IPL 2023: ਮੁੰਬਈ ਨੂੰ ਹਰਾ ਕੇ ਜਿੱਤ ਦੀ ਰਾਹ ’ਤੇ ਪਰਤਨ ਉਤਰੇਗੀ ਚੇਨਈ ਸੁਪਰ ਕਿੰਗਜ਼
Saturday, May 06, 2023 - 11:55 AM (IST)

ਚੇਨਈ (ਭਾਸ਼ਾ)- ਪਿਛਲੇ 3 ਮੈਚਾਂ ’ਚ ਸਿਰਫ਼ 1 ਅੰਕ ਬਣਾ ਸਕੀ ਚੇਨਈ ਸੁਪਰ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ’ਚ ਸ਼ਨੀਵਾਰ ਯਾਨੀ ਅੱਜ ਦੁਪਹਿਰ ਨੂੰ ਮੁੰਬਈ ਇੰਡੀਅਨਸ ਨੂੰ ਹਰਾ ਕੇ ਜਿੱਤ ਦੀ ਰਾਹ ’ਤੇ ਪਰਤਣਾ ਚਾਹੇਗੀ, ਹਾਲਾਂਕਿ ਮੁੰਬਈ ਦੇ ਹੌਸਲੇ ਬੁਲੰਦ ਹਨ ਅਤੇ ਇਹ ਉਸ ਦਾ ਮਨਪਸੰਦ ਮੈਦਾਨ ਵੀ ਹੈ। ਉਸ ਨੇ 2019 ’ਚ ਇਥੇ ਚੇਨਈ ਨੂੰ ਹਰਾਇਆ ਅਤੇ ਕਰੀਬ 4 ਸਾਲ ਬਾਅਦ ਇਥੇ ਮੁੱਖ-ਵਿਰੋਧੀ 4 ਵਾਰ ਦੀ ਚੈਂਪੀਅਨ ਟੀਮ ਨਾਲ ਖੇਡੇਗਾ।
ਮਹਿੰਦਰ ਸਿੰਘ ਧੋਨੀ ਦੀ ਚੇਨਈ ਟੀਮ ਦਾ ਲਖਨਊ ਸੁਪਰ ਜਾਇੰਟਸ ਖਿਲਾਫ ਪਿਛਲਾ ਮੈਚ ਬਾਰਿਸ਼ ਦੀ ਭੇਟ ਚੜ੍ਹ ਗਿਆ ਜਦਕਿ ਉਸ ਤੋਂ ਪਹਿਲਾਂ 2 ਮੈਚਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਕਿੰਗਜ਼ ਖਿਲਾਫ 30 ਅਪ੍ਰੈਲ ਨੂੰ ਆਖਰੀ ਗੇਂਦ ’ਤੇ ਹਾਰ ਦਾ ਸਾਹਮਣਾ ਕਰਨ ਵਾਲੀ ਚੇਨਈ ਦੀਆਂ ਉਮੀਦਾਂ ਹਨ ਕਿ ਇਸ ਵਾਰ ਉਹ ਆਪਣੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰੇਗੀ। ਡੇਵੋਨ ਕਾਨਵੇ (414 ਦੌੜਾਂ) ਅਤੇ ਰਿਤੁਰਾਜ ਗਾਇਕਵਾੜ (354 ਦੌੜਾਂ) ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ ਹੈ ਪਰ ਮੱਧਕ੍ਰਮ ਉਸ ਦਾ ਫਾਇਦਾ ਨਹੀਂ ਚੁੱਕ ਸਕਿਆ। ਤਜ਼ਰਬੇਕਾਰ ਅਜਿੰਕਯਾ ਰਹਾਨੇ ਅਤੇ ਸ਼ਿਵਮ ਦੁਬੇ ਨੇ ਦੌੜਾਂ ਬਣਾਈਆਂ ਹਨ ਪਰ ਅੰਬਾਤੀ ਰਾਇਡੂ ਅਤੇ ਮੋਈਨ ਅਲੀ ਦਾ ਬੱਲਾ ਜ਼ਿਆਦਾਤਰ ਖਾਮੋਸ਼ ਹੀ ਰਿਹਾ ਹੈ।
ਉਧਰ ਹੋਲੀ ਸ਼ੁਰੂਆਤ ਤੋਂ ਬਾਅਦ ਮੁੰਬਈ ਇੰਡੀਅਨਸ ਨੇ ਲੈਅ ਹਾਸਲ ਕਰ ਲਈ ਹੈ ਅਤੇ ਵੱਡੇ ਟੀਚੇ ਦਾ ਪਿੱਛਾ ਕਰਨ ’ਚ ਕਾਮਯਾਬ ਹੋ ਰਹੀ ਹੈ। ਵਿਰੋਧੀ ਬੱਲੇਬਾਜ਼ਾਂ ’ਤੇ ਰੋਕ ਲਗਾਉਣ ’ਚ ਹਾਲਾਂਕਿ ਗੇਂਦਬਾਜ਼ਾਂ ਦੇ ਨਾਕਾਮ ਰਹਿਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦੀ ਪ੍ਰੇਸ਼ਾਨੀ ਵਧ ਗਈ ਹੈ। ਤਜ਼ਰਬੇਕਾਰ ਜੋਫਰਾ ਆਰਚਰ ਵਿਕਟ ਲੈਣ ’ਚ ਨਾਕਾਮ ਰਿਹਾ ਹੈ। ਮੁੰਬਈ ਟੀਮ ਮੈਨੇਜਮੈਂਟ ਸੂਰਿਯਾਕੁਮਾਰ ਯਾਦਵ ਅਤੇ ਇਸ਼ਾਨ ਕਿਸ਼ਨ ਦੇ ਫਾਰਮ ’ਚ ਪਰਤਣ ਤੋਂ ਖੁਸ਼ ਹੋਵੇਗੀ। ਟਿਮ ਡੇਵਿਡ ਅਤੇ ਤਿਲਕ ਵਰਮਾ ਨੇ ਫਿਨਿਸ਼ਰ ਦੀ ਭੂਮਿਕਾ ਬਾਖੂਬੀ ਨਿਭਾਈ ਹੈ।