ਬੈਡਮਿੰਟਨ ਏਸ਼ੀਆਈ ਮਿਕਸਡ ਟੀਮ ਚੈਂਪੀਅਨਸ਼ਿਪ : ਚੀਨ ਕੋਲੋਂ ਹਾਰਿਆ ਭਾਰਤ, ਕਾਂਸੀ ਤਮਗੇ ਨਾਲ ਕਰਨਾ ਪਿਆ ਸਬਰ
Monday, Feb 20, 2023 - 12:29 PM (IST)
ਦੁਬਈ, (ਭਾਸ਼ਾ)- ਬੈਡਮਿੰਟਨ ਏਸ਼ੀਆਈ ਮਿਕਸਡ ਟੀਮ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਭਾਰਤ ਦਾ ਅਭਿਆਨ ਇਥੇ ਚੀਨ ਕੋਲੋਂ 2-3 ਨਾਲ ਮਿਲੀ ਹਾਰ ਨਾਲ ਸਮਾਪਤ ਹੋ ਗਿਆ ਪਰ ਦੇਸ਼ ਲਈ ਕਾਂਸੀ ਤਮਗਾ ਜਿੱਤਣ ’ਚ ਸਫਲ ਰਿਹਾ। ਇਸ ਮਹਾਦੀਪ ਟੂਰਨਾਮੈਂਟ ’ਚ ਇਹ ਭਾਰਤ ਦਾ ਪਹਿਲਾ ਤਮਗਾ ਹੈ। ਸਮੀਫਾਈਨਲ ’ਚ ਹਾਰਨ ਵਾਲੀਆਂ ਦੋਨੋਂ ਟੀਮਾਂ ਨੂੰ ਕਾਂਸੀ ਦਾ ਤਮਗਾ ਮਿਲਦਾ ਹੈ।
ਇਹ ਵੀ ਪੜ੍ਹੋ : ਸੌਰਾਸ਼ਟਰ ਨੇ ਬੰਗਾਲ ਨੂੰ ਹਰਾ ਕੇ ਜਿੱਤਿਆ ਰਣਜੀ ਟਰਾਫੀ ਖ਼ਿਤਾਬ
ਭਾਰਤ ਦੀਆਂ ਡਬਲ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਪਣੇ ਵਿਰੋਧੀ ਨੂੰ ਸਖਤ ਚੁਣੋਤੀ ਦੇ ਕੇ ਜਿੱਤ ਹਾਸਲ ਕੀਤੀ। ਐੱਚ. ਐੱਸ. ਪ੍ਰਣਯ ਨੂੰ ਸ਼ੁਰੂਆਤੀ ਪੁਰਸ਼ ਸਿੰਗਲ ਮੈਚ ’ਚ ਸਿਰਫ 45 ਮਿੰਟ ’ਚ ਲੇਈ ਲਾਨ ਜਿ ਕੋਲੋਂ 13-21, 15-21 ਨਾਲ ਅਤੇ 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਮਹਿਲਾ ਸਿੰਗਲ ਮੈਚ ’ਚ 1 ਘੰਟਾ 10 ਮਿੰਟ ’ਚ ਗਾਓ ਫਾਂਗ ਜਿ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਭਾਰਤੀ ਟੀਮ 0-2 ਨਾਲ ਪਿੱਛੇ ਸੀ ਪਰ ਡਬਲ ਟੀਮਾਂ ਨੇ ਵਧੀਆ ਪ੍ਰਦਰਸ਼ਨ ਕਰ ਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ।
ਧਰੁਵ ਕਪਿਲਾ ਅਤੇ ਚਿਰਾਗ ਸ਼ੈੱਟੀ ਦੀ ਡਬਲ ਜੋੜੀ ਨੇ ਫਿਰ ਜਿਨ ਟਿੰਗ ਅਤੇ ਝੋਊ ਹਾਓ ਡੋਂਗ ਨੂੰ 21-19, 21-19 ਨਾਲ ਹਰਾ ਦਿੱਤਾ। ਤ੍ਰਿਸ਼ਾ ਜਾਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲ ਜੋੜੀ ਨੇ ਲਿਯੂ ਸ਼ੇਂਗ ਸ਼ੁ ਅਤੇ ਟਾਨ ਨਿੰਗ ਦੀ ਜੋੜੀ ਨੂੰ 21-18, 13-21, 21-19 ਨਾਲ ਹਰਾ ਕੇ ਸਕੋਰ 2-2 ਕੀਤਾ। ਫਿਰ ਸਾਰਿਆਂ ਦੀਆਂ ਨਜ਼ਰਾਂ ਇਸ਼ਾਨ ਭਟਨਾਗਰ ਅਤੇ ਤਨੀਸ਼ਾ ਕ੍ਰਾਸਟੋ ਦੀ ਮਿਕਸਡ ਡਬਲ ਜੋੜੀ ’ਤੇ ਲੱਗੀਆਂ ਸਨ ਪਰ ਜਿਯਾਂਗ ਝੇਨ ਬਾਂਗ ਅਤੇ ਵੇਈ ਯਾ ਜਿਨ ਫੈਸਲਾਕੁੰਨ ਮੈਚ ’ਚ ਕਿਤੇ ਜ਼ਿਆਦਾ ਮਜ਼ਬੂਤ ਸਾਬਿਤ ਹੋਏ ਅਤੇ ਉਨ੍ਹਾਂ ਨੇ ਇਸ ਨੂੰ ਸਿਰਫ 34 ਮਿੰਟ ’ਚ 21-17, 21-13 ਨਾਲ ਜਿੱਤ ਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।