ਏਸ਼ੇਜ਼ ਤੋਂ ਪਹਿਲਾਂ ਇਸ ਦੇਸ਼ ਖ਼ਿਲਾਫ਼ ਟੈਸਟ ਮੈਚ ਖੇਡੇਗਾ ਆਸਟਰੇਲੀਆ
Wednesday, May 19, 2021 - 05:27 PM (IST)
ਸਪੋਰਟਸ ਡੈਸਕ : ਆਸਟਰੇਲੀਆ ਦਸੰਬਰ ’ਚ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਪਹਿਲੀ ਵਾਰ ਇਕ ਟੈਸਟ ਮੈਚ ਲਈ ਅਫ਼ਗਾਨਿਸਤਾਨ ਦੀ ਮੇਜ਼ਬਾਨੀ ਕਰੇਗਾ। ਆਸਟਰੇਲੀਆ ਦੀ ਪੁਰਸ਼ ਟੀਮ ਦੱਖਣੀ ਗੋਲਾਰਧ ਦੀਆਂ ਗਰਮੀਆਂ ’ਚ ਆਪਣੇ ਛੇ ਟੈਸਟ ਮੈਚਾਂ ਦੇ ਸੈਸ਼ਨ ਦੀ ਸ਼ੁਰੂਆਤ 27 ਨਵੰਬਰ ਤੋਂ ਅਫ਼ਗਾਨਿਸਤਾਨ ਖ਼ਿਲਾਫ ਹੋਬਾਰਟ ’ਚ ਹੋਣ ਵਾਲੇ ਮੈਚ ਤੋਂ ਕਰੇਗੀ। ਆਸਟਰੇਲੀਆਈ ਟੀਮ ਏਸ਼ੇਜ਼ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ 8 ਤੋਂ 12 ਦਸੰਬਰ ਦਰਮਿਆਨ ਬ੍ਰਿਸਬੇਨ ’ਚ ਹੋਣ ਵਾਲੇ ਮੈਚ ਤੋਂ ਕਰੇਗੀ। ਇਸ ਤੋਂ ਬਾਅਦ ਤਿੰਨ ਦਿਨ ਦਾ ਆਰਾਮ ਤੇ ਫਿਰ ਐਡੀਲੇਡ ’ਚ ਡੇ-ਨਾਈਟ ਟੈਸਟ ਮੈਚ ਖੇਡਿਆ ਜਾਵੇਗਾ। ਏਸ਼ੇਜ਼ ਸੀਰੀਜ਼ ਦਾ ਅਗਲਾ ਮੈਚ ਮੈਲਬੋਰਨ ’ਚ ਬਾਕਸਿੰਗ ਡੇ (26 ਦਸੰਬਰ) ਤੋਂ ਸ਼ੁਰੂ ਹੋਵੇਗਾ, ਜਦਕਿ ਸਿਡਨੀ ’ਚ ਨਵੇਂ ਸਾਲ ’ਚ ਚੌਥਾ ਮੈਚ ਖੇਡਿਆ ਜਾਵੇਗਾ।
ਪੰਜਵਾਂ ਤੇ ਆਖਰੀ ਟੈਸਟ ਮੈਚ 14 ਤੋਂ 18 ਜਨਵਰੀ ਦਰਮਿਆਨ ਖੇਡਿਆ ਜਾਵੇਗਾ। ਆਸਟਰੇਲੀਆ ਦੇ ਟੈਸਟ ਕਪਤਾਨ ਟਿਮ ਪੇਨ ਨੇ ਕਿਹਾ ਕਿ ਏਸ਼ੇਜ਼ ’ਚ ਪਹਿਲੇ ਲੰਮੇ ਸਵਰੂਪ ’ਚ ਘੱਟ ਮੈਚ ਖੇਡਣਾ ਉਨ੍ਹਾਂ ਦੀ ਟੀਮ ਲਈ ਚਿੰਤਾ ਦਾ ਵਿਸ਼ਾ ਨਹੀਂ ਹੈ। ਉਨ੍ਹਾਂ ਸੰਕੇਤ ਦਿੱਤੇ ਕਿ ਅਫ਼ਗਾਨਿਸਤਾਨ ਖ਼ਿਲਾਫ਼ ਮੈਚ ’ਚ ਆਸਟਰੇਲੀਆ ਆਪਣੀ ਮਜ਼ਬੂਤ ਟੀਮ ਉਤਾਰੇਗਾ। ਪੇਨ ਨੇ ਕਿਹਾ ਕਿ ਅਸੀਂ ਇਸ ਦਾ ਅਭਿਆਸ ਕਰ ਰਹੇ ਹਾਂ। ਤੁਹਾਨੂੰ ਇਸ ਨਾਲ ਤਾਲਮੇਲ ਬਿਠਾਉਣਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਏਸ਼ੇਜ਼ ਦੇ ਨਜ਼ਰੀਏ ਤੋਂ ਇਹ (ਅਫਗਾਨਿਸਤਾਨ ਦੇ ਖ਼ਿਲਾਫ਼ ਮੈਚ) ਮਹੱਤਵਪੂਰਨ ਹੋਣ ਜਾ ਰਿਹਾ ਹੈ।