ਭਾਰਤ-ਪਾਕਿਸਤਾਨ ਖੇਡਣ ਦੇ ਇੱਛੁਕ ਹੋਣ ਤਾਂ ਆਸਟ੍ਰੇਲੀਆ ਮੇਜ਼ਬਾਨੀ ਨੂੰ ਤਿਆਰ : CA

Wednesday, Mar 27, 2024 - 08:24 PM (IST)

ਭਾਰਤ-ਪਾਕਿਸਤਾਨ ਖੇਡਣ ਦੇ ਇੱਛੁਕ ਹੋਣ ਤਾਂ ਆਸਟ੍ਰੇਲੀਆ ਮੇਜ਼ਬਾਨੀ ਨੂੰ ਤਿਆਰ : CA

ਸਿਡਨੀ– ਕ੍ਰਿਕਟ ਆਸਟ੍ਰੇਲੀਆ (ਸੀ. ਏ.) ਨੇ ਕਿਹਾ ਹੈ ਕਿ ਜੇਕਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਇਕ-ਦੂਜੇ ਨਾਲ ਖੇਡਣ ਲਈ ਸਹਿਮਤ ਹਨ ਤਾਂ ਉਹ ਮੇਜ਼ਬਾਨੀ ਲਈ ਤਿਆਰ ਹੈ। ਸੀ. ਏ. ਦੇ ਮੁੱਖ ਕਾਰਜਕਾਰੀ ਨਿਕ ਹਾਕਲੀ ਨੇ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਫਿਰ ਤੋਂ ਆਪਣੀ ਇਹ ਇੱਛਾ ਦੁਹਰਾਉਂਦੇ ਹੋਏ ਕਿਹਾ,‘‘2022 ਵਿਚ ਮੈਲਬੋਰਨ ਕ੍ਰਿਕਟ ਗਰਾਊਂਡ ’ਤੇ ਭਾਰਤ-ਪਾਕਿਸਤਾਨ ਮੈਚ ਦਾ ਆਯੋਜਨ ਇਸ ਮੈਦਾਨ ’ਤੇ ਸਭ ਤੋਂ ਵੱਧ ਯਾਦਗਾਰ ਪਲਾਂ ਵਿਚੋਂ ਇਕ ਹੈ। ਹੁਣ ਕਈ ਲੋਕ ਇਸ ਪ੍ਰਤੀਯੋਗਿਤਾ ਦਾ ਫਿਰ ਤੋਂ ਗਵਾਹ ਬਣਨਾ ਚਾਹੁੰਦੇ ਹਨ। ਜੇਕਰ ਅਜਿਹਾ ਕੋਈ ਮੌਕਾ ਆਉਂਦਾ ਹੈ ਤਾਂ ਅਸੀਂ ਇਸ ਮੌਕੇ ਨੂੰ ਖੁਸ਼ੀ ਨਾਲ ਸਵੀਕਾਰ ਕਰਾਂਗੇ। ਜੇਕਰ ਇਸ ਵਿਚ ਸਾਡੀ ਕੋਈ ਭੂਮਿਕਾ ਹੋ ਸਕਦੀ ਹੈ ਤਾਂ ਅਸੀਂ ਉਸ ਭੂਮਿਕਾ ਲਈ ਵੀ ਤਿਆਰ ਹਾਂ। ਅਸੀਂ ਇਨ੍ਹਾਂ ਗਰਮੀਆਂ ’ਚ ਪਾਕਿਸਤਾਨ ਤੇ ਭਾਰਤ ਦੀ ਮੇਜ਼ਬਾਨੀ ਕਰਨ ਲਈ ਉਤਸ਼ਾਹਿਤ ਹਾਂ।’’
ਮੰਗਲਵਾਰ ਨੂੰ ਸੀ. ਏ. ਦੇ ਸ਼ੈਡਿਊਲਿੰਗ ਹੈੱਡ ਪੀਟਰ ਰੋਚ ਨੇ ਕਿਹਾ ਸੀ ਕਿ ਜੇਕਰ ਭਾਰਤ-ਪਾਕਿਸਤਾਨ ਦੇ ਕ੍ਰਿਕਟ ਬੋਰਡ ਚਾਹੁਣ ਤਾਂ ਉਹ ਇਕ ਤਿਕੋਣੀ ਸੀਰੀਜ਼ ਦਾ ਵੀ ਆਯੋਜਨ ਕਰ ਸਕਦਾ ਹੈ, ਜਿਸ ਵਿਚ ਭਾਰਤ-ਪਾਕਿਸਤਾਨ ਤੋਂ ਇਲਾਵਾ ਤੀਜੀ ਟੀਮ ਮੇਜ਼ਬਾਨ ਆਸਟ੍ਰੇਲੀਆ ਹੋਵੇਗੀ। ਪਾਕਿਸਤਾਨ ਦੀ ਪੁਰਸ਼ ਕ੍ਰਿਕਟ ਟੀਮ 3 ਵਨ ਡੇ ਤੇ 3 ਟੀ-20 ਮੈਚਾਂ ਦੀ ਸੀਰੀਜ਼ ਲਈ ਨਵੰਬਰ ਵਿਚ ਆਸਟ੍ਰੇਲੀਆ ਆਵੇਗੀ। ਇਹ ਸੀਰੀਜ਼ ਖਤਮ ਹੋਣ ਦੇ ਚਾਰ ਦਿਨ ਬਾਅਦ ਹੀ 22 ਨਵੰਬਰ ਤੋਂ ਆਸਟ੍ਰੇਲੀਆ ਨੂੰ ਭਾਰਤ ਵਿਰੁੱਧ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ, ਜਿਸ ਦੀ ਤਿਆਰੀ ਲਈ ਭਾਰਤੀ ਟੀਮ ਪਹਿਲਾਂ ਹੀ ਆਸਟ੍ਰੇਲੀਆ ਪਹੁੰਚੀ ਹੋਵੇਗੀ।
ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸਾਲ 2012-23 ਤੋਂ ਬਾਅਦ ਤੋਂ ਕੋਈ ਦੋ-ਪੱਖੀ ਲੜੀ ਨਹੀਂ ਹੋਈ ਹੈ ਤੇ ਦੋਵੇਂ ਟੀਮਾਂ ਦੀ ਟੱਕਰ ਸਿਰਫ ਆਈ. ਸੀ. ਸੀ. ਟੂਰਨਾਮੈਂਟਾਂ ਤੇ ਏਸ਼ੀਆ ਕੱਪ ਵਿਚ ਹੀ ਹੋਈ ਹੈ। ਸਾਲ 2022 ਟੀ-20 ਵਿਸ਼ਵ ਕੱਪ ਦੌਰਾਨ ਮੈਲਬੋਰਨ ਕ੍ਰਿਕਟ ਗਰਾਊਂਡ ਨੇ ਭਾਰਤ-ਪਾਕਿਸਤਾਨ ਮੈਚ ਦਾ ਆਯੋਜਨ ਕੀਤਾ ਸੀ। ਇਸ ਮੈਚ ਨੂੰ ਦੇਖਣ ਰਿਕਾਰਡ 90 ਹਜ਼ਾਰ 293 ਦਰਸ਼ਕ ਪਹੁੰਚੇ ਸਨ।


author

Aarti dhillon

Content Editor

Related News