ਇੰਗਲੈਂਡ ਦੌਰੇ ਲਈ ਆਸਟਰੇਲੀਆ ਨੇ 21 ਮੈਂਬਰੀ ਟੀਮ ਦਾ ਕੀਤਾ ਐਲਾਨ
Friday, Aug 14, 2020 - 08:23 PM (IST)

ਲੰਡਨ– ਆਸਟਰੇਲੀਆ ਕ੍ਰਿਕਟ ਟੀਮ ਸਤੰਬਰ ਵਿਚ 3 ਮੈਚਾਂ ਦੀ ਟੀ-20 ਕੌਮਾਂਤਰੀ ਤੇ 3 ਹੀ ਮੈਚਾਂ ਦੀ ਵਨ ਡੇ ਸੀਰੀਜ਼ ਲਈ ਇੰਗਲੈਂਡ ਦੌਰੇ 'ਤੇ ਜਾਵੇਗੀ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਸ਼ੁੱਕਰਵਾਰ ਨੂੰ ਇਸਦੀ ਪੁਸ਼ਟੀ ਕੀਤੀ। ਕ੍ਰਿਕਟ ਆਸਟਰੇਲੀਆ ਨੇ ਇਸ ਦੌਰੇ ਲਈ 21 ਮੈਂਬਰੀ ਆਸਟਰੇਲੀਆਈ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀ-20 ਮੈਚ 4, 6 ਤੇ 8 ਸਤੰਬਰ ਨੂੰ ਸਾਊਥੰਪਟਨ ਵਿਚ ਖੇਡੇ ਜਾਣਗੇ। ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 11,13 ਤੇ 16 ਸਤੰਬਰ ਨੂੰ ਹੋਣਗੇ ਤੇ ਇਹ ਸਾਰੇ ਮੈਚ ਮਾਨਚੈਸਟਰ ਦੇ ਓਲਡ ਟ੍ਰੈਫਰਡ ਵਿਚ ਖੇਡੇ ਜਾਣਗੇ।
ਈ. ਸੀ. ਬੀ. ਨੇ ਕਿਹਾ,''ਆਸਟਰੇਲੀਆਈ ਟੀਮ 24 ਅਗਸਤ ਨੂੰ ਬ੍ਰਿਟੇਨ ਪਹੁੰਚੇਗੀ। ਪਹਿਲਾਂ ਉਹ ਡਰਬੀਸ਼ਾਈਰ ਆਵੇਗੀ ਤੇ ਫਿਰ ਇੱਥੋਂ ਸਾਊਥੰਪਟਨ ਦੇ ਏਜੇਸ ਬਾਓਲ ਜਾਵੇਗੀ। ਟੀ-20 ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਆਸਟਰੇਲੀਆਈ ਟੀਮ 50 ਓਵਰਾਂ ਦਾ ਇਕ ਅਭਿਆਸ ਮੈਚ ਖੇਡੇਗੀ। ਇਸ ਤੋਂ ਇਲਾਵਾ ਤਿੰਨ ਟੀ-20 ਅਭਿਆਸ ਮੈਚ ਵੀ ਖੇਡੇ ਜਾਣਗੇ।''