ਅਨਿਰਬਾਨ ਲਾਹਿੜੀ ਪਾਲਮੇਟੀਓ ਚੈਂਪੀਅਨਸ਼ਿਪ ’ਚ ਸਾਂਝੇ 25ਵੇਂ ਸਥਾਨ ’ਤੇ
Monday, Jun 14, 2021 - 09:24 PM (IST)
ਰਿਜਲੈਂਡ (ਅਮਰੀਕਾ)— ਭਾਰਤੀ ਗੋਲਫ਼ਰ ਅਨਿਰਬਾਨ ਲਾਹਿੜੀ ਇੱਥੇ ਪਾਲਮੇਟੀਓ ਚੈਂਪੀਅਨਸ਼ਿਪ ਦੇ ਆਖ਼ਰੀ ਦੌਰ ’ਚ ਚਾਰ ਅੰਡਰ-67 ਦੇ ਸ਼ਾਨਦਾਰ ਕਾਰਡ ਨਾਲ ਸਾਂਝੇ ਤੌਰ ’ਤੇ 25ਵੇਂ ਸਥਾਨ ’ਤੇ ਰਹੇ। ਚੌਥੇ ਦੌਰ ’ਚ ਸ਼ੁਰੂ ਦੇ ਪੰਜ ਹੋਲ ’ਚੋਂ ਚਾਰ ’ਚ ਬਰਡੀ ਲਾ ਕੇ ਲਗਾਤਾਰ ਉਨ੍ਹਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਇਸ ਤੋਂ ਬਾਅਦ ਲੈਅ ਨੂੰ ਬਰਕਰਾਰ ਰਖਿਆ। ਉਨ੍ਹਾਂ ਨੇ ਇਸ ਦੌਰਾਨ 6 ਬਰਡੀ ਤੇ 2 ਬੋਗੀ ਕੀਤੀ। ਇਸ ਦੌਰ ’ਚ ਚਾਰ ਅੰਡਰ ਦੇ ਕਾਰਡ ਨਾਲ ਉਨ੍ਹਾਂ ਦਾ ਕੁਲ ਸਕੋਰ ਪੰਜ ਅੰਡਰ 279 ਰਿਹਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ੁਰੂਆਤੀ ਦਿਨ ਦੇ ਦੌਰ ’ਚ 69-73-70 ਦਾ ਸਕੋਰ ਕੀਤਾ ਸੀ।
ਇਸ ਪ੍ਰਦਰਸ਼ਨ ਨਾਲ ਹਾਲਾਂਕਿ ਭਾਰਤੀ ਖਿਡਾਰੀ ਨੂੰ ਰਾਹਤ ਮਿਲੀ ਹੋਵੇਗੀ ਕਿਉਂਕਿ ਇਸ ਤੋਂ ਪਹਿਲਾਂ ਉਹ ਤਿੰਨ ਟੂਰਨਾਮੈਂਟ ’ਚ ਕੱਟ ਹਾਸਲ ਕਰਨ ’ਚ ਅਸਫ਼ਲ ਰਹੇ ਸਨ। ਹੁਣ ਚੰਗੇ ਪ੍ਰਦਰਸ਼ਨ ਨਾਲ ਉਨ੍ਹਾਂ ਦੀ ਫ਼ੇਡਐਕਸਕੱਪ ਰੈਂਕਿੰਗ ’ਚ ਕੁਝ ਹਦ ਤਕ ਸੁਧਾਰ ਹੋਇਆ ਹੈ ਤੇ ਉਹ ਸਤ ਸਥਾਨ ਦੇ ਸੁਧਾਰ ਦੇ ਨਾਲ 115ਵੇਂ ਸਥਾਨ ’ਤੇ ਪਹੁੰਚ ਗਏ ਹਨ। ਸੈਸ਼ਨ ਦੇ ਅੰਤ ’ਚ ਇਸ ਰੈਂਕਿੰਗ ਦੇ ਚੋਟੀ ਦੇ 125 ਖਿਡਾਰੀ ਫੇਡਐਕਸਕੱਪ ਪਲੇਆਫ਼ ਲਈ ਕੁਆਲੀਫ਼ਾਈ ਕਰਨਗੇ। ਇਸ ਵਿਚਾਲੇ ਦੱਖਣੀ ਅਫ਼ਰੀਕਾ ਦੇ 22 ਸਾਲਾ ਗੈਰਿਕ ਹਿੱਗੋ 3 ਅੰਡਰ 68 ਦੇ ਕਾਰਡ ਦੇ ਨਾਲ ਕੁਲ 11 ਅੰਡਰ ਦੇ ਸਕੋਰ ਨਾਲ ਜੇਤੂ ਬਣੇ। 6 ਖਿਡਾਰੀ 10 ਅੰਡਰ ਦੇ ਸਕੋਰ ਦੇ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਰਹੇ।