ਖਰਾਬ ਫਾਰਮ ’ਚ ਚੱਲ ਰਹੇ ਬੱਲੇਬਾਜ਼ਾਂ ਨੂੰ ਅਭਿਆਸ ਮੈਚ ’ਚ ਨਹੀਂ ਉਤਾਰੇਗਾ ਆਸਟ੍ਰੇਲੀਆ
Thursday, Nov 28, 2024 - 01:58 PM (IST)
ਸਿਡਨੀ– ਆਸਟ੍ਰੇਲੀਆਈ ਚੋਣਕਰਤਾਵਾਂ ਨੇ ਪਰਥ ਟੈਸਟ ’ਚ ਹਾਰ ਤੋਂ ਬਾਅਦ ਰਾਸ਼ਟਰੀ ਟੀਮ ਦੇ ਖਰਾਬ ਫਾਰਮ ’ਚ ਚੱਲ ਰਹੇ ਕਿਸੇ ਵੀ ਬੱਲੇਬਾਜ਼ ਨੂੰ ਕੈਨਬਰਾ ’ਚ ਭਾਰਤ ਵਿਰੁੱਧ ਪ੍ਰਧਾਨ ਮੰਤਰੀ ਇਲੈਵਨ ਦੀ ਟੀਮ ’ਚ ਸ਼ਾਮਲ ਨਾ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਬਾਰਡਰ-ਗਾਵਸਕਰ ਟ੍ਰਾਫੀ ਦੇ ਪਹਿਲੇ ਟੈਸਟ ਮੈਚ ’ਚ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ ਸੀ।
ਇਸ ਤੋਂ ਬਾਅਦ ਉਸ ਦੇ ਟਾਪ ਆਰਡਰ ਦੇ ਬੱਲੇਬਾਜ਼ਾਂ ’ਤੇ ਐਡੀਲੇਡ ’ਚ 6 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਦਬਾਅ ਵਧ ਗਿਆ ਹੈ। ਮਾਰਨਸ ਲਾਬੁਸ਼ੇਨ (2,3) ਅਤੇ ਸਟੀਵ ਸਮਿਥ (0,17) ਵਰਗੇ ਬੱਲੇਬਾਜ਼ ਪਹਿਲੇ ਟੈਸਟ ਮੈਚ ’ਚ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਨਜ਼ਰ ਆਏ। ਇਸ ਤੋਂ ਬਾਅਦ ਸਾਬਕਾ ਕਪਤਾਨ ਮਾਈਕਲ ਕਲਾਰਕ ਸਮੇਤ ਕਈ ਸਾਬਕਾ ਖਿਡਾਰੀਆਂ ਨੇ ਐਡੀਲੇਡ ’ਚ ਦਿਨ-ਰਾਤ ਦੇ ਟੈਸਟ ਮੈਚ ਤੋਂ ਪਹਿਲਾਂ ਜੋਸ਼ ਇੰਗਲਿਸ਼ ਸਮੇਤ ਇਨ੍ਹਾਂ ਖਿਡਾਰੀਆਂ ਨੂੰ ਅਭਿਆਸ ਮੈਚ ’ਚ ਉਤਾਰਨ ਦੀ ਅਪੀਲ ਕੀਤੀ ਸੀ ਪਰ ਆਸਟ੍ਰੇਲੀਆ ਦੇ ਟੀਮ ਪ੍ਰਬੰਧਨ ਨੇ ਇਸ ਤਰ੍ਹਾਂ ਦੀ ਅਪੀਲ ਨੂੰ ਖਾਰਜ ਕਰ ਦਿੱਤਾ।
ਸਿਡਨੀ ਮਾਰਨਿੰਗ ਹੇਰਾਲਡ ਦੀ ਰਿਪੋਰਟ ਅਨੁਸਾਰ,‘ਅਜਿਹਾ ਫੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਖਿਡਾਰੀਆਂ ਲਈ ਆਪਣੇ ਘਰ ’ਚ ਸਮਾਂ ਬਿਤਾਉਣਾ ਮਹੱਤਵਪੂਰਨ ਹੈ ਅਤੇ ਇਸ ਤੋਂ ਇਲਾਵਾ ਆਸਟ੍ਰੇਲੀਆ ਦੀ ਟੀਮ ਭਾਰਤ ਨੂੰ 5 ਮੈਚਾਂ ਦੀ ਲੜੀ ਦੇ ਅਗਲੇ ਮੈਚ ਤੋਂ ਪਹਿਲਾਂ ਉਨ੍ਹਾਂ ਦੇ ਟੈਸਟ ਬੱਲੇਬਾਜ਼ਾਂ ਦਾ ਜਾਇਜ਼ਾ ਲੈਣ ਦਾ ਮੌਕਾ ਨਹੀਂ ਦੇਣਾ ਚਾਹੁੰਦਾ ਹੈ।’ ਆਸਟ੍ਰੇਲੀਆ ਦੇ ਮੁੱਖ ਕੋਚ ਐਂਡ੍ਰਿਊ ਮੈਕਡੋਨਾਲਡ ਨੇ ਵੀ ਕਿਹਾ ਕਿ ਉਹ ਕੈਨਬਰਾ ’ਚ ਹੋਣ ਵਾਲੇ ਅਭਿਆਸ ਮੈਚ ਲਈ ਟੈਸਟ ਟੀਮ ਦੇ ਕਿਸੇ ਖਿਡਾਰੀ ਨੂੰ ਨਹੀਂ ਭੇਜਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੀ. ਐੱਮ. ਇਲੈਵਨ ’ਚ ਜ਼ਿਆਦਾਤਰ ਨੌਜਵਾਨ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ।