ਓਮਾਨ ਨੂੰ 12-2 ਨਾਲ ਹਰਾਉਣ ਤੋਂ ਬਾਅਦ ਭਾਰਤ ਨੂੰ ਪਾਕਿਸਤਾਨ ਹੱਥੋਂ ਮਿਲੀ 4-5 ਨਾਲ ਹਾਰ

Thursday, Aug 31, 2023 - 03:10 PM (IST)

ਓਮਾਨ ਨੂੰ 12-2 ਨਾਲ ਹਰਾਉਣ ਤੋਂ ਬਾਅਦ ਭਾਰਤ ਨੂੰ ਪਾਕਿਸਤਾਨ ਹੱਥੋਂ ਮਿਲੀ 4-5 ਨਾਲ ਹਾਰ

ਸਾਲਾਲਾਹ – ਭਾਰਤ ਨੇ ਬੁੱਧਵਾਰ ਨੂੰ ਇੱਥੇ ਪੁਰਸ਼ ਏਸ਼ੀਆਈ ਹਾਕੀ ਫਾਈਵਜ਼ ਵਿਸ਼ਵ ਕੱਪ ਕੁਆਲੀਫਾਇਰ ਵਿਚ ਓਮਾਨ ’ਤੇ 12-2 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਪਰ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ 4-5 ਨਾਲ ਹਾਰ ਗਿਆ। ਪਾਕਿਸਤਾਨ ਵਿਰੁੱਧ ਸ਼ਾਮ ਦੇ ਦੂਜੇ ਮੈਚ ’ਚ ਭਾਰਤ ਲਈ ਮਨਿੰਦਰ ਸਿੰਘ (17ਵੇਂ ਤੇ 29ਵੇਂ ਮਿੰਟ), ਗੁਰਜੋਤ ਸਿੰਘ (12ਵੇਂ ਮਿੰਟ) ਤੇ ਮੁਹੰਮਦ ਰਾਹੀਲ (21ਵੇਂ ਮਿੰਟ) ਨੇ ਗੋਲ ਕੀਤੇ। ਪਾਕਿਸਤਾਨ ਲਈ ਅਹਿਤੇਸ਼ਾਮ ਅਸਲਮ (ਦੂਜੇ ਤੇ ਤੀਜੇ ਮਿੰਟ), ਜਿਕਰਿਯਾ ਹਯਾਤ (5ਵਾਂ ਮਿੰਟ), ਅਬਦੁੱਲ ਰਹਿਮਾਨ (13ਵਾਂ ਤੇ ਅਬਦੁੱਲ ਰਾਣਾ (26ਵਾਂ ਮਿੰਟ) ਨੇ ਗੋਲ ਕੀਤੇ।

ਪਾਕਿਸਤਾਨ ਨੇ ਮੈਚ ਦੀ ਸ਼ੁਰੂਆਤ ’ਚ ਦਬਦਬਾ ਬਣਾਇਆ ਤੇ ਅਸਲਮ ਨੇ ਭਾਰਤੀ ਡਿਫੈਂਡਰਾਂ ਵਿਚਾਲੇ ਤਾਲਮੇਲ ਦੀ ਕਮੀ ਦਾ ਫਾਇਦਾ ਚੁੱਕਦੇ ਹੋਏ ਰਿਵਰਸ ਹਿੱਟ ਨਾਲ ਗੋਲ ਕਰ ਦਿੱਤਾ। ਭਾਰਤੀ ਟੀਮ ਨੇ ਜਵਾਬੀ ਹਮਲਾ ਕੀਤਾ ਪਰ ਪਾਕਿਸਤਾਨ ਦੇ ਗੋਲਕੀਪਰ ਅਲੀ ਰਜ਼ਾ ਨੇ ਸ਼ਾਨਦਾਰ ਬਚਾਅ ਕਰਕੇ ਅਸਲਮ ਲਈ ਇਕ ਹੋਰ ਮੌਕਾ ਬਣਾਇਆ, ਜਿਸ ’ਤੇ ਇਸ ਖਿਡਾਰੀ ਨੇ ਪਾਕਿਸਤਾਨ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਮਨਿੰਦਰ ਨੇ ਫਿਰ ਗੇਂਦ ’ਤੇ ਕੰਟਰੋਲ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਹਯਾਤ ਨੇ ਉਸ ਤੋਂ ਗੇਂਦ ਖੋਹ ਕੇ ਪਾਕਿਸਤਾਨ ਲਈ ਇਕ ਹੋਰ ਗੋਲ ਕਰ ਦਿੱਤਾ। 

ਇਹ ਵੀ ਪੜ੍ਹੋ : ਜਾਣੋ ਏਸ਼ੀਆ ਕੱਪ 'ਚ ਕਿਸ ਟੀਮ ਦਾ ਰਿਹੈ ਦਬਦਬਾ, ਦੇਖੋ ਸਾਰੀਆਂ 6 ਟੀਮਾਂ ਦੇ ਅੰਕੜੇ

ਗੁਰਜੋਤ ਨੇ ਇਸ ਤੋਂ ਬਾਅਦ ਹਮਲਾਵਰ ਰਵੱਈਆ ਅਪਣਾ ਕੇ ਮੈਚ ਵਿਚ ਭਾਰਤ ਦੀ ਵਾਪਸੀ ਕੀਤੀ ਪਰ ਅਬਦੁੱਲ ਨੇ ਪਾਕਿਸਤਾਨ ਲਈ ਇਕ ਹੋਰ ਗੋਲ ਕਰਕੇ ਹਾਫ ਤੋਂ ਪਹਿਲਾਂ ਪਾਕਿਸਤਾਨ ਨੂੰ 4-1 ਨਾਲ ਅੱਗੇ ਕਰ ਦਿੱਤਾ। ਭਾਰਤੀ ਟੀਮ ਨੇ ਦੂਜੇ ਹਾਫ ’ਚ ਹਮਲਾਵਰ ਤੇਵਰ ਦਿਖਾਏ ਪਰ ਪਾਕਿਸਤਾਨ ਨੇ ਵੀ ਜਵਾਬੀ ਹਮਲਾ ਜਾਰੀ ਰੱਖਿਆ। ਮਨਿੰਦਰ ਨੇ ਇਸ ਦੌਰਾਨ ਰਿਵਰਸ ਹਿੱਟ ’ਤੇ ਭਾਰਤ ਲਈ ਦੂਜਾ ਗੋਲ ਕੀਤਾ। ਇਸ ਤੋਂ ਕੁਝ ਸਮੇਂ ਬਾਅਦ ਪਵਨ ਰਾਜਭਰ ਦੀ ਮਦਦ ਨਾਲ ਰਾਹਿਲ ਨੇ ਗੋਲ ਕਰਕੇ ਮੈਚ ਵਿਚ ਭਾਰਤੀ ਟੀਮ ਦੀ ਵਾਪਸੀ ਕਰਵਾ ਦਿੱਤੀ।

ਜਦੋਂ ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਟੀਮ ਪਾਕਿਸਤਾਨ ਨਾਲ ਬਰਾਬਰੀ ਕਰਕੇ ਅੱਗੇ ਨਿਕਲ ਜਾਵੇਗੀ ਤਾਂ ਕਪਤਾਨ ਰਾਣਾ ਦੇ ਗੋਲ ਨਾਲ ਪਾਕਿਸਤਾਨ 5-3 ਨਾਲ ਅੱਗੇ ਹੋ ਗਿਆ। ਮਨਿੰਦਰ ਨੇ ਮੈਚ ਦੇ ਆਖਰੀ ਪਲਾਂ ’ਚ ਆਪਣਾ ਦੂਜਾ ਗੋਲ ਕੀਤਾ ਪਰ ਇਸ ਨਾਲ ਭਾਰਤ ਹਾਰ ਦਾ ਫਰਕ ਹੀ ਘੱਟ ਕਰ ਸਕਿਆ। ਇਸ ਤੋਂ ਪਹਿਲਾਂ, ਦਿਨ ਵਿਚ ਭਾਰਤ ਨੇ ਮੇਜ਼ਬਾਨ ਓਮਾਨ ਨੂੰ 12-2 ਨਾਲ ਹਰਾਇਆ। ਰਾਹੀਲ (ਦੂਜੇ, 9ਵੇਂ ਤੇ 30ਵੇਂ ਮਿੰਟ), ਰਾਜਭਰ (9ਵੇਂ, 10ਵੇਂ ਤੇ 21ਵੇਂ ਮਿੰਟ) ਤੇ ਮਨਿੰਦਰ (16ਵੇਂ, 23ਵੇਂ ਤੇ 26ਵੇਂ ਮਿੰਟ) ਨੇ ਇਕ-ਇਕ ਹੈਟ੍ਰਿਕ ਬਣਾਈ ਜਦਕਿ ਜੁਗਰਾਜ ਸਿੰਘ (ਤੀਜੇ ਤੇ 28ਵੇਂ ਮਿੰਟ) ਨੇ ਦੋ ਗੋਲ ਕੀਤੇ। ਸੁਖਵਿੰਦਰ (29ਵੇਂ ਮਿੰਟ) ਨੇ ਵੀ ਇਕ ਗੋਲ ਕੀਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News