ਆਸਟਰੇਲੀਆ ਦੀ ਸ਼੍ਰੀਲੰਕਾ ''ਤੇ ਆਸਾਨ ਜਿੱਤ
Monday, May 27, 2019 - 11:58 PM (IST)

ਸਾਊਥੰਪਟਨ— ਫੀਲਡਿੰਗ ਦੌਰਾਨ ਜ਼ਖ਼ਮੀ ਹੋਣ ਦੇ ਬਾਵਜੂਦ ਸਲਾਮੀ ਬੱਲੇਬਾਜ਼ ਉਸਮਾਨ ਖਵਾਜ਼ਾ ਨੇ ਸ਼ਾਨਦਾਰ ਅਰਧ ਸੈਂਕੜਾ ਲਾਇਆ, ਜਿਸ ਨਾਲ ਆਸਟਰੇਲੀਆ ਨੇ ਆਪਣੇ ਦੂਜੇ ਅਭਿਆਸ ਮੈਚ ਵਿਚ ਸੋਮਵਾਰ ਨੂੰ ਇਥੇ ਸ਼੍ਰੀਲੰਕਾ ਨੂੰ 31 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਲਈ ਆਪਣੀਆਂ ਤਿਆਰੀਆਂ ਦਾ ਇਕ ਹੋਰ ਸ਼ਾਨਦਾਰ ਨਮੂਨਾ ਪੇਸ਼ ਕੀਤਾ। ਆਪਣੇ ਪਹਿਲੇ ਅਭਿਆਸ ਮੈਚ ਵਿਚ ਇੰਗਲੈਂਡ ਨੂੰ 12 ਦੌੜਾਂ ਨਾਲ ਹਰਾਉਣ ਵਾਲੀ ਆਸਟਰੇਲੀਆ ਸਾਹਮਣੇ 240 ਦੌੜਾਂ ਦਾ ਟੀਚਾ ਸੀ। ਉਸ ਨੇ ਖਵਾਜ਼ਾ ਦੀ 105 ਗੇਂਦਾਂ 'ਤੇ 89 ਦੌੜਾਂ ਦੀ ਪਾਰੀ ਅਤੇ ਚੋਟੀਕ੍ਰਮ ਦੇ ਹੋਰ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਨਾਲ 44.5 ਓਵਰਾਂ ਵਿਚ 5 ਵਿਕਟਾਂ 'ਤੇ 241 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ 'ਤੇ 239 ਦੌੜਾਂ ਬਣਾਈਆਂ ਸਨ। ਸ਼੍ਰੀਲੰਕਾ ਵਲੋਂ ਲਾਹਿਰੂ ਤਿਰਿਮਾਨੇ ਨੇ ਸਭ ਤੋਂ ਜ਼ਿਆਦਾ 56 ਦੌੜਾਂ ਬਣਾਈਆਂ ਜਦਕਿ ਡਿਸਿਲਵਾ ਨੇ 43 ਦੌੜਾਂ ਦਾ ਯੋਗਦਾਨ ਦਿੱਤਾ। ਆਸਟਰੇਲੀਆ ਨੇ 8 ਗੇਂਦਬਾਜ਼ਾਂ ਦਾ ਉਪਯੋਗ ਕੀਤਾ, ਜਿਸ 'ਚ ਲੈੱਗ ਸਪਿਨਰ ਐਡਮ ਜੰਪਾ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਸ ਨੇ 39 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।