ਤੀਰਅੰਦਾਜ਼ ਵੇਨਮ ਵਿਸ਼ਵ ਰੈਂਕਿੰਗ ’ਚ ਚੌਥੇ ਸਥਾਨ ’ਤੇ, ਭਾਰਤ ਕੁਆਲੀਫਾਇੰਗ ਦੌਰ ਵਿਚ ਦੂਜੇ ਸਥਾਨ ’ਤੇ

05/21/2024 7:35:24 PM

ਯੇਚਿਓਨ (ਦੱਖਣੀ ਕੋਰੀਆ), (ਭਾਸ਼ਾ)- ਏਸ਼ੀਆਈ ਖੇਡਾਂ ਦੀ ਚੈਂਪੀਅਨ ਜਯੋਤੀ ਸੁਰੇਖਾ ਵੇਨਮ ਦੇ ਚੌਥੇ ਸਥਾਨ ’ਤੇ ਰਹਿਣ ਨਾਲ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਦੂਜੇ ਗੇੜ ਵਿਚ ਭਾਰਤੀ ਕੰਪਾਊਂਡ ਮਹਿਲਾ ਟੀਮ ਕੁਆਲੀਫਆਇੰਗ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਪਹੁੰਚ ਗਈ।

ਵਿਸ਼ਵ ਕੱਪ ਵਿਚ ਸੈਸ਼ਨ ਤੋਂ ਪਹਿਲਾਂ ਸ਼ੰਘਾਈ ਗੇੜ ਵਿਚ ਸੋਨ ਤਮਗਿਆਂ ਦੀ ਹੈਟ੍ਰਿਕ ਲਗਾਉਣ ਤੋਂ ਬਾਅਦ ਜਯੋਤੀ ਟਾਪ-3 ਵਿਚ ਰਹਿਣ ਨਾਲ ਤਿੰਨ ਅੰਕਾਂ ਤੋਂ ਖੁੰਝ ਗਈ। ਉਹ ਤੀਜੇ ਸਥਾਨ ’ਤੇ ਰਹੀ ਦੱਖਣੀ ਕੋਰੀਆ ਦੀ ਓਹ ਯੁਹਯੁਨ (707 ਅੰਕ) ਤੋਂ 3 ਅੰਕ ਪਿੱਛੇ ਰਹਿ ਗਈ। ਹਾਨ ਸਿਯੁੰਗਿਯੋਨ ਪਹਿਲੇ ਤੇ ਮਾਰੀਆ ਸ਼ਕੋਲਨਾ ਦੂਜੇ ਸਥਾਨ ’ਤੇ ਰਹੀਆਂ। ਭਾਰਤ ਦੀ ਪ੍ਰਣੀਤ ਕੌਰ 8ਵੇਂ ਤੇ ਵਿਸ਼ਵ ਚੈਂਪੀਅਨ ਅਦਿੱਤੀ ਸਵਾਮੀ 15ਵੇਂ ਸਥਾਨ ’ਤੇ ਰਹੀ।

ਭਾਰਤੀ ਟੀਮ ਦੱਖਣੀ ਕੋਰੀਆ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਭਾਰਤ ਨੂੰ ਕੁਆਰਟਰ ਫਾਈਨਲ ਵਿਚ ਬਾਈ ਮਿਲੇਗੀ ਜਿੱਥੇ ਉਸਦਾ ਸਾਹਮਣਾ 7ਵਾਂ ਦਰਜਾ ਪ੍ਰਾਪਤ ਇਟਲੀ ਨਾਲ ਹੋਵੇਗਾ। ਕੰਪਾਊਂਡ ਪੁਰਸ਼ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਤੇ ਪ੍ਰਿਯਾਂਸ਼ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 16ਵੇਂ ਸਥਾਨ ’ਤੇ ਰਿਹਾ। ਪ੍ਰਥਮੇਸ਼ ਫੁਗੇ 20ਵੇਂ ਤੇ ਵਿਸ਼ਵ ਕੱਪ ਦਾ ਸੋਨ ਤਮਗਾ ਜੇਤੂ ਅਭਿਸ਼ੇਕ ਵਰਮਾ 24ਵੇਂ ਸਥਾਨ ’ਤੇ ਰਿਹਾ। ਮਿਕਸਡ ਟੀਮ ਵਿਚ ਪ੍ਰਿਯਾਂਸ਼ ਤੇ ਜਯੋਤੀ ਚੌਥੇ ਸਥਾਨ ’ਤੇ ਰਹੇ। ਰਿਕਰਵ ਵਰਗ ਵਿਚ ਕੁਆਲੀਫਾਇਰ ਬੁੱਧਵਾਰ ਨੂੰ ਸ਼ੁਰੂ ਹੋਣਗੇ। ਭਾਰਤ ਪਹਿਲੇ ਗੇੜ ਵਿਚ 5 ਸੋਨ, 2 ਚਾਂਦੀ ਤੇ 1 ਕਾਂਸੀ ਤਮਗੇ ਨਾਲ ਚੋਟੀ ’ਤੇ ਰਿਹਾ ਸੀ।


Tarsem Singh

Content Editor

Related News