ਟੀਮ ਇੰਡੀਆ ਦੇ ਇਹ ਖਿਡਾਰੀ ਲਖਨਊ ਦੇ ਅਟਲ ਸਟੇਡੀਅਮ ''ਚ ਲਗਾ ਚੁਕੇ ਹਨ ਸੈਂਕੜਾ
Tuesday, Nov 06, 2018 - 03:11 PM (IST)

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 24 ਸਾਲ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਮੈਚ ਦੀ ਮੇਜ਼ਬਾਨੀ ਕਰ ਰਹੀ ਹੈ। ਟੀਮ ਇੰਡੀਆ ਅਤੇ ਵੈਸਟਇੰਡੀਜ਼ ਵਿਚਕਾਰ ਟੀ-20 ਸੀਰੀਜ਼ ਦਾ ਇਹ ਦੂਜਾ ਮੈਚ ਹੈ, ਜੋ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਣਾ ਹੈ। ਵੈਸੇ ਤਾਂ ਇਹ ਸਟੇਡੀਅਮ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ਦੀ ਮੇਜ਼ਬਾਨੀ ਕਰ ਰਿਹਾ ਹੈ। ਪਰ ਇਕ ਦਿਲਚਸਪ ਜਾਣਕਾਰੀ ਇਹ ਹੈ ਕਿ ਮੌਜੂਦਾ ਟੀਮ 'ਚ ਸ਼ਾਮਲ ਇਕ ਬੱਲੇਬਾਜ਼ ਇਸ ਮੈਦਾਨ 'ਤੇ ਪਹਿਲਾਂ ਹੀ ਸੈਂਕੜਾ ਠੋਕ ਚੁੱਕਿਆ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਸੀਰੀਜ਼ ਲਈ ਟੈਸਟ ਸਕਵਾਡ 'ਚ ਸ਼ਾਮਲ ਇਕ ਨੌਜਵਾਨ ਬੱਲੇਬਾਜ਼ ਵੀ ਇਥੇ ਸੈਂਕੜਾ ਲਗਾ ਚੁੱਕਿਆ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਵੈਸਟਇੰਡੀਜ਼ ਖਿਲਾਫ ਪਿਛਲੀ ਟੀ-20 ਮੈਚ ਦੇ ਹੀਰੋ ਦਿਨੇਸ਼ ਕਾਰਤਿਕ ਅਤੇ ਯੁਵਾ ਓਪਨਰ ਪ੍ਰਿਥਵੀ ਸ਼ਾਅ ਦੀ।
ਜੀ ਹਾਂ, ਇਨ੍ਹਾਂ ਦੋ ਖਿਡਾਰੀਆਂ ਨੇ ਨਾਂ ਸਿਰਫ ਇਸ ਮੈਦਾਨ 'ਤੇ ਸੈਂਕੜਾ ਲਗਾਇਆ, ਬਲਕਿ ਮਿਲ ਕੇ 200 ਤੋਂ ਜ਼ਿਆਦਾ ਸਾਂਝੇਦਾਰੀ ਵੀ ਨਿਭਾਈ, ਦਰਅਸਲ ਪਿੱਛਲੇ ਸਾਲ ਸਤੰਬਰ 'ਚ ਇਸ ਸਟੇਡੀਅਮ ਨੇ ਪਹਿਲੀ ਵਾਰ ਦਲੀਪ ਟ੍ਰਾਫੀ ਦੀ ਮੇਜ਼ਬਾਨੀ ਕੀਤੀ। ਫਾਈਨਲ 'ਚ ਇੰਡੀਆ ਰੈੱਡ ਅਤੇ ਇੰਡੀਆ ਬਲੂ ਦੀਆਂ ਟੀਮਾਂ ਆਹਮੋ-ਸਾਹਮਣੇ ਸੀ। ਇੰਡੀਆ ਰੈੱਡ ਵੱਲੋਂ ਪ੍ਰਿਥਵੀ ਸ਼ਾਅ ਅਤੇ ਦਿਨੇਸ਼ ਕਾਰਤਿਕ ਨੇ ਤੀਜੇ ਵਿਕਟ ਲਈ 211 ਦੌੜਾਂ ਦੀ ਸਾਂਝੇਦਾਰੀ ਕੀਤੀ। ਪ੍ਰਿਥਵੀ ਸ਼ਾਅ ਨੇ 154 ਅਤੇ ਦਿਨੇਸ਼ ਕਾਰਤਿਕ ਨੇ 111 ਦੌੜਾਂ ਬਣਾਈਆਂ। ਇੰਡੀਆ ਰੈੱਡ ਦੇ ਕਪਤਾਨ ਦਿਨੇਸ਼ ਕਾਰਤਿਕ ਅਕਸ਼ੇ ਵਾਰਕੇ ਦੀ ਗੇਂਦ 'ਤੇ 79ਵੇਂ ਓਵਰ 'ਚ 111 ਦੇ ਨਿਜੀ ਸਕੋਰ 'ਤੇ ਐੱਲ.ਬੀ.ਡਬਲਯੂ. ਹੋ ਗਏ। ਕਾਰਤਿਕ ਨੇ 155 ਗੇਂਦਾਂ ਦਾ ਸਾਹਮਣਾ ਕਰਦੇ ਹੋਏ 12 ਚੌਕੇ ਲਗਾਏ। ਉਥੇ ਕਾਰਤਿਕ ਤੋਂ ਬਾਅਦ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਵੀ ਆਪਣੀ ਇਕਾਗਰਤਾ ਗਵਾ ਬੈਠੇ। ਸ਼ਾਅ ਕੈਚ ਆਊਟ ਹੋਏ। ਉਨ੍ਹਾਂ ਨੇ ਆਪਣੀ ਸੈਂਕੜਾ ਪਾਰੀ 'ਚ 249 ਗੇਂਦਾਂ ਦਾ ਸਾਹਮਣਾ ਕਰਦੇ ਹੋਏ 154 ਦੌੜਾਂ ਬਣਾਈਆਂ, ਜਿਸ 'ਚ 18 ਚੌਕੇ ਅਤੇ ਇਕ ਛੱਕਾ ਸ਼ਾਮਲ ਹੈ।