ਕਾਊਂਟੀ ਮੈਚ ਖੇਡੇਗਾ ਆਰਚਰ, ਭਾਰਤ ਵਿਰੁੱਧ ਖੇਡ ਸਕਦੈ ਦੂਜਾ ਟੈਸਟ

Monday, Jun 23, 2025 - 01:17 AM (IST)

ਕਾਊਂਟੀ ਮੈਚ ਖੇਡੇਗਾ ਆਰਚਰ, ਭਾਰਤ ਵਿਰੁੱਧ ਖੇਡ ਸਕਦੈ ਦੂਜਾ ਟੈਸਟ

ਲੰਡਨ– ਸੱਟਾਂ ਤੋਂ ਪ੍ਰਭਾਵਿਤ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਭਾਰਤ ਵਿਰੁੱਧ 2 ਜੁਲਾਈ ਤੋਂ ਸ਼ੁਰੂ ਹੋ ਰਿਹਾ ਦੂਜਾ ਟੈਸਟ ਖੇਡ ਸਕਦਾ ਹੈ ਕਿਉਂਕਿ ਉਹ ਡਰਹਮ ਵਿਚ ਸਸੈਕਸ ਲਈ ਕਾਊਂਟੀ ਚੈਂਪੀਅਨਸ਼ਿਪ ਮੈਚ ਖੇਡਣ ਜਾ ਰਿਹਾ ਹੈ। ਭਾਰਤ ਵਿਰੁੱਧ ਐਂਡਰਸਨ-ਤੇਂਦੁਲਕਰ ਟਰਾਫੀ ਦੇ ਪਹਿਲੇ ਟੈਸਟ ਵਿਚ ਆਰਚਰ ਤੇ ਮਾਰਕ ਵੁੱਡ ਦੇ ਬਿਨਾਂ ਇੰਗਲੈਂਡ ਦਾ ਗੇਂਦਬਾਜ਼ੀ ਹਮਲਾ ਕਮਜ਼ੋਰ ਦਿਖਾਈ ਦਿੱਤਾ।

ਇਕ ਰਿਪੋਰਟ ਅਨੁਸਾਰ ਜੋਫ੍ਰਾ ਆਰਚਰ ਸਸੈਕਸ ਲਈ ਲਾਲ ਗੇਂਦ ਦੀ ਕ੍ਰਿਕਟ ਵਿਚ ਵਾਪਸੀ ਕਰੇਗਾ ਹਾਲਾਂਕਿ ਉਸਦਾ ਨਾਂ ਕਾਊਂਟੀ ਚੈਂਪੀਅਨਸ਼ਿਪ ਦੇ ਇਸ ਮੈਚ ਦੀ ਟੀਮ ਵਿਚ ਨਹੀਂ ਸੀ। ਜੇਕਰ ਉਹ ਮੈਚ ਖੇਡਦਾ ਹੈ ਤਾਂ ਭਾਰਤ ਵਿਰੁੱਧ ਐਡਬਸਟਨ ਵਿਚ ਦੂਜੇ ਟੈਸਟ ਦੀ ਟੀਮ ਵਿਚ ਸ਼ਾਮਲ ਹੋ ਸਕਦਾ ਹੈ।

ਇੰਗਲੈਂਡ ਵੇਲਸ ਕ੍ਰਿਕਟ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਕਾਊਂਟੀ ਮੈਚ ਲਈ ਸਸੈਕਸ ਟੀਮ ਵਿਚ ਹੋਵੇਗਾ। ਆਈ. ਪੀ. ਐੱਲ. 2025 ਵਿਚ ਰਾਜਸਥਾਨ ਰਾਇਲਜ਼ ਲਈ ਖੇਡਣ ਵਾਲਾ ਆਰਚਰ ਸੱਟਾਂ ਕਾਰਨ 4 ਸਾਲ ਤੋਂ ਪਹਿਲੀ ਸ਼੍ਰੇਣੀ ਕ੍ਰਿਕਟ ਨਹੀਂ ਖੇਡਿਆ ਹੈ। ਆਰਚਰ ਨੇ 2021 ਤੋਂ ਇੰਗਲੈਂਡ ਲਈ ਸਿਰਫ ਸਫੈਦ ਗੇਂਦ ਦੇ ਰੂਪ ਵਿਚ ਖੇਡਿਆ ਹੈ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਿਹਾ ਸੀ ਕਿ ਆਰਚਰ ਲਾਲ ਗੇਂਦ ਦੀ ਕ੍ਰਿਕਟ ਵਿਚ ਵਾਪਸੀ ਕਰਨੀ ਚਾਹੁੰਦਾ ਹੈ।

ਉਸ ਨੇ ਕਿਹਾ ਸੀ ਕਿ ਕਈ ਵਾਰ ਉਹ ਮੈਨੂੰ ਮੈਸੇਜ ਭੇਜਦਾ ਹੈ। ਮੈਂ ਉਸ ਨੂੰ ਇਹ ਹੀ ਸਲਾਹ ਦਿੱਤੀ ਕਿ ਕਾਹਲੀ ਨਾ ਕਰੇ। ਉਹ ਸੱਟਾਂ ਤੋਂ ਕਾਫੀ ਪ੍ਰੇਸ਼ਾਨ ਰਿਹਾ ਹੈ। ਉਸਦੀ ਵਾਪਸੀ ਇੰਗਲੈਂਡ ਲਈ ਰੋਮਾਂਚਕ ਹੋਵੇਗੀ। ਉਮੀਦ ਹੈ ਕਿ ਉਹ ਟੈਸਟ ਕ੍ਰਿਕਟ ਵਿਚ ਚੋਣ ਲਈ ਉਪਲੱਬਧ ਹੋਵੇਗਾ।


author

Hardeep Kumar

Content Editor

Related News