BCCI ਦੇ ਨਵੇਂ ਸਕੱਤਰ ਦੀ ਨਿਯੁਕਤੀ ਸਿਖਰ ਕੌਂਸਲ ਦੇ ਏਜੰਡੇ ਦਾ ਹਿੱਸਾ ਨਹੀਂ
Tuesday, Sep 24, 2024 - 11:54 AM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਸਿਖਰ ਕੌਂਸਲ ਬੁੱਧਵਾਰ ਨੂੰ ਬੋਰਡ ਦੇ ਕੰਮਕਾਜ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕਰੇਗੀ ਪਰ ਸਾਬਕਾ ਸਕੱਤਰ ਜੈ ਸ਼ਾਹ ਦੀ ਜਗ੍ਹਾ ਨਵੇਂ ਸਕੱਤਰ ਦੀ ਨਿਯੁਕਤੀ ਏਜੰਡੇ ਵਿੱਚ ਸ਼ਾਮਲ ਨਹੀਂ ਹੈ। ਪੰਜ ਦਿਨਾਂ ਵਿੱਚ ਬੈਂਗਲੁਰੂ ਵਿੱਚ ਹੋਣ ਵਾਲੀ ਬੋਰਡ ਦੀ 93ਵੀਂ ਸਾਲਾਨਾ ਆਮ ਮੀਟਿੰਗ (ਏਜੀਐੱਮ) ਤੋਂ ਪਹਿਲਾਂ ਇਹ ਸਿਖਰ ਕੌਂਸਲ ਦੀ ਆਖ਼ਰੀ ਮੀਟਿੰਗ ਹੋਵੇਗੀ। ਸ਼ਾਹ ਦੇ ਆਈਸੀਸੀ ਚੇਅਰਮੈਨ ਵਜੋਂ ਸਰਬਸੰਮਤੀ ਨਾਲ ਚੁਣੇ ਜਾਣ ਤੋਂ ਬਾਅਦ ਨਵੇਂ ਸਕੱਤਰ ਦੀ ਨਿਯੁਕਤੀ ਜ਼ਰੂਰੀ ਹੋ ਗਈ ਹੈ।
ਹਾਲਾਂਕਿ ਉਹ ਆਗਾਮੀ ਏਜੀਐੱਮ ਦੌਰਾਨ ਬੀਸੀਸੀਆਈ ਸਕੱਤਰ ਦੇ ਤੌਰ 'ਤੇ ਆਪਣੀ ਮੌਜੂਦਾ ਭੂਮਿਕਾ ਤੋਂ ਨਹੀਂ ਹੱਟਣਗੇ ਕਿਉਂਕਿ ਉਨ੍ਹਾਂ ਨੂੰ 1 ਦਸੰਬਰ ਤੋਂ ਹੀ ਆਈਸੀਸੀ ਵਿੱਚ ਆਪਣਾ ਨਵਾਂ ਅਹੁਦਾ ਸੰਭਾਲਣਾ ਹੈ। ਪਰ ਨਾਮਜ਼ਦਗੀ ਪ੍ਰਕਿਰਿਆ 'ਤੇ ਚਰਚਾ ਵੀ ਸਿਖਰ ਕੌਂਸਲ ਦੇ ਏਜੰਡੇ ਵਿਚ ਸੂਚੀਬੱਧ ਅੱਠ ਆਈਟਮਾਂ ਦਾ ਹਿੱਸਾ ਨਹੀਂ ਹਨ, ਜਿਸ ਵਿਚ ਬਾਇਜੂ ਦੇ ਕੇਸ 'ਤੇ ਅਪਡੇਟ ਸ਼ਾਮਲ ਹੈ। ਬੀਸੀਸੀਆਈ ਦਾ ਆਪਣੇ ਸਾਬਕਾ ਟਾਈਟਲ ਸਪਾਂਸਰ ਬਾਇਜੂ ਨਾਲ ਭੁਗਤਾਨ ਨਿਪਟਾਰੇ ਨੂੰ ਲੈ ਕੇ ਵਿਵਾਦ ਹੈ। ਇਸ ਸੰਕਟਗ੍ਰਸਤ ਐਡਟੈਕ ਫਰਮ ਨੇ ਬੀਸੀਸੀਆਈ ਨਾਲ ਪਿਛਲੇ ਸਾਲ ਮਾਰਚ ਵਿੱਚ ਸਪਾਂਸਰਸ਼ਿਪ ਸੌਦਾ ਖਤਮ ਕਰ ਦਿੱਤਾ ਸੀ।
ਬਾਇਜੂ ਰਵੀਂਦਰਨ ਦੁਆਰਾ ਸਹਿ-ਸਥਾਪਿਤ ਇਸ ਬੰਗਲੁਰੂ ਸਥਿਤ ਕੰਪਨੀ ਨੇ ਸ਼ੁਰੂਆਤ ਵਿੱਚ ਮਾਰਚ 2019 ਵਿੱਚ ਤਿੰਨ ਸਾਲਾਂ ਲਈ ਜਰਸੀ ਸਪਾਂਸਰਸ਼ਿਪ ਸੌਦੇ 'ਤੇ ਹਸਤਾਖਰ ਕੀਤਾ ਸੀ ਜਿਸ ਨੂੰ ਬਾਅਦ ਵਿੱਚ ਕਥਿਤ ਤੌਰ 'ਤੇ ਪੰਜ ਕਰੋੜ 50 ਲੱਖ ਡਾਲਰ ਦੀ ਰਾਸ਼ੀ ਲਈ ਇਕ ਹੋਰ ਸਾਲ ਲਈ ਵਧਾ ਦਿੱਤਾ ਗਿਆ ਸੀ। ਭੁਗਤਾਨ ਸਤੰਬਰ 2022 ਤੱਕ ਕੀਤਾ ਗਿਆ ਸੀ ਪਰ ਵਿਵਾਦ ਅਕਤੂਬਰ 2022 ਤੋਂ ਮਾਰਚ 2023 ਤੱਕ ਦੇ ਬਕਾਏ ਦੇ ਭੁਗਤਾਨ ਨੂੰ ਲੈ ਕੇ ਹੈ।
ਬੈਂਗਲੁਰੂ ਦੇ ਬਾਹਰੀ ਇਲਾਕੇ 'ਚ ਅਤਿ-ਆਧੁਨਿਕ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨਸੀਏ) ਦੇ ਉਦਘਾਟਨ 'ਤੇ ਵੀ ਚਰਚਾ ਹੋਵੇਗੀ। ਵਰਤਮਾਨ ਵਿੱਚ ਐੱਨਸੀਏ ਦੋ ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਆਪਣੀ ਸਥਾਪਨਾ ਤੋਂ ਬਾਅਦ ਤੋਂ ਐੱਮ ਚਿੰਨਾਸਵਾਮੀ ਸਟੇਡੀਅਮ ਕੰਪਲੈਕਸ ਵਿੱਚ ਕੰਮ ਕਰਦਾ ਹੈ। ਮੁੰਬਈ ਵਿੱਚ ਬੀਸੀਸੀਆਈ ਹੈੱਡਕੁਆਰਟਰ ਦੇ ਬਾਹਰਲੇ ਹਿੱਸੇ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨਾ ਅਤੇ ਨਾਰਥ ਈਸਟ ਡਿਵੈਲਪਮੈਂਟ ਪ੍ਰੋਜੈਕਟ ਨੂੰ ਮਨਜ਼ੂਰੀ ਦੇਣਾ ਵੀ ਏਜੰਡੇ ਦਾ ਹਿੱਸਾ ਹੈ।