ਬੰਗਲਾਦੇਸ਼ ''ਚ ਸਥਿਤੀ ਖਰਾਬ, ਮਹਿਲਾ ਟੀ-20 ਵਿਸ਼ਵ ਕੱਪ ਲਈ ਬਦਲਵੇਂ ਸਥਾਨਾਂ ਦੀ ਚੋਣ
Tuesday, Aug 06, 2024 - 06:55 PM (IST)
ਦੁਬਈ : ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਇਸ ਸਾਲ ਦੇ ਅੰਤ ਵਿੱਚ ਬੰਗਲਾਦੇਸ਼ ਵਿੱਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਸ੍ਰੀਲੰਕਾ ਨੂੰ ਵਿਕਲਪਿਕ ਸਥਾਨਾਂ ਵਜੋਂ ਪਛਾਣਿਆ ਹੈ। ਆਈਸੀਸੀ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਬੰਗਲਾਦੇਸ਼ ਦੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਰੇ ਵਿਕਲਪ ਖੁੱਲ੍ਹੇ ਰੱਖੇ ਗਏ ਹਨ।
ਆਈਸੀਸੀ ਦੇ ਬਿਆਨ ਵਿੱਚ ਕਿਹਾ ਗਿਆ ਹੈ, 'ਆਈਸੀਸੀ, ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਆਪਣੀਆਂ ਸੁਰੱਖਿਆ ਏਜੰਸੀਆਂ ਅਤੇ ਸਾਡੇ ਆਪਣੇ ਸੁਤੰਤਰ ਸੁਰੱਖਿਆ ਸਲਾਹਕਾਰਾਂ ਨਾਲ ਪੂਰੀ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ। ਸਾਡੀਆਂ ਤਰਜੀਹਾਂ ਵਿੱਚ ਸਾਰੇ ਭਾਗੀਦਾਰਾਂ ਦੀ ਸੁਰੱਖਿਆ ਅਤੇ ਦੇਖਭਾਲ ਸ਼ਾਮਲ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਦੀ ਸਿਆਸੀ ਸਥਿਤੀ ਨੂੰ ਦੇਖਦੇ ਹੋਏ ਇਸ ਵਿਸ਼ਵਵਿਆਪੀ ਟੂਰਨਾਮੈਂਟ ਨੂੰ ਕਿਸੇ ਹੋਰ ਦੇਸ਼ 'ਚ ਆਯੋਜਿਤ ਕੀਤੇ ਜਾਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਆਈਸੀਸੀ ਨੇ ਭਾਰਤ, ਯੂਏਈ ਅਤੇ ਸ੍ਰੀਲੰਕਾ ਨੂੰ ਬਦਲਵੇਂ ਸਥਾਨਾਂ ਵਜੋਂ ਪਛਾਣਿਆ ਹੈ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ 'ਚ ਪਿਛਲੇ ਕੁਝ ਹਫਤਿਆਂ ਤੋਂ ਸਰਕਾਰ ਵਿਰੋਧੀ ਅੰਦੋਲਨ ਚੱਲ ਰਿਹਾ ਹੈ, ਜਿਸ 'ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਰਧਾਰਤ ਪ੍ਰੋਗਰਾਮ ਅਨੁਸਾਰ ਦਸ ਟੀਮਾਂ ਦਾ ਮਹਿਲਾ ਟੂਰਨਾਮੈਂਟ 3 ਤੋਂ 20 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ। ਆਸਟ੍ਰੇਲੀਆ, ਇੰਗਲੈਂਡ ਅਤੇ ਭਾਰਤ ਦੀਆਂ ਸਰਕਾਰਾਂ ਨੇ ਸੋਮਵਾਰ ਦੇ ਘਟਨਾਕ੍ਰਮ ਤੋਂ ਬਾਅਦ ਆਪਣੇ ਨਾਗਰਿਕਾਂ ਨੂੰ ਬੰਗਲਾਦੇਸ਼ ਦੀ ਯਾਤਰਾ ਕਰਨ ਵਿਰੁੱਧ ਸਲਾਹ ਜਾਰੀ ਕੀਤੀ ਹੈ। ਇਹ ਤਿੰਨੇ ਦੇਸ਼ ਟੀ-20 ਵਿਸ਼ਵ ਕੱਪ ਦਾ ਵੀ ਹਿੱਸਾ ਹਨ।