ਆਸਟਰੇਲੀਆਈ ਪ੍ਰਧਾਨ ਮੰਤਰੀ ਨੇ ਕੀਤੀ ਅਪੀਲ, ਕ੍ਰਿਕਟ ''ਚ ਸਲੇਜ਼ਿੰਗ ਵੀ ਬੰਦ ਹੋਵੇ
Wednesday, Mar 28, 2018 - 03:50 AM (IST)

ਸਿਡਨੀ— ਆਸਟਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਗੇਂਦ ਨਾਲ ਛੇੜਖਾਨੀ ਮਾਮਲੇ ਤੋਂ ਬਾਅਦ ਕ੍ਰਿਕਟ ਦਾ ਅਕਸ ਸੁਧਾਰਨ ਦੀ ਕਵਾਇਦ ਤਹਿਤ ਅੱਜ ਇਸ ਖੇਡ 'ਚ ਸਲੇਜ਼ਿੰਗ ਬੰਦ ਕਰਨ ਦੀ ਅਪੀਲ ਕੀਤੀ। ਟਰਨਬੁਲ ਨੇ ਧੋਖਾਧੜੀ ਦੇ ਮਾਮਲੇ ਨੂੰ 'ਆਸਟਰੇਲੀਆਈ ਲਈ ਸ਼ਰਮਨਾਕ' ਕਰਾਰ ਦਿੱਤਾ। ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੇ ਮੰਨਿਆ ਸੀ ਕਿ ਉਸ ਦੀ ਟੀਮ ਨੇ ਦੱਖਣੀ ਅਫਰੀਕਾ ਵਿਰੁੱਧ ਤੀਜੇ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜਖਾਨੀ ਦੀ ਯੋਜਨਾ ਬਣਾਈ ਸੀ। ਪ੍ਰਧਾਨ ਮੰਤਰੀ ਨੇ ਕ੍ਰਿਕਟ ਆਸਟਰੇਲੀਆ ਤੋਂ ਇਸ ਮਾਮਲੇ 'ਚ ਫੈਸਲਾਕੁੰਨ ਤੌਰ 'ਤੇ ਕੰਮ ਕਰਨ ਦੀ ਮੰਗ ਕੀਤੀ ਹੈ।
ਟਰਨਬੁਲ ਨੇ ਕਿਹਾ ਕਿ ਜੇਕਰ ਕ੍ਰਿਕਟ ਨੂੰ ਫਿਰ ਤੋਂ ਆਦਰਸ਼ ਖੇਡ ਬਣਾਉਣਾ ਹੈ ਤਾਂ ਕ੍ਰਿਕਟ ਸੰਸਥਾਵਾਂ ਨੂੰ ਸਲੇਜ਼ਿੰਗ 'ਤੇ ਰੋਕ ਲਾਉਣੀ ਚਾਹੀਦੀ ਹੈ। ਉਨ੍ਹਾਂ ਕੈਨਬਰਾ 'ਚ ਪੱਤਰਕਾਰਾਂ ਨੂੰ ਕਿਹਾ, ''ਮੇਰਾ ਮੰਨਣਾ ਹੈ ਕਿ ਸਲੇਜ਼ਿੰਗ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਕੰਟਰੋਲ 'ਚੋਂ ਬਾਹਰ ਹੋ ਚੁੱਕੀ ਹੈ। ਇਸ ਦਾ ਕ੍ਰਿਕਟ 'ਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ।''