Aus open 2021 : ਸੇਰੇਨਾ, ਜੋਕੋਵਿਚ ਤੇ ਨਡਾਲ ਦੀਆਂ ਨਜ਼ਰਾਂ ਇਤਿਹਾਸ ਬਣਾਉਣ ’ਤੇ
Sunday, Feb 07, 2021 - 07:41 PM (IST)
ਮੈਲਬੋਰਨ– ਸਾਲ ਦਾ ਪਹਿਲਾ ਗ੍ਰੈਂਡ ਸਲੈਮ ਆਸਟਰੇਲੀਆਈ ਓਪਨ ਸੋਮਵਾਰ ਨੂੰ ਜਦੋਂ ਇੱਥੇ ਸ਼ੁਰੂ ਹੋਵੇਗਾ ਤਾਂ ਸੇਰੇਨਾ ਵਿਲੀਅਮਸ, ਨੋਵਾਕ ਜੋਕੋਵਿਚ ਤੇ ਰਾਫੇਲ ਨਡਾਲ ਵਰਗੇ ਚੋਟੀ ਦੇ ਖਿਡਾਰੀਆਂ ਦੀਆਂ ਨਜ਼ਰਾਂ ਚੈਂਪੀਅਨ ਬਣਨ ਦੇ ਨਾਲ-ਨਾਲ ਰਿਕਾਰਡ ਬੁੱਕ ਵਿਚ ਨਾਂ ਦਰਜ ਕਰਵਾਉਣ ’ਤੇ ਟਿਕੀਆਂ ਹੋਣਗੀਆਂ।
ਪਿਛਲੇ ਸਾਲ ਅਕਤੂਬਰ ਵਿਚ ਫ੍ਰੈਂਚ ਓਪਨ ਖਿਤਾਬ ਜਿੱਤ ਕੇ ਧਾਕੜ ਰੋਜਰ ਫੈਡਰਰ ਦੇ ਪੁਰਸ਼ ਸਿੰਗਲਜ਼ ਵਿਚ 20 ਗ੍ਰੈਂਡ ਸਲੈਮ ਖਿਤਾਬਾਂ ਦੀ ਬਰਾਬਰੀ ਕਰਨ ਵਾਲਾ ਨਡਾਲ ਆਪਣੇ ਖਿਤਾਬਾਂ ਦੀ ਗਿਣਤੀ 21 ਕਰ ਕੇ ਇਸ ਅੰਕ ਸੂਚੀ ਵਿਚ ਚੋਟੀ ’ਤੇ ਪਹੁੰਚਣਾ ਚਾਹੇਗੀ। ਉਸ ਦੇ ਕੋਲ ਹਰ ਗ੍ਰੈਂਡ ਸਲੈਮ ਨੂੰ ਘੱਟ ਤੋਂ ਘੱਟ ਦੋ ਵਾਰ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਨ ਦਾ ਵੀ ਮੌਕਾ ਹੋਵੇਗਾ। ਫੈਡਰਰ ਗੋਢੇ ਦੇ ਆਪ੍ਰੇਸ਼ਨ ਕਾਰਣ ਇਸ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਰਿਹਾ ਹੈ। ਨਡਾਲ ਵੀ ਪਿੱਠ ਦੀ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ ਪਰ ਉਸ ਨੂੰ ਉਮੀਦ ਹੈ ਕਿ ਉਹ ਇਸ ਨਾਲ ਨਜਿੱਠ ਲਵੇਗਾ।
ਨਡਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਟੂਰਨਾਮੈਂਟ ਦੇ ਦੂਜੇ ਦਿਨ ਮੰਗਲਵਾਰ ਤੋਂ ਕਰੇਗਾ ਤੇ ਉਥੇ ਹੀ ਜੋਕੋਵਿਚ ਤੇ ਸੇਰੇਨਾ ਸੋਮਵਾਰ ਨੂੰ ਆਪਣਾ ਪਹਿਲਾ ਸਿੰਗਲਜ਼ ਮੈਚ ਖੇਡੇਗਾ। 23 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੀ ਸੇਰੇਨਾ ਲੰਬੇ ਸਮੇਂ ਤੋਂ ਮਾਰਗ੍ਰੇਟ ਕੋਰਟ ਦੇ ਸਭ ਤੋਂ ਵੱਧ ਮਹਿਲਾ ਗ੍ਰੈਂਡ ਸਲੈਮ (ਸਿੰਗਲਜ਼ ਵਿਚ 24 ਖਿਤਾਬ) ਰਿਕਾਰਡ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਜੋਕੋਵਿਚ ਦੀਆਂ ਨਜ਼ਰਾਂ 9ਵੇਂ ਆਸਟਰੇਲੀਆਈ ਓਪਨ ਖਿਤਾਬ ਦੇ ਨਾਲ ਆਪਣੇ ਰਿਕਾਰਡ ਵਿਚ ਸੁਧਾਰ ਕਰਨ ਤੋਂ ਇਲਾਵਾ ਏ. ਟੀ. ਪੀ. ਰੈਂਕਿੰਗ ਵਿਚ ਸਭ ਤੋਂ ਵੱਧ ਸਮੇਂ ਤਕ ਚੋਟੀ ’ਤੇ ਰਹਿਣ ਦੇ ਮਾਮਲੇ ਵਿਚ ਫੈਡਰਰ ਨੂੰ ਪਛਾੜਨ ’ਤੇ ਲੱਗੀਆਂ ਹੋਣਗੀਆਂ। ਉਹ ਹੁਣ ਤਕ 17 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕਿਆ ਹੈ ਤੇ ਇਸ ਮਾਮਲੇ ਵਿਚ ਫੈਡਰਰ ਤੇ ਨਡਾਲ ਤੋਂ ਬਾਅਦ ਸਭ ਤੋਂ ਵੱਧ ਖਿਤਾਬ ਜਿੱਤਣ ਵਾਲਾ ਪੁਰਸ਼ ਖਿਡਾਰੀ ਹੈ।
ਕੋਰੋਨਾ ਵਾਇਰਸ ਮਹਾਮਾਰੀ ਦੇ ਸਾਏ ਵਿਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿਚ ਸਟੇਡੀਅਮ ਦੀ ਸਮਰੱਥਾ 50 ਫੀਸਦੀ ਦਰਸ਼ਕਾਂ ਦੀ ਮਨਜ਼ੂਰੀ ਦੇ ਲਈ ਹੋਵੇਗੀ। ਮਹਿਲਾਵਾਂ ਵਿਚ 22 ਸਾਲ ਦੀ ਅਮਰੀਕਾ ਦੀ ਸੋਫੀਆ ਕੇਨਿਨ ਪਹਿਲੀ ਵਾਰ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗੀ। ਪਿਛਲੇ ਸਾਲ ਫ੍ਰੈਂਚ ਓਪਨ ਦੇ ਫਾਈਨਲ ਵਿਚ ਕੇਨਿਨ ਨੂੰ ਹਰਾਉਣ ਵਾਲੀ ਪੋਲੈਂਡ ਦੀ 19 ਸਾਲ ਦੀ ਇਗਾ ਸਿਵਤੇਕ ਵੀ ਚੈਂਪੀਅਨ ਬਣਨ ਤੋਂ ਬਾਅਦ ਪਹਿਲੀ ਵਾਰ ਗ੍ਰੈਂਡ ਸਲੈਮ ਖੇਡੇਗੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।