ਓਸਾਸੁਨਾ ਨੂੰ ਹਰਾ ਕੇ ਬਾਰਸੀਲੋਨਾ ਲਾ ਲਿਗਾ ਖਿਤਾਬ ਦੇ ਨੇੜੇ

Monday, May 04, 2026 - 10:57 AM (IST)

ਓਸਾਸੁਨਾ ਨੂੰ ਹਰਾ ਕੇ ਬਾਰਸੀਲੋਨਾ ਲਾ ਲਿਗਾ ਖਿਤਾਬ ਦੇ ਨੇੜੇ

ਬਾਰਸੀਲੋਨਾ- ਰਾਬਰਟ ਲੇਵਾਂਡੋਵਸਕੀ ਤੇ ਫੇਰਾਨ ਟੋਰੇਸ ਦੇ ਗੋਲਾਂ ਦੀ ਮਦਦ ਨਾਲ ਬਾਰਸੀਲੋਨਾ ਨੇ ਓਸਾਸੁਨਾ ਨੂੰ 2-1 ਨਾਲ ਹਰਾ ਕੇ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ ਲਾ ਲਿਗਾ ’ਚ ਫਿਰ ਤੋਂ ਚੈਂਪੀਅਨ ਬਣਨ ਵੱਲ ਮਜ਼ਬੂਤ ਕਦਮ ਵਧਾਏ। ਬਾਰਸੀਲੋਨਾ ਨੇ ਇਸ ਤਰ੍ਹਾਂ ਨਾਲ ਦੂਜੇ ਨੰਬਰ ’ਤੇ ਕਾਬਜ਼ ਰੀਅਲ ਮੈਡ੍ਰਿਡ ’ਤੇ 14 ਅੰਕਾਂ ਦਾ ਬੜ੍ਹਤ ਬਣਾ ਲਈ ਹੈ। ਇਸ ਹਫਤੇ ਦੇ ਅੰਤ ਤੋਂ ਬਾਅਦ ਪ੍ਰਤੀਯੋਗਿਤਾ ’ਚ ਸਿਰਫ 4 ਰਾਊਂਡ ਦੇ ਮੈਚ ਖੇਡੇ ਜਾਣੇ ਬਾਕੀ ਹਨ।

ਬਾਰਸੀਲੋਨਾ ਨੂੰ ਲਗਾਤਾਰ ਦੂਜੀ ਵਾਰ ਲਾ ਲਿਗਾ ਦਾ ਖਿਤਾਬ ਜਿੱਤਣ ਤੋਂ ਰੋਕਣ ਲਈ ਰੀਅਲ ਮੈਡ੍ਰਿਡ ਨੂੰ ਆਪਣੇ ਅਗਲੇ ਮੈਚ ’ਚ ਐਸਪੇਨਯੋਲ ਵਿਰੁੱਧ ਜਿੱਤ ਹਾਸਲ ਕਰਨੀ ਪਵੇਗੀ। ਮੈਡ੍ਰਿਡ ਦੀ ਜਿੱਤ ਨਾਲ ਖਿਤਾਬ ਦੀ ਜੰਗ ਇਕ ਹੋਰ ਹਫਤੇ ਤੱਕ ਖਿੱਚੀ ਜਾਵੇਗੀ, ਜਦੋਂ ਬਾਰਸੀਲੋਨਾ ਆਪਣੇ ਪੁਰਾਣੇ ਵਿਰੋਧੀ ਰੀਅਲ ਮੈਡ੍ਰਿਡ ਦੀ ਮੇਜ਼ਬਾਨੀ ਕਰੇਗਾ।

ਮੈਚ ’ਚ ਤਿੰਨੋਂ ਗੋਲ ਦੂਜੇ ਹਾਫ ’ਚ ਹੋਏ। ਲੇਵਾਂਡੋਵਸਕੀ ਨੇ 81ਵੇਂ ਮਿੰਟ ’ਚ ਹੈੱਡਰ ਨਾਲ ਗੋਲ ਕਰਕੇ ਬਾਰਸੀਲੋਨਾ ਨੂੰ ਵਾਧਾ ਦਿਵਾਇਆ ਜਦਕਿ ਟੋਰੇਸ ਨੇ 5 ਮਿੰਟ ਬਾਅਦ ਦੂਜਾ ਗੋਲ ਕੀਤਾ। ਰਾਊਲ ਗਾਰਸੀਆ ਨੇ 89ਵੇਂ ਮਿੰਟ ’ਚ ਓਸਾਸੁਨਾ ਲਈ ਗੋਲ ਕੀਤਾ।

ਇਸ ਵਿਚਾਲੇ ਐਟਲੈਟਿਕੋ ਮੈਡ੍ਰਿਡ ਨੇ ਆਪਣੇ ਪ੍ਰਮੁੱਖ ਖਿਡਾਰੀਆਂ ਨੂੰ ਆਰਾਮ ਦੇਣ ਦੇ ਬਾਵਜੂਦ ਵਾਲੇਂਸੀਆ ’ਤੇ 2-0 ਨਾਲ ਜਿੱਤ ਹਾਸਲ ਕੀਤੀ। ਉਸ ਨੇ ਆਰਸਨੈੱਲ ਵਿਰੁੱਧ ਹੋਣ ਵਾਲੇ ਚੈਂਪੀਅਨਜ਼ ਲੀਗ ਦੇ ਸੈਮੀਫਾਈਨਲ ਦੇ ਦੂਜੇ ਪੜਾਅ ਦੇ ਮੈਚ ਨੂੰ ਧਿਆਨ ’ਚ ਰੱਖਦੇ ਹੋਏ ਜੂਲੀਅਨ ਅਲਵਾਰੇਜ਼, ਅਲੈਗਜ਼ੈਂਡਰ ਸੋਰਲੌਥ ਤੇ ਜੂਲੀਆਨੋ ਸਿਮੋਨ ਨੂੰ ਆਰਾਮ ਦਿੱਤਾ।

ਵਿਲਾਰੀਅਲ ਨੇ ਲੇਵਾਂਟੇ ਨੂੰ 5-1 ਨਾਲ ਹਰਾ ਕੇ ਚੈਂਪੀਅਨਜ਼ ਲੀਗ ਲਈ ਕੁਆਲੀਫਾਈ ਕਰ ਲਿਆ ਹੈ। ਵਿਲਾਰੀਅਲ ਨੇ ਲਗਾਤਾਰ ਦੂਜੇ ਸੈਸ਼ਨ ’ਚ ਚੋਟੀ ਦੇ 4 ਸਥਾਨਾਂ ’ਚ ਜਗ੍ਹਾ ਪੱਕੀ ਕਰ ਲਈ ਹੈ ਤੇ ਉਹ ਯੂਰਪ ਦੇ ਵੱਕਾਰੀ ਕਲੱਬ ਟੂਰਨਾਮੈਂਟ ’ਚ ਖੇਡੇਗਾ।


author

Tarsem Singh

Content Editor

Related News