ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਦੇ ਫਾਈਨਲ ’ਚ 7ਵੇਂ ਸਥਾਨ ’ਤੇ ਰਿਹਾ ‘ਅਨੀਸ਼’
Friday, Oct 02, 2026 - 02:05 PM (IST)
ਸਪੋਰਟਸ ਡੈਸਕ : ਅਨੀਸ਼ ਭਾਨਵਾਲਾ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਦੇ ਫਾਈਨਲ ’ਚ 7ਵੇਂ ਸਥਾਨ ’ਤੇ ਰਿਹਾ, ਜਿਸ ਨਾਲ ਭਾਰਤ ਨੇ ਏਸ਼ੀਆਈ ਖੇਡਾਂ ’ਚ ਨਿਸ਼ਾਨੇਬਾਜ਼ੀ ਦੀ ਆਪਣੀ ਮੁਹਿੰਮ 3 ਸੋਨ ਸਮੇਤ ਕੁੱਲ 15 ਤਮਗਿਆਂ ਨਾਲ ਸਮਾਪਤ ਕੀਤੀ। ਅਨੀਸ਼ ਨੇ ਫਾਈਨਲ ਦੇ ਮਹੱਤਵਪੂਰਨ ਪੜਾਅ ’ਚ 5 ’ਚੋਂ 4 ਸਟੀਕ ਨਿਸ਼ਾਨੇ ਲਾਏ ਅਤੇ 15 ਸ਼ਾਟ ’ਚ ਕੁੱਲ 11 ਹਿੱਟ ਨਾਲ ਪ੍ਰਤੀਯੋਗਿਤਾ ਸਮਾਪਤ ਕੀਤੀ। ਫਾਈਨਲ ਦੇ ਉਸ ਪੜਾਅ ’ਚ ਉਹ ਤੀਸਰੇ ਸਥਾਨ ਲਈ ਬਰਾਬਰੀ ’ਤੇ ਸੀ ਪਰ ਕੁਅਾਲੀਫਿਕੇਸ਼ਨ ’ਚ ਘੱਟ ਸਕੋਰ ਕਾਰਨ ਟਾਈਬ੍ਰੇਕਰ ’ਚ ਪੱਛੜ ਗਿਆ ਅਤੇ 8 ਨਿਸ਼ਾਨੇਬਾਜ਼ਾਂ ’ਚ 7ਵੇਂ ਸਥਾਨ ’ਤੇ ਬਾਹਰ ਹੋ ਗਿਆ। ਇਸ ਤੋਂ ਪਹਿਲਾਂ ਅਨੀਸ਼ ਨੇ ਨਿਯਮਤ ਟਾਪ ਸਥਾਨਾਂ ’ਤੇ ਰਹਿਣ ਦੀ ਬਜਾਏ ਤਕਨੀਕੀ ਕੁਅਾਲੀਫਿਕੇਸ਼ਨ ਨਿਯਮ ਕਾਰਨ ਫਾਈਨਲ ’ਚ ਜਗ੍ਹਾ ਬਣਾਈ ਸੀ। ਅਨੀਸ਼ 576 ਦੇ ਸਕੋਰ ਨਾਲ ਕੁਅਾਲੀਫਿਕੇਸ਼ਨ ’ਚ 9ਵੇਂ ਸਥਾਨ ’ਤੇ ਰਿਹਾ ਪਰ ਟਾਪ 8 ਤੋਂ ਬਾਅਦ ਹੋਣ ਦੇ ਬਾਵਜੂਦ ਫਾਈਨਲ ’ਚ ਜਗ੍ਹਾ ਬਣਾਉਣ ’ਚ ਸਫਲ ਰਿਹਾ। ਅਜਿਹਾ ਇਸ ਲਈ ਹੋਇਆ ਕਿਉਂਕਿ ਪ੍ਰਤੀਯੋਗਿਤਾ ਦੇ ਨਿਯਮ ਅਨੁਸਾਰ ਇਕ ਦੇਸ਼ ਦੇ ਜ਼ਿਆਦਾਤਰ 2 ਨਿਸ਼ਾਨੇਬਾਜ਼ ਹੀ ਫਾਈਨਲ ’ਚ ਹਿੱਸਾ ਲੈ ਸਕਦੇ ਹਨ ਅਤੇ ਇਸ ਨਿਯਮ ਤਹਿਤ ਇਕ ਕੋਰੀਆਈ ਨਿਸ਼ਾਨੇਬਾਜ਼ ਨੂੰ ਬਾਹਰ ਹੋਣਾ ਪਿਆ।
ਭਾਰਤ ਨੇ 2026 ਏਸ਼ੀਆਈ ਖੇਡਾਂ ’ਚ ਨਿਸ਼ਾਨੇਬਾਜ਼ੀ ’ਚ 3 ਸੋਨ, 8 ਚਾਂਦੀ ਅਤੇ 4 ਕਾਂਸੀ ਸਮੇਤ ਕੁੱਲ 15 ਤਮਗਿਆਂ ਨਾਲ ਆਪਣੀ ਮੁਹਿੰਮ ਸਮਾਪਤ ਕੀਤੀ। ਮੌਜੂਦਾ ਖੇਡਾਂ ’ਚ ਭਾਰਤ ਲਈ ਕੁੱਲ ਤਮਗਿਆਂ ਦੇ ਲਿਹਾਜ਼ ਨਾਲ ਇਹ ਗਿਣਤੀ ਸਿਰਫ ਅਥਲੈਟਿਕਸ ਤੋਂ ਘੱਟ ਹੈ।
