ਲਾਕਡਾਊਨ ਐਸ਼ਵਰਯ ਲਈ ਵਰਦਾਨ : ਘਰ ’ਚ ਰਹਿਣ ’ਤੇ ਵਜ਼ਨ ਵਧਣ ਕਾਰਨ ਜਿੱਤਿਆ ਸੋਨ ਤਮਗਾ
Thursday, Mar 25, 2021 - 12:48 PM (IST)
ਸਪੋਰਟਸ ਡੈਸਕ— ਖਿਡਾਰੀਆਂ ਲਈ ਲਾਕਡਾਊਨ ਕਈ ਤਰ੍ਹਾਂ ਦੀਆਂ ਮੁਸੀਬਤਾਂ ਲੈ ਕੇ ਆਇਆ ਪਰ ਸ਼ੂਟਿੰਗ ਵਰਲਡ ਕੱਪ ’ਚ ਆਪਣਾ ਪਹਿਲਾ ਸੋਨ ਤਮਗਾ ਜਿੱਤਣ ਵਾਲੇ ਐਸ਼ਵਰਯ ਪ੍ਰਤਾਪ ਸਿੰਘ ਲਈ ਇਹ ਲਾਕਡਾਊਨ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਐਸ਼ਵਰਯ ਨੇ ਡੇਢ ਸਾਲ ਪਹਿਲਾਂ ਏਸ਼ੀਆਈ ਚੈਂਪੀਅਨ ’ਚ ਕਾਂਸੀ ਤਮਗਾ ਜਿੱਤ ਕੇ ਜਦੋਂ ਓਲੰਪਿਕ ਕੋਟਾ ਜਿੱਤਿਆ ਸੀ ਉਦੋਂ ਉਨ੍ਹਾਂ ਦਾ ਵਜ਼ਨ 58 ਕਿਲੋ ਸੀ। 50 ਮੀਟਰ ਥ੍ਰੀ ਪੋਜ਼ੀਸ਼ਨ ’ਚ ਚੰਗਾ ਪ੍ਰਦਰਸ਼ਨ ਕਰਨ ਲਈ ਕੋਚ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਵਜ਼ਨ ਵਧਾਉਣ ਦੀ ਸਲਾਹ ਦੇ ਰਹੇ ਸਨ, ਪਰ ਉਨ੍ਹਾਂ ਦਾ ਵਜ਼ਨ ਨਹੀਂ ਵੱਧ ਰਿਹਾ ਸੀ।
ਲਾਕਡਾਊਨ ’ਚ ਘਰ ’ਤੇ ਰਹਿਣਾ ਉਨ੍ਹਾਂ ਦੀ ਮਜਬੂਰੀ ਬਣ ਗਈ। ਉਨ੍ਹਾਂ ਦੀ ਗਨ ਵੀ ਉਨ੍ਹਾਂ ਕੋਲ ਨਹੀਂ ਸੀ, ਪਰ ਜਦੋਂ ਲਾਕਡਾਊਨ ਖ਼ਤਮ ਹੋਇਆ ਤੇ ਉਹ ਮੱਧ ਪ੍ਰਦੇਸ਼ ਸ਼ੂਟਿੰਗ ਅਕੈਡਮੀ ਗਏ ਤਾਂ ਹੈਰਾਨੀ ਭਰੇ ਨਤੀਜੇ ਨਾਲ ਉਨ੍ਹਾਂ ਦਾ ਵਜ਼ਨ 66 ਕਿਲੋ ਹੋ ਗਿਆ ਸੀ। ਕੋਚ ਦੇ ਕਹਿਣ ’ਤੇ ਉਨ੍ਹਾਂ ਨੇ 2 ਕਿਲੋ ਵਜ਼ਨ ਹੋਰ ਵਧਾਇਆ। ਇਹ ਵਧਿਆ ਹੋਇਆ ਵਜ਼ਨ ਹੀ ਸੀ ਜਿਸ ਨੇ ਐਸ਼ਵਰਿਆ ਦੇ ਚੰਗੇ ਪ੍ਰਦਰਸ਼ਨ ’ਚ ਵੱਡੀ ਭੂਮਿਕਾ ਨਿਭਾਈ। ਐਸ਼ਵਰਯ ਨੇ ਕਿਹਾ ਕਿ ਲਾਕਡਾਊਨ ਦੌਰਾਨ ਮਾਂ ਦੇ ਹੱਥ ਦਾ ਖਾਣਾ ਮਿਲ ਰਿਹਾ ਸੀ। ਬਸ ਇਸ ਨਾਲ ਹੀ ਕਮਾਲ ਹੋਇਆ। ਹੁਣ ਉਹ ਇਸ ਵਜ਼ਨ ਨਾਲ ਸੰਤੁਸ਼ਟ ਹਨ ਜੋ ਉਨ੍ਹਾਂ ਨੂੰ ਇਸ ਈਵੈਂਟ ’ਚ ਕਾਫ਼ੀ ਫ਼ਾਇਦਾ ਪਹੁੰਚਾਵੇਗਾ।