ਅਵਨੀ ਲੇਖਰਾ ਨੂੰ ਇਕ ਹੋਰ ਵੱਡਾ ਸਨਮਾਨ, 'ਸਰਬੋਤਮ ਮਹਿਲਾ ਡੈਬਿਊ' ਨਾਲ ਕੀਤਾ ਗਿਆ ਸਨਮਾਨਿਤ
Friday, Dec 17, 2021 - 12:53 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ ਨੂੰ ਟੋਕੀਓ ਖੇਡਾਂ ਵਿਚ ਰਿਕਾਰਡ ਤੋੜ ਪ੍ਰਦਰਸ਼ਨ ਨਾਲ ਸੋਨ ਤਗਮਾ ਜਿੱਤਣ ਲਈ ਵੀਰਵਾਰ ਨੂੰ 2021 ਦੇ ਪੈਰਾਲੰਪਿਕ ਪੁਰਸਕਾਰਾਂ ਵਿਚ 'ਸਰਬੋਤਮ ਮਹਿਲਾ ਡੈਬਿਊ' ਨਾਲ ਸਨਮਾਨਿਤ ਕੀਤਾ ਗਿਆ। ਜੈਪੁਰ ਦੀ 20 ਸਾਲਾ ਅਵਨੀ, ਜਿਸ ਨੂੰ 2012 ਵਿਚ ਇਕ ਕਾਰ ਹਾਦਸੇ ਵਿਚ ਰੀੜ੍ਹ ਦੀ ਹੱਡੀ 'ਤੇ ਸੱਟ ਲੱਗ ਗਈ ਸੀ, ਨੇ ਟੋਕੀਓ ਪੈਰਾਲੰਪਿਕਸ ਵਿਚ ਔਰਤਾਂ ਦੇ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸ.ਐੱਚ.1 ਈਵੈਂਟ ਵਿਚ ਸੋਨ ਤਗ਼ਮਾ ਜਿੱਤਿਆ ਸੀ। ਪੈਰਾਲੰਪਿਕ ਰਿਕਾਰਡ ਤੋੜਨ ਦੇ ਨਾਲ-ਨਾਲ ਉਨ੍ਹਾਂ ਨੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਸੀ। ਅਵਨੀ ਨੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਸਟੈਂਡਿੰਗ ਐੱਸ.ਐੱਚ.1 ਈਵੈਂਟ ਵਿਚ ਵੀ ਕਾਂਸੀ ਦਾ ਤਗਮਾ ਜਿੱਤਿਆ ਅਤੇ ਖੇਡਾਂ ਦੇ ਇਤਿਹਾਸ ਵਿਚ 2 ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਖੇਡ ਸਨਮਾਨ ਮੇਜਰ ਧਿਆਨ ਚੰਦ ਖੇਡ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਇਕ ਹੋਰ ਮਹਿਲਾ ਸ਼ੂਟਰ ਨੇ ਕੀਤੀ ਖ਼ੁਦਕੁਸ਼ੀ, ਅਦਾਕਾਰ ਸੋਨੂੰ ਸੂਦ ਨੇ ਦਿਵਾਈ ਸੀ 2.70 ਲੱਖ ਦੀ ਰਾਈਫਲ
ਅਵਨੀ ਨੇ ਪੈਰਾਲੰਪਿਕ ਖੇਡਾਂ ਦੇ ਟਵਿੱਟਰ ਹੈਂਡਲ 'ਤੇ ਵੀਡੀਓ 'ਚ ਕਿਹਾ, 'ਇਹ ਪੁਰਸਕਾਰ ਪ੍ਰਾਪਤ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੇਰਾ ਫੋਕਸ ਹਮੇਸ਼ਾ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕਰਨ ਅਤੇ ਦੇਸ਼ ਲਈ ਤਗਮੇ ਜਿੱਤਣ ਅਤੇ ਇਹ ਦਿਖਾਉਣ 'ਤੇ ਸੀ ਕਿ ਸਖ਼ਤ ਮਿਹਨਤ, ਵਚਨਬੱਧਤਾ ਅਤੇ ਜਨੂੰਨ ਨਾਲ ਕੁਝ ਵੀ ਸੰਭਵ ਹੈ।' ਆਪਣੇ ਪਹਿਲੇ ਪੈਰਾਲੰਪਿਕ ਖੇਡਾਂ ਦੇ ਅਨੁਭਵ ਨੂੰ ਯਾਦ ਕਰਦੇ ਹੋਏ ਅਵਨੀ ਨੇ ਕਿਹਾ, 'ਉਸ ਸਮੇਂ ਮੇਰੇ ਲਈ ਇਹ ਸੁਫ਼ਨਾ ਸਾਕਾਰ ਹੋਣ ਵਰਗਾ ਸੀ। ਜਦੋਂ ਮੈਂ ਭਾਰਤ ਵਾਪਸ ਆਈ ਤਾਂ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲੀ। ਮੈਂ ਆਪਣੇ ਸਕੂਲ ਗਈ ਅਤੇ ਉੱਥੇ ਬੱਚੇ ਮੇਰੇ ਕੋਲ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਮੇਰੇ ਤੋਂ ਪ੍ਰੇਰਿਤ ਹਨ ਅਤੇ ਖੇਡਾਂ ਨਾਲ ਜੁੜਨਾ ਚਾਹੁੰਦੇ ਹਨ।' ਭਾਰਤ ਨੇ ਪੈਰਾਲੰਪਿਕ ਖੇਡਾਂ ਵਿਚ ਪੰਜ ਸੋਨ, ਅੱਠ ਚਾਂਦੀ ਅਤੇ ਛੇ ਕਾਂਸੀ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਕੇ ਕੁੱਲ 19 ਤਗਮੇ ਜਿੱਤੇ ਸਨ।
ਇਹ ਵੀ ਪੜ੍ਹੋ : ਦਿਲਪ੍ਰੀਤ ਦੀ ਹੈਟ੍ਰਿਕ, ਭਾਰਤ ਨੇ ਬੰਗਲਾਦੇਸ਼ ਨੂੰ 9-0 ਨਾਲ ਹਰਾਇਆ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।