ਅਲਕਾਰਾਜ਼ ਨੇ ਸਿਨਰ ਨੂੰ ਹਰਾ ਕੇ ਚੀਨ ਓਪਨ ਖਿਤਾਬ ਜਿੱਤਿਆ
Thursday, Oct 03, 2024 - 10:53 AM (IST)
ਬੀਜ਼ਿੰਗ, (ਏ. ਪੀ.)– ਸਪੇਨ ਦੇ ਕਾਰਲੋਸ ਅਲਕਾਰਾਜ਼ ਨੇ ਲਗਾਤਾਰ 7 ਅੰਕ ਹਾਸਲ ਕਰਕੇ ਫੈਸਲਾਕੁੰਨ ਟਾਈਬ੍ਰੇਕਰ ਵਿਚ ਚੋਟੀ ਦਰਜਾ ਪ੍ਰਾਪਤ ਯਾਨਿਕ ਸਿਨਰ ਨੂੰ 6-7, 6-4, 7-6 ਨਾਲ ਹਰਾ ਕੇ ਚੀਨ ਓਪਨ ਖਿਤਾਬ ਜਿੱਤ ਲਿਆ। ਤੀਜਾ ਦਰਜਾ ਪ੍ਰਾਪਤ ਅਲਕਾਰਾਜ਼ ਨੇ ਸਾਬਕਾ ਚੈਂਪੀਅਨ ਸਿਨਰ ਵਿਰੁੱਧ ਇਸ ਸਾਲ ਤਿੰਨੇ ਮੁਕਾਬਲੇ ਜਿੱਤੇ ਹਨ। ਇਸ ਦੇ ਨਾਲ ਹੀ ਉਸ ਨੇ ਇਟਾਲੀਅਨ ਵਿਰੋਧੀ ਦੇ 14 ਮੈਚਾਂ ਦੇ ਜੇਤੂ ਮੁਹਿੰਮ ’ਤੇ ਵੀ ਰੋਕ ਲਾ ਦਿੱਤੀ।
ਸਿਨਰ ਲਈ ਫੋਕਸ ’ਤੇ ਧਿਆਨ ਦੇਣਾ ਥੋੜਾ ਮੁਸ਼ਕਿਲ ਸੀ ਕਿਉਂਕਿ ਸ਼ਨੀਵਾਰ ਨੂੰ ਹੀ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਕਿਹਾ ਹੈ ਕਿ ਉਹ ਡੋਪਿੰਗ ਦੇ ਮਾਮਲੇ ਵਿਚ ਉਸ ਨੂੰ ਕਲੀਨ ਚਿੱਟ ਦਿੱਤੇ ਜਾਣ ਦੇ ਫੈਸਲੇ ਵਿਰੁੱਧ ਅਪੀਲ ਕਰੇਗੀ। ਵਾਡਾ ਨੇ ਉਸ ’ਤੇ ਇਕ ਜਾਂ ਦੋ ਸਾਲ ਦੀ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਸਿਨਰ ਨੂੰ ਮਾਰਚ ਵਿਚ 2 ਵਾਰ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ ਪਰ ਆਜ਼ਾਦ ਟ੍ਰਿਬਿਊਨਲ ਨੇ ਉਸ ਨੂੰ ਅਗਸਤ ਵਿਚ ਕਲੀਨ ਚਿੱਟ ਦੇ ਦਿੱਤੀ ਸੀ।