ਅੰਸ਼ੁਲ ਕੰਬੋਜ ਇਕ ਪਾਰੀ ’ਚ ਸਾਰੀਆਂ 10 ਵਿਕਟਾਂ ਲੈਣ ਵਾਲਾ ਤੀਜਾ ਗੇਂਦਬਾਜ਼ ਬਣਿਆ
Saturday, Nov 16, 2024 - 01:00 PM (IST)
ਲਾਹਲੀ (ਹਰਿਆਣਾ)– ਹਰਿਆਣਾ ਦਾ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਸ਼ੁੱਕਰਵਾਰ ਨੂੰ ਰਣਜੀ ਟਰਾਫੀ ਦੇ ਇਤਿਹਾਸ ਵਿਚ ਇਕ ਪਾਰੀ ਵਿਚ ਸਾਰੀਆਂ 10 ਵਿਕਟਾਂ ਲੈਣ ਵਾਲਾ ਤੀਜਾ ਗੇਂਦਬਾਜ਼ ਬਣ ਗਿਆ। ਇਸ 23 ਸਾਲਾ ਗੇਂਦਬਾਜ਼ ਨੇ ਕੇਰਲ ਵਿਰੁੱਧ ਗਰੁੱਪ-ਸੀ ਦੇ ਮੈਚ ਵਿਚ ਇਹ ਉਪਲੱਬਧੀ ਹਾਸਲ ਕੀਤੀ। ਉਸ ਨੇ 30.1 ਓਵਰਾਂ ਵਿਚ 49 ਦੌੜਾਂ ਦੇ ਕੇ 10 ਵਿਕਟਾਂ ਲਈਆਂ।
ਰਣਜੀ ਟਰਾਫੀ ਵਿਚ ਉਸ ਤੋਂ ਪਹਿਲਾਂ ਬੰਗਾਲ ਦੇ ਪ੍ਰੇਮਾਂਗਸ਼ੂ ਚੈਟਰਜੀ (20 ਦੌੜਾਂ ਦੇ ਕੇ 10 ਵਿਕਟਾਂ, ਬੰਗਾਲ ਬਨਾਮ ਅਸਾਮ, 1956) ਤੇ ਰਾਜਸਥਾਨ ਦੇ ਪ੍ਰਦੀਪ ਸੁੰਦਰਮ (78 ਦੌੜਾਂ ਦੇ ਕੇ 10 ਵਿਕਟਾਂ, ਰਾਜਸਥਾਨ ਬਨਾਮ ਵਿਦਰਭ, 1985) ਨੇ ਇਹ ਉਪਲੱਬਧੀ ਹਾਸਲ ਕੀਤੀ ਸੀ। ਕੁੱਲ ਮਿਲਾ ਕੇ ਕੰਬੋਜ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 10 ਵਿਕਟਾਂ ਲੈਣ ਵਾਲਾ 6ਵਾਂ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਅਨਿਲ ਕੁੰਬਲੇ, ਸੁਭਾਸ਼ ਗੁਪਤੇ ਤੇ ਦੇਬਾਸ਼ੀਸ਼ ਮੋਹੰਤੀ ਇਸ ਸੂਚੀ ਵਿਚ ਸ਼ਾਮਲ ਹੋਰ ਗੇਂਦਬਾਜ਼ ਹਨ।
ਤੇਜ਼ ਗੇਂਦਬਾਜ਼ ਕੰਬੋਜ ਨੂੰ ਤੀਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਇਹ ਉਪਲੱਬਧੀ ਹਾਸਲ ਕਰਨ ਲਈ ਸਿਰਫ 2 ਵਿਕਟਾਂ ਦੀ ਲੋੜ ਸੀ। ਉਸ ਨੇ ਬਾਸਿਲ ਥਾਂਪੀ ਤੇ ਸ਼ਾਨ ਰੋਜਰ ਦੀਆਂ ਵਿਕਟਾਂ ਲੈ ਕੇ ਰਿਕਾਰਡ ਬੁੱਕ ਵਿਚ ਆਪਣਾ ਨਾਂ ਦਰਜ ਕਰਵਾਇਆ। ਉਸਦੀ ਇਸ ਸ਼ਾਨਦਾਰ ਗੇਂਦਬਾਜ਼ੀ ਨਾਲ ਹਰਿਆਣਾ ਨੇ ਕੇਰਲ ਨੂੰ ਪਹਿਲੀ ਪਾਰੀ ਵਿਚ 291 ਦੌੜਾਂ ’ਤੇ ਆਊਟ ਕਰ ਦਿੱਤਾ। ਇਸ ਦੌਰਾਨ ਕੰਬੋਜ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 50 ਵਿਕਟਾਂ ਵੀ ਪੂਰੀਆਂ ਕੀਤੀਆਂ।