ਆਸਟਰੇਲੀਆ ਦੌਰੇ ਲਈ ਭਾਰਤ ਦੀ 18 ਮੈਂਬਰੀ ਟੀਮ ਦਾ ਐਲਾਨ
Tuesday, Apr 30, 2019 - 09:47 PM (IST)

ਨਵੀਂ ਦਿੱਲੀ— ਹਾਕੀ ਇੰਡੀਆ (ਐੱਚ. ਆਈ.) ਨੇ ਮੰਗਲਵਾਰ 10 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਸਟਰੇਲੀਆ ਦੌਰੇ ਲਈ 18 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਦੀ ਕਪਤਾਨੀ ਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ। ਇਹ ਨਵ-ਨਿਯੁਕਤ ਕੋਚ ਗ੍ਰਾਹਮ ਰੀਡ ਦਾ ਟੀਮ ਨਾਲ ਪਹਿਲਾ ਦੌਰਾ ਹੈ। ਆਸਟਰੇਲੀਆ ਦੌਰੇ ਵਿਚ ਮਨਪ੍ਰੀਤ ਦੇ ਨਾਲ ਸੁਰਿੰਦਰ ਕੁਮਾਰ ਉਪ-ਕਪਤਾਨ ਦੀ ਭੂਮਿਕਾ ਨਿਭਾਏਗਾ, ਜਦਕਿ ਡ੍ਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਦੀ 8 ਮਹੀਨਿਆਂ ਬਾਅਦ ਟੀਮ ਵਿਚ ਵਾਪਸੀ ਹੋਈ ਹੈ। ਉਸ ਨੇ ਆਖਰੀ ਵਾਰ 18ਵੀਆਂ ਏਸ਼ੀਆਈ ਖੇਡਾਂ ਵਿਚ ਹਿੱਸਾ ਲਿਆ ਸੀ। ਪਰਥ ਵਿਚ ਦੌਰੇ ਦੀ ਸ਼ੁਰੂਆਤ 10 ਮਈ ਤੋਂ ਹੋਵੇਗੀ, ਜਿੱਥੇ ਦੋਵੇਂ ਟੀਮਾਂ ਚਾਰ ਮੈਚ ਖੇਡਣਗੀਆਂ। ਭਾਰਤ ਨੇ ਇਸ ਸਾਲ ਮਾਰਚ ਵਿਚ 28ਵੇਂ ਸੁਲਤਾਨ ਅਜਲਾਨ ਸ਼ਾਹ ਕੱਪ ਵਿਚ ਚਾਂਦੀ ਤਮਗੇ ਨਾਲ ਸੈਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਟੀਮ ਵਿਚ ਕਈ ਨੌਜਵਾਨ ਖਿਡਾਰੀਆਂ ਨੂੰ ਚੁਣਿਆ ਗਿਆ ਸੀ, ਜਿਨ੍ਹਾਂ ਨੇ ਕੋਰੀਆ, ਜਾਪਾਨ, ਕੈਨੇਡਾ, ਪੋਲੈਂਡ ਤੇ ਮਲੇਸ਼ੀਆ ਵਿਰੁੱਧ ਆਪਣੀ ਪ੍ਰਤਿਭਾ ਦਿਖਾਈ। ਆਸਟਰੇਲੀਆ ਦੌਰੇ ਵਿਚ ਵੀ ਨੌਜਵਾਨ ਤੇ ਤਜਰਬੇਕਾਰ ਖਿਡਾਰੀਆਂ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ, ਜਿਹੜੀ ਓਡਿਸ਼ਾ ਦੇ ਭੁਵਨੇਸ਼ਵਰ ਵਿਚ ਇਸ ਸਾਲ ਹੋਣ ਵਾਲੇ ਐੱਫ. ਆਈ. ਐੱਚ. ਪੁਰਸ਼ ਹਾਕੀ ਸੀਰੀਜ਼ ਫਾਈਨਲ ਤੋਂ ਪਹਿਲਾਂ ਖੁਦ ਨੂੰ ਸਾਬਤ ਕਰਨ ਦਾ ਮੌਕਾ ਦੇਵੇਗਾ।
ਟੀਮ ਇਸ ਤਰ੍ਹਾਂ ਹੈ : ਗੋਲਕੀਪਰ-ਕ੍ਰਿਸ਼ਣ ਬੀ. ਪਾਠਕ, ਪੀ. ਆਰ. ਸ਼੍ਰੀਜੇਸ਼।
ਡਿਫੈਂਡਰ-ਰੁਪਿੰਦਰਪਾਲ ਸਿੰਘ, ਸੁਰਿੰਦਰ ਕੁਮਾਰ (ਉਪ ਕਪਤਾਨ), ਹਰਮਨਪ੍ਰੀਤ ਸਿੰਘ, ਬਰਿੰਦਰ ਲਾਕੜਾ, ਗੁਰਿੰਦਰ ਸਿੰਘ, ਕੋਠਾਜੀਤ ਸਿੰਘ।
ਮਿਡਫੀਲਡਰ-ਹਾਰਦਿਕ ਸਿੰਘ, ਮਨਪ੍ਰੀਤ ਸਿੰਘ (ਕਪਤਾਨ), ਜਸਕਰਣ ਸਿੰਘ, ਵਿਵੇਕ ਸਾਗਰ ਪ੍ਰਸਾਦ, ਨੀਲਕਾਂਤ ਸ਼ਰਮਾ।
ਫਾਰਵਰਡ-ਮਨਦੀਪ ਸਿੰਘ, ਗੁਰਸਾਹਿਬਜੀਤ ਸਿੰਘ, ਆਕਾਸ਼ਦੀਪ ਸਿੰਘ, ਸੁਮਿਤ ਕੁਮਾਰ ਜੂਨੀਅਰ, ਅਰਮਾਨ ਕੁਰੈਸ਼ੀ।