ਭਾਰਤੀ ਟੀਮ ਦੇ ਸਹਿਯੋਗੀ ਸਟਾਫ਼ ਦਾ ਇਕ ਹੋਰ ਮੈਂਬਰ ਨਿਕਲਿਆ ਕੋਰੋਨਾ ਪਾਜ਼ੇਟਿਵ, ਟੀਮ ਨੇ ਰੋਕਿਆ ਅਭਿਆਸ
Thursday, Sep 09, 2021 - 05:19 PM (IST)
ਮੈਨਚੈਸਟਰ (ਭਾਸ਼ਾ): ਭਾਰਤੀ ਟੀਮ ਦੇ ਸਹਿਯੋਗੀ ਸਟਾਫ਼ ਦੇ ਇਕ ਮੈਂਬਰ ਦਾ ਕੋਵਿਡ-19 ਲਈ ਕੀਤਾ ਗਿਆ ਟੈਸਟ ਪਾਜ਼ੇਟਿਵ ਆਇਆ ਹੈ, ਜਿਸ ਕਾਰਨ ਟੀਮ ਨੂੰ ਇੰਗਲੈਂਡ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ 5ਵੇਂ ਅਤੇ ਆਖ਼ਰੀ ਟੈਸਟ ਮੈਚ ਤੋਂ ਪਹਿਲਾਂ ਆਪਣਾ ਅਭਿਆਸ ਸੈਸ਼ਨ ਰੱਦ ਕਰਨ ਲਈ ਮਜ਼ਬੂਰ ਹੋਣਾ ਪਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਅਧਿਕਾਰੀ ਨੇ ਪੀ.ਟੀ.ਆਈ. ਨੂੰ ਇਸ ਦੀ ਜਾਣਕਾਰੀ ਦਿੱਤੀ ਪਰ ਸਹਿਯੋਗੀ ਸਟਾਫ਼ ਦੇ ਮੈਂਬਰ ਦੀ ਪਛਾਣ ਉਜਾਗਰ ਨਹੀਂ ਹੋ ਸਕੀ ਹੈ। ਖਿਡਾਰੀਆਂ ਨੂੰ ਆਪਣੇ ਕਮਰਿਆਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ: IPL ਦੇ ਦੂਜੇ ਪੜਾਅ ’ਚ 30,000 RTPCR ਟੈਸਟ ਕਰਾਏਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਕੋਚ ਰਵੀ ਸ਼ਾਸਤਰੀ ਚੌਥੇ ਟੈਸਟ ਮੈਚ ਦੌਰਾਨ ਕੋਵਿਡ-19 ਲਈ ਪਾਜ਼ੇਟਿਵ ਪਾਏ ਗਏ ਸੀ ਅਤੇ ਉਹ ਪਹਿਲਾਂ ਹੀ ਇਕਾਂਤਵਾਸ ਵਿਚ ਹਨ। ਫੀਲਡਿੰਗ ਕੋਚ ਆਰ ਸ਼੍ਰੀਧਰ, ਗੇਂਦਬਾਜ਼ੀ ਕੋਚ ਭਰਤ ਅਰੁਣ ਅਤੇ ਫਿਜ਼ੀਓ ਨਿਤਿਨ ਪਟੇਲ ਵੀ ਲੰਡਨ ਵਿਚ ਇਕਾਂਤਵਾਸ ਵਿਚ ਹਨ। ਭਾਰਤ ਨੇ ਓਵਲ ਵਿਚ ਜਦੋਂ 5ਵੇਂ ਦਿਨ ਮੈਚ ਜਿੱਤਿਆ ਸੀ ਤਾਂ ਸਿਰਫ਼ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਟੀਮ ਨਾਲ ਸਨ। ਭਾਰਤ ਇਸ ਵੇਲੇ 5 ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਅੱਗੇ ਚੱਲ ਰਿਹਾ ਹੈ ਪਰ ਇਸ ਨਵੇਂ ਘਟਨਾਕ੍ਰਮ ਨਾਲ 5ਵੇਂ ਅਤੇ ਆਖ਼ਰੀ ਟੈਸਟ ਮੈਚ ’ਤੇ ਸ਼ੱਕ ਦੇ ਬੱਦਲ ਮੰਡਰਾਉਣ ਲੱਗੇ ਹਨ।
ਇਹ ਵੀ ਪੜ੍ਹੋ: ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਦੇ ਜੀਵਨ ’ਤੇ ਬਣੇਗੀ ਬਾਇਓਪਿਕ, ਖ਼ੁਦ ‘ਦਾਦਾ’ ਨੇ ਕੀਤਾ ਖ਼ੁਲਾਸਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।