AUS vs NZ : ਸਿਡਨੀ ''ਚ ਸਨਮਾਨ ਬਚਾਉਣ ਉਤਰੇਗਾ ਨਿਊਜ਼ੀਲੈਂਡ
Friday, Jan 03, 2020 - 03:16 AM (IST)

ਸਿਡਨੀ— ਨਿਊਜ਼ੀਲੈਂਡ ਦੀ ਟੀਮ ਤੀਜੇ ਤੇ ਆਖਰੀ ਟੈਸਟ ਮੈਚ ਵਿਚ ਆਸਟਰੇਲੀਆ ਦੇ ਨਿਰਾਸ਼ਾਜਨਕ ਦੌਰੇ 'ਤੇ ਆਪਣਾ ਸਨਮਾਨ ਬਚਾਉਣ ਉਤਰੇਗੀ। ਹਾਲਾਂਕਿ ਖਿਡਾਰੀਆਂ ਨੂੰ ਇੱਥੇ ਜੰਗਲ ਵਿਚ ਲੱਗੀ ਅੱਗ ਦੇ ਧੂੰਏੇਂ ਤੋਂ ਕੁਝ ਪ੍ਰੇਸ਼ਾਨੀ ਹੋ ਸਕਦੀ ਹੈ। ਨਿਊ ਸਾਊਥ ਵੇਲਸ ਵਿਚ ਜੰਗਲ ਵਿਚ ਲੱਗੀ ਅੱਗ ਨਾਲ ਸ਼ਨੀਵਾਰ ਨੂੰ ਮੈਚ ਦੇ ਦੂਜੇ ਦਿਨ ਸਭ ਤੋਂ ਵੱਧ ਚੁਣੌਤੀ ਮਿਲੇਗੀ ਕਿਉਂਕਿ ਇਸ ਦਿਨ ਤਾਪਮਾਨ ਤੇ ਧੂੰਆਂ ਵਧ ਸਕਦਾ ਹੈ। ਕ੍ਰਿਕਟ ਅਧਿਕਾਰੀਆਂ ਲਈ ਧੂੰਏਂ ਦਾ ਮੁੱਦਾ ਵੱਡਾ ਹੈ ਕਿਉਂਕਿ ਇਹ ਇਸ ਸਮੇਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ, ਰਾਜ ਸਰਕਾਰਾਂ ਤੇ ਆਸਟਰੇਲੀਆਈ ਖੇਡ ਸੰਸਥਾ ਦੇ ਹਵਾ ਦੀ ਗੁਣਵੱਤਾ ਸੰਬੰਧਤ ਦਿਸ਼ਾ-ਨਿਰਦੇਸ਼ਾਂ 'ਤੇ ਨਿਰਭਰ ਹੈ। ਫਿਲਹਾਲ 'ਸੁਰੱਖਿਆ' ਕੀ ਹੈ, ਇਸ 'ਤੇ ਸ਼ਸ਼ੋਪੰਜ ਹੈ, ਇਸ ਲਈ ਕ੍ਰਿਕਟ ਆਸਟਰੇਲੀਆ ਤੇ ਖਿਡਾਰੀਆਂ ਦਾ ਸੰਘ ਹਵਾ ਦੀ ਗੁਣਵੱਤਾ 'ਤੇ ਬਿਹਤਰ ਪ੍ਰੋਟੋਕਾਲ ਬਣਾਉਣ 'ਤੇ ਕੰਮ ਕਰ ਰਿਹਾ ਹੈ।
ਜੰਗਲ ਦੀ ਅੱਗ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏੇਂ ਕਾਰਣ ਇਸ ਮਹੀਨੇ ਕੈਨਬਰਾ ਵਿਚ ਬਿੱਗ ਬੈਸ਼ ਲੀਗ ਮੈਚ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਸਮੇਂ ਇਹ ਅੰਪਾਇਰਾਂ ਦੇ ਫੈਸਲੇ 'ਤੇ ਨਿਰਭਰ ਹੋਵੇਗਾ ਕਿ ਹਾਲਾਤ ਸੁਰੱਖਿਅਤ ਹਨ ਜਾਂ ਨਹੀਂ। ਪਰਥ ਤੇ ਮੈਲਬੋਰਨ ਵਿਚ ਪਹਿਲੇ ਦੋ ਟੈਸਟਾਂ ਵਿਚ ਨਿਊਜ਼ੀਲੈਂਡ ਨੂੰ 4 ਦਿਨਾਂ ਦੇ ਅੰਦਰ ਹੀ ਕਰਾਰੀ ਹਾਰ ਝੱਲਣੀ ਪਈ ਸੀ। ਲੜੀ ਗੁਆਉਣ ਤੋਂ ਬਾਅਦ ਉਹ ਹੁਣ ਸਨਮਾਨ ਬਚਾਉਣ ਦੀ ਕੋਸ਼ਿਸ਼ ਵਿਚ ਹੋਵੇਗਾ। ਕੋਚ ਗੈਰੀ ਸਟੇਡ ਨੇ ਵੀ ਮੰਨਿਆ ਹੈ ਕਿ ਮੈਲਬੋਰਨ ਵਿਚ ਨਿਊਜ਼ੀਲੈਂਡ ਦੀ ਟੀਮ ਫਿਰ ਆਸਟਰੇਲੀਆ ਤੋਂ ਪਿੱਛੜ ਗਈ ਹੈ, ਜਿਸ ਵਿਚ ਉਸ ਨੂੰ 247 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਨੂੰ ਹਰ ਸੰਭਵ ਕੋਸ਼ਿਸ਼ ਕਰ ਕੇ ਵਾਪਸੀ ਕਰਨੀ ਪਵੇਗੀ।
ਉਸ ਨੇ ਕਿਹਾ, ''ਸਾਨੂੰ ਕੁਝ ਵਿਭਾਗਾਂ ਵਿਚ ਸੁਧਾਰ ਕਰਨਾ ਪਵੇਗਾ ਤੇ ਆਸਟਰੇਲੀਆ ਨੂੰ ਲੰਬੇ ਸਮੇਂ ਤਕ ਦਬਾਅ ਵਿਚ ਰੱਖਣਾ ਪਵੇਗਾ।'' ਸਟੇਡ ਨੇ ਕਿਹਾ, ''ਆਸਟਰੇਲੀਆ ਕੋਲ ਤਿੰਨ ਗੇਂਦਬਾਜ਼ ਹਨ, ਜਿਹੜੇ 145 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਦੇ ਹਨ ਤੇ ਇਕ ਸਪਿਨਰ (ਨਾਥਨ ਲਿਓਨ) ਹੈ, ਜਿਸ ਨੇ 300 ਟੈਸਟ ਵਿਕਟਾਂ ਹਾਸਲ ਕੀਤੀਆਂ ਹਨ।'' ਉਥੇ ਹੀ ਆਸਟਰੇਲੀਆਈ ਕਪਤਾਨ ਟਿਮ ਪੇਨ ਨੇ ਸਪੱਸ਼ਟ ਕੀਤਾ ਹੈ ਕਿ ਲੜੀ ਜਿੱਤਣ ਦੇ ਬਾਵਜੂਦ ਉਸਦੀ ਟੀਮ ਦੀ ਆਰਾਮ ਕਰਨ ਦੀ ਕੋਈ ਇੱਛਾ ਨਹੀਂ ਹੈ।