੈ ਜਿਸ ਦੀ ਅਸੀਂ ਉਮੀਦ ਨਹੀਂ ਕੀਤੀ ਸੀ। ਬੱਲੇਬਾਜ਼ਾਂ ਦੇ ਤੌਰ 'ਤੇ ਸਾਨੂੰ ਜਿੰਨਾ ਹੋ ਸਕੇ ਆਪਣੇ ਡਿਫੈਂਸ ਨੂੰ ਮਜ਼ਬੂਤ ਕਰਨਾ ਹੋਵੇਗਾ। ਜੇਕਰ ਉਹ ਚੰਗੀ ਗੇਂਦ ਸੁੱਟਦੇ ਹਨ ਤਾਂ ਇਸ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਭਾਰਤੀ ਗੇਂਦਬਾਜ਼ਾਂ ਨੇ ਹਾਲਾਤ ਦਾ ਚੰਗੀ ਤਰ੍ਹਾਂ ਲਾਹਾ ਲਿਆ ਹੈ, ਖ਼ਾਸ ਕਰਕੇ ਮੁਹੰਮਦ ਸ਼ੰਮੀ ਨੇ।
ਬਾਵੁਮਾ ਨੇ ਅੱਗੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਸਾਡੇ 'ਤੇ ਖੇਡਣ ਦੇ ਲਈ ਬਹਾਨੇ ਬਣਾਉਣ ਦਾ ਦੋਸ਼ ਲੱਗੇ। ਪਰ ਕੁਝ ਸਮੇਂ ਤਕ ਟੈਸਟ ਕ੍ਰਿਕਟ ਨਾ ਖੇਡਣ ਦਾ ਪ੍ਰਭਾਵ ਪੈਂਦਾ ਹੈ। ਜੇਕਰ ਤੁਸੀਂ ਸਾਡੇ ਪਹਿਲੇ ਦਿਨ ਦੇ ਖੇਡ ਨੂੰ ਦੇਖੋ ਤਾਂ ਮੈਨੂੰ ਨਹੀਂ ਲਗਦਾ ਕਿ ਇਹ ਸਾਡਾ ਸਟੈਂਡਰਡ ਹੈ ਤੇ ਇਸ ਦਾ ਕਾਰਨ ਕਿਤੇ ਨਾ ਕਿਤੇ ਅਭਿਆਸ ਦੀ ਕਮੀ ਹੈ।
ਜ਼ਿਕਰਯੋਗ ਹੈ ਕਿ ਦੱਖਣੀ ਅਫ਼ਰੀਕਾ ਟੀਮ ਦੀ ਪਹਿਲੀ ਪਾਰੀ 197 ਦੌੜਾਂ 'ਤੇ ਸਿਮਟ ਗਈ। ਦੱਖਣੀ ਅਫ਼ਰੀਕਾ ਲਈ ਟੇਮਬਾ ਬਾਵੁਮਾ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਜ਼ਿਆਦਾ ਦੇਰ ਕ੍ਰੀਜ਼ 'ਤੇ ਨਹੀਂ ਟਿਕ ਸਕਿਆ। ਬਾਵੁਮਾ ਨੇ ਭਾਰਤ ਦੇ ਖ਼ਿਲਾਫ਼ 52 ਦੌੜਾਂ ਦੀ ਅਰਧ ਸੈਂਕੜਕੇ ਵਾਲੀ ਪਾਰੀ ਖੇਡੀ। ਪਰ ਸ਼ੰਮੀ ਦੀ ਸ਼ਾਨਦਾਰ ਗੇਂਦ ਦੇ ਅੱਗੇ ਇਹ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ।