ਅਸ਼ਵਿਨ ਦੀ ਭਵਿੱਖਬਾਣੀ, IPL 2026 ''ਚ ਇਹ ਭਾਰਤੀ ਖਿਡਾਰੀ ਜਿੱਤੇਗਾ ਔਰੇਂਜ ਕੈਪ
Saturday, Mar 28, 2026 - 03:01 PM (IST)
ਸਪੋਰਟਸ ਡੈਸਕ : ਭਾਰਤ ਦੇ ਤਜਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ IPL 2026 ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ। ਅਸ਼ਵਿਨ ਦਾ ਮੰਨਣਾ ਹੈ ਕਿ ਜੇਕਰ ਕੇ.ਐਲ. ਰਾਹੁਲ ਦਿੱਲੀ ਕੈਪੀਟਲਸ ਲਈ ਓਪਨਿੰਗ ਕਰਦੇ ਹਨ, ਤਾਂ ਉਹ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾ ਕੇ ਔਰੇਂਜ ਕੈਪ ਆਪਣੇ ਨਾਮ ਕਰ ਸਕਦੇ ਹਨ।
"ਓਪਨਿੰਗ ਹੈ ਰਾਹੁਲ ਦੀ ਸਹੀ ਜਗ੍ਹਾ"
ਅਸ਼ਵਿਨ ਨੇ ਕਿਹਾ ਕਿ ਰਾਹੁਲ ਨਵੀਂ ਗੇਂਦ ਦੇ ਖਿਲਾਫ ਸ਼ਾਨਦਾਰ ਬੱਲੇਬਾਜ਼ੀ ਕਰਦੇ ਹਨ ਅਤੇ ਪਾਵਰਪਲੇਅ ਵਿੱਚ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾ ਸਕਦੇ ਹਨ। ਉਨ੍ਹਾਂ ਨੇ ਪਿਛਲੇ ਸੀਜ਼ਨ ਦੀ ਰਣਨੀਤੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਰਾਹੁਲ ਨੂੰ ਮਿਡਲ ਆਰਡਰ ਵਿੱਚ ਖਿਡਾਉਣਾ ਟੀਮ ਦੀ ਵੱਡੀ ਗਲਤੀ ਸੀ। ਉਨ੍ਹਾਂ ਅਨੁਸਾਰ ਰਾਹੁਲ ਤਕਨੀਕੀ ਤੌਰ 'ਤੇ ਬਹੁਤ ਮਜ਼ਬੂਤ ਖਿਡਾਰੀ ਹਨ ਅਤੇ ਉਨ੍ਹਾਂ ਨੂੰ ਨਵੀਂ ਗੇਂਦ ਖੇਡਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ।
ਨਿਸਾਂਕਾ ਦੇ ਨਾਲ ਜੋੜੀ ਬਣ ਸਕਦੀ ਹੈ ਖ਼ਤਰਨਾਕ
ਅਸ਼ਵਿਨ ਨੇ ਸੁਝਾਅ ਦਿੱਤਾ ਕਿ ਕੇ.ਐਲ. ਰਾਹੁਲ ਅਤੇ ਪਥੁਮ ਨਿਸਾਂਕਾ ਦੀ ਓਪਨਿੰਗ ਜੋੜੀ ਦਿੱਲੀ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਦਿੱਲੀ ਕੈਪੀਟਲਸ ਨੂੰ ਸਲਾਹ ਦਿੱਤੀ ਕਿ ਟੀਮ ਨੂੰ ਵਾਰ-ਵਾਰ ਪਲੇਇੰਗ ਇਲੈਵਨ ਅਤੇ ਬੈਟਿੰਗ ਆਰਡਰ ਬਦਲਣ ਦੀ ਗਲਤੀ ਤੋਂ ਬਚਣਾ ਚਾਹੀਦਾ ਹੈ। ਜੇਕਰ ਟੀਮ ਆਪਣੇ ਖਿਡਾਰੀਆਂ ਨੂੰ ਲਗਾਤਾਰ ਮੌਕੇ ਦਿੰਦੀ ਹੈ, ਤਾਂ ਉਹ ਇਸ ਵਾਰ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਬਣ ਸਕਦੀ ਹੈ।
ਸਪੋਰਟ ਸਟਾਫ ਦੀ ਰਣਨੀਤੀ 'ਤੇ ਉੱਠੇ ਸਵਾਲ
ਅਸ਼ਵਿਨ ਨੇ ਸਪੋਰਟ ਸਟਾਫ ਦੀ ਕਾਰਜਸ਼ੈਲੀ 'ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਸਪੋਰਟ ਸਟਾਫ ਵਲੋਂ ਕੀਤੇ ਗਏ ਜ਼ਿਆਦਾ ਬਦਲਾਅ ਟੀਮ 'ਤੇ ਗਲਤ ਅਸਰ ਪਾਉਂਦੇ ਹਨ। ਉਨ੍ਹਾਂ ਨੇ ਆਸ਼ੂਤੋਸ਼ ਸ਼ਰਮਾ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇਕ ਸ਼ਾਨਦਾਰ ਪਾਰੀ ਦੇ ਬਾਵਜੂਦ ਉਨ੍ਹਾਂ ਨੂੰ ਲਗਾਤਾਰ ਮੌਕੇ ਨਹੀਂ ਦਿੱਤੇ ਗਏ। ਦਿੱਲੀ ਦੀ ਗੇਂਦਬਾਜ਼ੀ ਦੀ ਤਾਕਤ ਬਾਰੇ ਗੱਲ ਕਰਦਿਆਂ ਅਸ਼ਵਿਨ ਨੇ ਕਿਹਾ ਕਿ ਟੀਮ ਕੋਲ ਸਟਾਰਕ, ਲੁੰਗੀ ਐਨਗਿਡੀ, ਮੁਕੇਸ਼ ਕੁਮਾਰ, ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਵਰਗੇ ਮਾਹਰ ਗੇਂਦਬਾਜ਼ ਹਨ, ਜਿਸ ਕਾਰਨ ਸਹੀ ਸੁਮੇਲ ਨਾਲ ਦਿੱਲੀ ਦੀ ਟੀਮ ਬਹੁਤ ਖ਼ਤਰਨਾਕ ਬਣ ਸਕਦੀ ਹੈ।
