ਸਮਿਥ ਤੇ ਵਾਰਨਰ ਦੇ ਨਾਲ ਬੇਨਕ੍ਰਾਫਟ ਨੂੰ ਆਸਟਰੇਲੀਆਈ ਟੀਮ ''ਚ ਜਗ੍ਹਾ
Saturday, Jul 27, 2019 - 12:23 AM (IST)

ਲੰਡਨ— ਸਾਬਕਾ ਕਪਤਾਨ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੇ ਨਾਲ ਸਲਾਮੀ ਬੱਲੇਬਾਜ਼ ਕੈਮਰਨ ਬੇਨਕ੍ਰਾਫਟ ਨੂੰ ਇੰਗਲੈਂਡ ਵਿਰੁੱਧ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਏਸ਼ੇਜ਼ ਸੀਰੀਜ਼ ਲਈ ਸ਼ੁੱਕਰਵਾਰ ਆਸਟਰੇਲੀਆ ਦੀ 17 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਤਿੰਨੋਂ ਬੱਲੇਬਾਜ਼ ਪਿਛਲੇ ਸਾਲ ਦੱਖਣੀ ਅਫਰੀਕਾ ਵਿਚ ਗੇਂਦ ਨਾਲ ਛੇੜਖਾਨੀ ਲਈ ਸਸਪੈਂਡ ਹੋਏ ਸਨ। ਸਮਿਥ ਤੇ ਸਾਬਕਾ ਉਪ ਕਪਤਾਨ ਵਾਰਨਰ ਨੂੰ 12 ਮਹੀਨਿਆਂ ਲਈ ਪਾਬੰਦੀਸ਼ੁਦਾ ਕੀਤਾ ਗਿਆ ਸੀ, ਜਦਕਿ ਬੇਨਕ੍ਰਾਫਟ 'ਤੇ 9 ਮਹੀਨਿਆਂ ਦੀ ਪਾਬੰਦੀ ਲੱਗੀ ਸੀ। ਵਿਸ਼ਵ ਕੱਪ ਵਿਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਸਮਿਥ ਤੇ ਵਾਰਨਰ ਨੂੰ ਪਹਿਲਾਂ ਤੋਂ ਹੀ ਟੀਮ ਵਿਚ ਜਗ੍ਹਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਸੀ। ਬੇਨਕ੍ਰਾਫਟ ਇੰਗਲੈਂਡ ਦੀ ਕਾਊਂਟੀ ਟੀਮ ਡਰਹਮ ਦੀ ਕਪਤਾਨੀ ਕਰ ਰਿਹਾ ਹੈ। ਇਸ ਹਫਤੇ ਆਸਟਰੇਲੀਆ ਦੀਆਂ ਦੋ ਟੀਮਾਂ ਵਿਚਾਲੇ ਖੇਡੇ ਗਏ ਮੁਕਾਬਲੇ ਵਿਚ ਅਜੇਤੂ 93 ਦੌੜਾਂ ਬਣਾ ਕੇ ਉਸ ਨੇ ਟੀਮ ਵਿਚ ਆਪਣੀ ਜਗ੍ਹਾ ਪੱਕੀ ਕੀਤੀ।