ਐਸੋਸੀਏਟ ਦੇਸ਼ ‘ਮਹਿੰਗੇ’ ਟੈਸਟ ਕ੍ਰਿਕਟ ਨੂੰ ਖੇਡਣਾ ਛੱਡ ਸਕਦੇ ਨੇ : ਵਾਟਮੋਰ
Wednesday, Oct 02, 2024 - 11:04 AM (IST)
ਸ਼ਾਰਜਾਹ, (ਭਾਸ਼ਾ)– ਵਿਸ਼ਵ ਕੱਪ ਜੇਤੂ ਕੋਚ ਡੇਵ ਵਾਟਮੋਰ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਟੈਸਟ ਕ੍ਰਿਕਟ ਦਾ ਸਮਰਥਨ ਕਰਨ ਲਈ ਲੱਖਾਂ ਡਾਲਰ ਵਾਲੀ ਪਹਿਲਕਦਮੀ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਕਈ ਦੇਸ਼, ਵਿਸ਼ੇਸ਼ ਤੌਰ ’ਤੇ ਐਸੋਸੀਏਟ ਦੇਸ਼ ਕ੍ਰਿਕਟ ਦੇ ‘ਮਹਿੰਗੇ’ ਲਾਲ ਗੇਂਦ ਦੇ ਸਵਰੂਪ ਨੂੰ ਪੂਰੀ ਤਰ੍ਹਾਂ ਨਾਲ ਛੱਡ ਸਕਦੇ ਹਨ। ਆਈ. ਸੀ. ਸੀ. ਟੈਸਟ ਕ੍ਰਿਕਟ ਲਈ ਘੱਟ ਤੋਂ ਘੱਟ ਡੇਢ ਕਰੋੜ ਅਮਰੀਕੀ ਡਾਲਰ ਦੇ ਸਮਰਪਿਤ ਫੰਡ ’ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ ਟੈਸਟ ਖਿਡਾਰੀਆਂ ਦੇ ਘੱਟ ਤੋਂ ਘੱਟ ਮੈਚ ਭੁਗਤਾਨ ਵਿਚ ਵਾਧਾ ਹੋਵੇਗਾ ਤੇ ਟੀਮਾਂ ਨੂੰ ਵਿਦੇਸ਼ੀ ਦੌਰਿਆਂ ’ਤੇ ਭੇਜਣ ਦੇ ਖਰਚੇ ਦੀ ਭਰਪਾਈ ਹੋਵੇਗੀ।
ਵਾਟਮੋਰ ਨੇ ਇੱਥੇ ਕਿਹਾ,‘‘ਟੈਸਟ ਕ੍ਰਿਕਟ ਨੂੰ ਬਚਾਉਣਾ ਇਕ ਚੁਣੌਤੀ ਹੈ। ਆਈ. ਸੀ. ਸੀ. ਟੈਸਟ ਮੈਚ ਕ੍ਰਿਕਟ ਵਿਚ ਕਿਸੇ ਤਰ੍ਹਾਂ ਦਾ ਪੱਧਰ ਬਣਾਏ ਰੱਖਣ ਲਈ ਬੇਹੱਦ ਉਤਸ਼ਾਹਿਤ ਹੈ। ਉਨ੍ਹਾਂ ਨੇ ਸੰਘਰਸ਼ ਕਰ ਰਹੇ ਦੇਸ਼ਾਂ ਦੀ ਸਹਾਇਤਾ ਲਈ ਫੰਡ ਤਿਆਰ ਕੀਤਾ ਹੈ। ਇਹ ਸਹੀ ਦਿਸ਼ਾ ਵਿਚ ਚੁੱਕਿਆ ਗਿਆ ਕਦਮ ਹੈ ਪਰ ਮੈਂ ਨਿਸ਼ਚਿਤ ਨਹੀਂ ਹਾਂ ਕਿ ਇਹ ਕਿੰਨਾ ਵਿਹਾਰਕ ਹੋਵੇਗਾ।’’
ਉਸ ਨੇ ਕਿਹਾ,‘‘ਅਜਿਹੇ ਕਈ ਦੇਸ਼ ਹਨ, ਖਾਸ ਤੌਰ ’ਤੇ ਐਸੋਸੀਏਟ ਦੇਸ਼ ਜਿਹੜੇ ਲਾਲ ਗੇਂਦ (ਟੈਸਟ ਕ੍ਰਿਕਟ) ਨੂੰ ਛੱਡ ਕੇ ਸਫੈਦ ਗੇਂਦ (ਸੀਮਤ ਓਵਰਾਂ ਦੀ ਕ੍ਰਿਕਟ) ’ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹਨ।’’ ਵਾਟਮੋਰ ਨੇ ਕਿਹਾ,‘‘ਇਹ ਖੇਡ ਦਾ ‘ਬਹੁਤ ਮਹਿੰਗਾ’ ਸਵਰੂਪ ਹੈ। ਇਸ ਵਿਚ ਕਈ ਦੇਸ਼ ਬਹੁਤ ਸਫਲ ਹਨ ਜਦਕਿ ਕਈ ਸੰਘਰਸ਼ ਕਰਨ ਵਾਲੇ ਵੀ ਹਨ।’’
ਭਾਰਤ, ਆਸਟ੍ਰੇਲੀਆ ਤੇ ਇੰਗਲੈਂਡ ਟੈਸਟ ਕ੍ਰਿਕਟ ਨੂੰ ਪਹਿਲ ਦੇਣ ਵਾਲੇ ਤਿੰਨ ਦੇਸ਼ ਹਨ। ਭਾਰਤ ਦੋਵੇਂ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਵਿਚ ਪਹੁੰਚਿਆ ਹੈ। ਵਾਟਮੋਰ ਨੇ ਕਿਹਾ,‘‘ਅਜਿਹਾ ਲੱਗਦਾ ਹੈ ਕਿ ਇਹ ਤਿੰਨੇ ਦੇਸ਼ ਆਪਣੇ ਘਰੇਲੂ ਲਾਲ ਗੇਂਦ ਟੂਰਨਾਮੈਂਟ ਵਿਚ ਬਹੁਤ ਮਜ਼ਬੂਤ ਹਨ ਤੇ ਇਹ ਕੌਮਾਂਤਰੀ ਪੱਧਰ ’ਤੇ ਵੀ ਨਜ਼ਰ ਆਉਂਦਾ ਹੈ।’’