ਅਮਰੀਕਾ ਦਾ ਵੇਸਲੀ ਸੋ ਬਣਿਆ ਵਿਸ਼ਵ ਫਿਸ਼ਰ ਰੈਂਡਮ ਸ਼ਤਰੰਜ ਚੈਂਪੀਅਨ

11/04/2019 1:11:50 AM

ਓਸਲੋ (ਨਾਰਵੇ) (ਨਿਕਲੇਸ਼ ਜੈਨ)— ਅਮਰੀਕਾ ਦੇ ਵੇਸਲੀ ਸੋ ਨੇ ਬਿਹਤਰੀਨ ਖੇਡ ਨਾਲ ਮੌਜੂਦਾ ਵਿਸ਼ਵ ਕਲਾਸੀਕਲ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੂੰ 13.5-2.5 ਨਾਲ ਹਰਾਉਂਦਿਆਂ ਪਹਿਲੀ ਅਧਿਕਾਰਤ ਵਿਸ਼ਵ ਫਿਸ਼ਰ ਰੈਂਡਮ ਸ਼ਤਰੰਜ ਚੈਂਪੀਅਨਸ਼ਿਪ 'ਤੇ ਕਬਜ਼ਾ ਕਰ ਲਿਆ।
ਸ਼ਤਰੰਜ ਵਿਚ ਮੋਹਰਿਆਂ ਦੀ ਸੁਭਾਵਿਕ ਸ਼ੁਰੂਆਤੀ ਸਥਿਤੀ ਨੂੰ ਬਦਲ ਕੇ ਖੇਡ ਦੇ ਇਸ ਫਾਰਮੈੱਟ ਦੀ ਖੋਜ ਅਮਰੀਕਾ ਦੇ ਹੀ ਸਾਬਕਾ ਮਹਾਨ ਖਿਡਾਰੀ ਤੇ ਵਿਸ਼ਵ ਚੈਂਪੀਅਨ ਬੌਬੀ ਫਿਸ਼ਰ ਨੇ ਕੀਤੀ ਸੀ। ਫਾਈਨਲ ਮੁਕਾਬਲੇ ਵਿਚ ਜਦੋਂ ਤੀਜੇ ਦਿਨ ਹੌਲੇ ਰੈਪਿਡ (15 ਮਿੰਟ ਪ੍ਰਤੀ ਖਿਡਾਰੀ) ਦੇ ਮੈਚ ਸ਼ੁਰੂ ਹੋਏ ਤਾਂ ਵੇਸਲੀ ਸੋ, ਜਿਹੜਾ 10.5-1.5 ਨਾਲ ਅੱਗੇ ਚੱਲ ਰਿਹਾ ਸੀ, ਉਸ ਨੂੰ ਜਿੱਤਣ ਲਈ ਸਿਰਫ 2 ਅੰਕਾਂ ਦੀ ਲੋੜ ਸੀ, ਜਦਕਿ ਸਫੈਦ ਮੋਹਰਿਆਂ ਨਾਲ ਖੇਡ ਰਹੇ ਮੈਗਨਸ ਕਾਰਲਸਨ ਸਾਹਮਣੇ ਬਚੇ ਹੋਏ ਸਾਰੇ 6 ਮੁਕਾਬਲੇ ਜਿੱਤਣ ਦੀ ਚੁਣੌਤੀ ਸੀ। ਦੋਵਾਂ ਵਿਚਾਲੇ ਪਹਿਲਾ ਮੁਕਾਬਲਾ ਡਰਾਅ ਰਿਹਾ ਤੇ ਸਕੋਰ 11.5-2.5 ਹੋ ਗਿਆ ਤੇ ਅਜਿਹੀ ਹਾਲਤ ਵਿਚ ਦੂਜੇ ਮੁਕਾਬਲੇ ਵਿਚ ਜਿੱਤਣ ਲਈ ਕਾਰਲਸਨ ਨੇ ਕਾਲੇ ਮੋਹਰਿਆਂ ਨਾਲ ਪੂਰਾ ਦਮ ਲਾਉਂਦਿਆਂ ਵੇਸਲੀ ਸੋ ਦੇ ਰਾਜੇ 'ਤੇ ਹਮਲਾ ਕਰਨ ਲਈ ਆਪਣਾ ਊਠ ਵੀ ਕੁਰਬਾਨ ਕਰ ਦਿੱਤਾ ਪਰ ਵੇਸਲੀ ਦੇ ਬਿਹਤਰੀਨ ਬਚਾਅ ਸਾਹਮਣੇ ਕਾਰਲਸਨ ਨੂੰ ਜਲਦ ਹੀ ਹਾਰ ਮੰਨਣੀ ਪਈ। ਤੀਜੇ ਸਥਾਨ 'ਤੇ ਰੂਸ ਦਾ ਇਯਾਨ ਨੇਪੋਮਨਿਆਚੀ ਰਿਹਾ, ਜਿਸ ਨੇ ਅਮਰੀਕਾ ਦੇ ਫਾਬਿਆਨੋ ਕਾਰੂਆਨਾ ਨੂੰ 12.5-5.5 ਦੇ ਫਰਕ ਨਾਲ ਹਰਾਇਆ।


Gurdeep Singh

Content Editor

Related News