WFI ਤਹਿਤ ਚੋਣ ਟ੍ਰਾਇਲ ’ਚ ਉਤਰਨ ਤੋਂ ਬਜਰੰਗ ਦਾ ਇਨਕਾਰ

Friday, Mar 01, 2024 - 10:47 AM (IST)

WFI ਤਹਿਤ ਚੋਣ ਟ੍ਰਾਇਲ ’ਚ ਉਤਰਨ ਤੋਂ ਬਜਰੰਗ ਦਾ ਇਨਕਾਰ

ਨਵੀਂ ਦਿੱਲੀ- ਆਗਾਮੀ ਰਾਸ਼ਟਰੀ ਟ੍ਰਾਇਲ ’ਚ ਹਿੱਸਾ ਲੈਣ ਦੇ ਭਾਰਤੀ ਕੁਸ਼ਤੀ ਮਹਾਸੰਘ ਦੇ ਸੱਦੇ ਨੂੰ ਠੁਕਰਾਉਂਦੇ ਹੋਏ ਤਜ਼ੁਰਬੇਕਾਰ ਪਹਿਲਵਾਨ ਬਜਰੰਗ ਪੂਨੀਆ ਨੇ ਦਿੱਲੀ ਹਾਈ ਕੋਰਟ ’ਚ ਐਮਰਜੈਂਸੀ ਸਾਂਝੀ ਪਟੀਸ਼ਨ ਦਾਇਰ ਕਰ ਕੇ 10 ਅਤੇ 11 ਮਾਰਚ ਨੂੰ ਡਬਲਯੂ. ਐੱਫ. ਆਈ. ਵੱਲੋਂ ਆਯੋਜਿਤ ਚੋਣ ਟ੍ਰਾਇਲ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਚਲਿਆ ਹੈ ਕਿ ਬਜਰੰਗ, ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਉਸ ਦੇ ਪਤੀ ਸੱਤਿਆਵ੍ਰਤ ਕਾਦੀਯਾਨ ਨੇ ਬੁੱਧਵਾਰ ਨੂੰ ਅਦਾਲਤ ਦੀ ਸ਼ਰਣ ਲਈ ਹੈ। ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ। ਬਜਰੰਗ ਨੇ ਪਟੀਸ਼ਨ ਦਾਇਰ ਕਰਨ ਦੀ ਪੁਸ਼ਟੀ ਨਹੀਂ ਕੀਤੀ ਪਰ ਭਾਰਤੀ ਕੁਸ਼ਤੀ ’ਤੇ ਸਰਕਾਰ ਦੀ ਚੁੱਪ ’ਤੇ ਸਵਾਲ ਜ਼ਰੂਰ ਚੁੱਕੇ। ਪਿਛਲੇ 2 ਮਹੀਨਿਆਂ ਤੋਂ ਰੂਸ ’ਚ ਅਭਿਆਸ ਕਰ ਰਹੇ ਬਜਰੰਗ ਨੇ ਕਿਹਾ ਕਿ ਜੇਕਰ ਟ੍ਰਾਇਲ ਸੰਜੇ ਸਿੰਘ ਦੀ ਅਗਵਾਈ ਵਾਲੀ ਡਬਲਯੂ. ਐੱਫ. ਆਈ. ਕਰਾ ਰਹੀ ਹੈ ਤਾਂ ਉਹ ਇਸ ’ਚ ਹਿੱਸਾ ਨਹੀਂ ਲਵੇਗਾ।
ਉਸ ਨੇ ਕਿਹਾ ਕਿ ਜੇਕਰ ਮੈਂ ਟ੍ਰਾਇਲ ’ਚ ਹਿੱਸਾ ਨਾ ਲੈਣਾ ਹੁੰਦਾ ਤਾਂ ਮੈਂ ਆਪਣੇ ਅਭਿਆਸ ’ਤੇ 30 ਲੱਖ ਰੁਪਏ ਖਰਚ ਨਾ ਕਰਦਾ ਪਰ ਮੁਅੱਤਲ ਡਬਲਯੂ. ਐੱਫ. ਆਈ. ਟ੍ਰਾਇਲ ਕਰਵਾ ਕਿਹਾ ਹੈ। ਸਰਕਾਰ ਇਸ ਨੂੰ ਮਨਜ਼ੂਰੀ ਕਿਵੇਂ ਦੇ ਸਕਦੀ ਹੈ। ਉਸ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਭਾਰਤ ਸਰਕਾਰ ਵੱਲੋਂ ਮੁਅੱਤਲ ਖੇਡ ਇਕਾਈ ਟ੍ਰਾਇਲ ਦਾ ਐਲਾਨ ਕਿਵੇਂ ਕਰ ਸਕਦੀ ਹੈ। ਸਰਕਾਰ ਚੁੱਪ ਕਿਉਂ ਹੈ। ਜੇਕਰ ਐਡਹਾਕ ਕਮੇਟੀ ਜਾਂ ਸਰਕਾਰ ਟ੍ਰਾਇਲ ਕਰਾਏਗੀ ਤਾਂ ਹੀ ਅਸੀਂ ਇਸ ’ਚ ਹਿੱਸਾ ਲਵਾਂਗੇ।
ਡਬਲਯੂ. ਐੱਫ. ਆਈ. ਪ੍ਰਧਾਨ ਸੰਜੇ ਸਿੰਘ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਪੁਰਾਣੀਆਂ ਗੱਲਾਂ ਭੁਲਾ ਕੇ ਟ੍ਰਾਇਲ ’ਚ ਹਿੱਸਾ ਲੈਣ ਲਈ ਕਿਹਾ ਹੈ। ਬਜਰੰਗ ਨੇ ਕਿਹਾ ਕਿ ਉਹ ਇਕੱਲਾ ਨਹੀਂ, ਬਲਕਿ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਵੀ ਟ੍ਰਾਇਲ ’ਚ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਾਡਾ ਸਾਂਝਾ ਫੈਸਲਾ ਹੈ। ਇਸ ’ਚ ਅਸੀਂ ਇਕੱਠੇ ਹਾਂ। ਸਾਕਸ਼ੀ ਅਤੇ ਵਿਨੇਸ਼ ਨਾਲ ਇਸ ਬਾਰੇ ’ਚ ਸੰਪਰਕ ਨਹੀਂ ਹੋ ਸਕਿਆ ਹੈ।
ਸੀਨੀਅਰ ਪਹਿਲਵਾਨਾਂ ਦਾ ਰਾਸ਼ਟਰੀ ਕੈਂਪ ਟ੍ਰਾਇਲ ਤੋਂ ਬਾਅਦ : ਡਬਲਯੂ. ਐੱਫ. ਆਈ.
ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਲਗਭਗ 15 ਮਹੀਨਿਆਂ ਬਾਅਦ ਸੀਨੀਅਰ ਰਾਸ਼ਟਰੀ ਕੈਂਪ ਦੀ ਤਿਆਰੀ ਕਰ ਰਹੀ ਹੈ ਅਤੇ ਕਿਸਾਨ ਅੰਦੋਲਨ ਕਾਰਨ ਕੈਂਪ ਪਟਿਆਲਾ ਦੀ ਬਜਾਏ ਦਿੱਲੀ ’ਚ ਲੱਗ ਸਕਦਾ ਹੈ। ਡਬਲਯੂ. ਐੱਫ. ਆਈ. ਦੇ ਰਾਸ਼ਟਰੀ ਕੈਂਪ ਜਨਵਰੀ 2023 ਦੇ ਬਾਅਦ ਤੋਂ ਬੰਦ ਹਨ, ਜਦੋਂ ਦੇਸ਼ ਦੀਆਂ 3 ਟਾਪ ਪਹਿਲਵਾਨਾਂ ਨੇ ਉਸ ਸਮੇਂ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਣ ਸਿੰਘ ਖਿਲਾਫ ਸੈਕਸ ਸੋਸ਼ਨ ਦੇ ਦੋਸ਼ਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ।
ਇੰਦਰਾ ਗਾਂਧੀ ਸਟੇਡੀਅਮ ’ਚ 10 ਅਤੇ 11 ਮਾਰਚ ਨੂੰ ਹੋਣ ਵਾਲੇ ਟ੍ਰਾਇਲ ਦੇ ਤੁਰੰਤ ਬਾਅਦ ਰਾਸ਼ਟਰੀ ਕੈਂਪ ਸ਼ੁਰੂ ਹੋਵੇਗਾ। ਡਬਲਯੂ. ਐੱਫ. ਆਈ. ਦੀ ਮੁਅਤਲੀ ਤੋਂ ਬਾਅਦ ਕੁਸ਼ਤੀ ਦਾ ਰੋਜ਼ਾਨਾ ਦਾ ਕੰਮ ਦੇਖ ਰਹੀ ਐਡਹਾਕ ਕਮੇਟੀ ਨੇ ਜੈਪੁਰ ’ਚ ਆਪਣੀ ਰਾਸ਼ਟਰੀ ਚੈਂਪੀਅਨਸ਼ਿਪ ਕਰਵਾਉਣ ਤੋਂ ਬਾਅਦ ਰੋਹਤਕ (ਪੁਰਸ਼) ਅਤੇ ਪਟਿਆਲਾ (ਮਹਿਲਾ) ’ਚ ਅਭਿਆਸ ਕੈਂਪ ਸ਼ੁਰੂ ਕੀਤੇ। ਯੂਨਾਈਟਿਡ ਵਰਲਡ ਰੈਸਲਿੰਗ ਵੱਲੋਂ ਮੁਅੱਤਲੀ ਵਾਪਸ ਲਏ ਜਾਣ ਤੋਂ ਬਾਅਦ ਡਬਲਯੂ. ਐੱਫ. ਆਈ. ਨੇ ਬਿਸ਼ਕੇਸ ’ਚ 11 ਤੋਂ 16 ਅਪ੍ਰੈਲ ਤੱਕ ਹੋਣ ਵਾਲੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਅਤੇ 19 ਤੋਂ 21 ਅਪ੍ਰੈਲ ਤੱਕ ਉੱਪ-ਮਹਾਦੀਪ ਓਲੰਪਿਕ ਕੁਆਲੀਫਾਇਰ ਲਈ ਰਾਸ਼ਟਰੀ ਟੀਮ ਚੁਣਨ ਲਈ ਟ੍ਰਾਇਲ ਦਾ ਐਲਾਨ ਕੀਤਾ।


author

Aarti dhillon

Content Editor

Related News