ਅਫਗਾਨ ਨੂੰ ਹਰਾਉਣ ਤੋਂ ਬਾਅਦ ਬੋਲੇ ਹੋਲਡਰ- ਜਿੱਤ ਦੇ ਨਾਲ ਅੰਤ ਕਰਨਾ ਵਧੀਆ ਲੱਗਾ
Friday, Jul 05, 2019 - 12:47 AM (IST)

ਸਪੋਰਟਸ ਡੈੱਕਸ— ਅਫਗਾਨਿਸਤਾਨ ਵਿਰੁੱਧ ਖੇਡੇ ਗਏ ਵਿਸ਼ਵ ਕੱਪ ਮੈਚ ਦੇ ਦੌਰਾਨ ਵੈਸਟਇੰਡੀਜ਼ ਨੇ 23 ਦੌੜਾਂ ਨਾਲ ਜਿੱਤ ਦਰਜ ਕਰਦੇ ਹੋਏ ਜਿੱਤ ਦੇ ਨਾਲ ਅੰਤ ਕੀਤਾ ਜਦਕਿ ਅਫਗਾਨਿਸਤਾਨ ਇਕ ਵੀ ਮੈਚ ਨਹੀਂ ਜਿੱਤ ਸਕਿਆ ਤੇ ਲਗਾਤਾਰ 9 ਮੈਚਾਂ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਉਸ ਨੇ ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਕਾਮਯਾਬ ਰਹੀ। ਮੈਚ ਜਿੱਤਣ ਤੋਂ ਬਾਅਦ ਵਿੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਕਿਹਾ ਕਿ ਇਕ ਲੈਅ 'ਚ ਓਵਰ ਕਰਨਾ ਵਧੀਆ ਰਿਹਾ। ਉਨ੍ਹਾਂ ਨੇ ਕਿਹਾ ਜਿੱਤ ਦੇ ਨਾਲ ਅੰਤ ਕਰਨਾ ਵਧੀਆ ਲੱਗਾ।
ਹੋਲਡਰ ਨੇ ਕਿਹਾ ਕਿ ਬੱਲੇਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਲੁਈਸ ਤੇ ਸ਼ਾਈ ਹੋਪ ਨੇ ਵਧੀਆ ਸਾਂਝੇਦਾਰੀ ਕੀਤੀ। ਨਾਲ ਹੀ ਪੂਰਨ ਨੇ ਆਖਰ 'ਚ ਵਧੀਆ ਬੱਲੇਬਾਜ਼ੀ ਕਰਦੇ ਹੋਏ ਸਕੋਰ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ। ਹੋਲਡਰ ਨੇ ਕਿਹਾ ਸਾਡੀ ਫੀਲਡਿੰਗ 'ਚ ਬਹੁਤ ਸੁਧਾਰ ਹੋਇਆ ਹੈ। ਹੋਲਡਰ ਨੇ ਅੱਗੇ ਕਿਹਾ ਕਿ ਗੇਂਦਬਾਜ਼ਾਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿੱਤ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਇਹ ਕਹਿਣਾ ਮੁਸ਼ਕਿਲ ਹੈ ਕਿ ਕ੍ਰਿਸ ਗੇਲ ਦਾ ਆਖਰੀ ਵਿਸ਼ਵ ਕੱਪ ਹੈ। ਉਹ ਵੈਸਟਇੰਡੀਜ਼ ਕ੍ਰਿਕਟ ਦੇ ਲਈ ਐਕਸੀਲੇਂਟ ਐਂਬੈਸਡਰ ਹਨ।
ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਨੇ ਕਾਰਲੋਸ ਬ੍ਰੈੱਥਵੇਟ ਤੇ ਕੇਮਰ ਰੋਚ ਦੀ ਗੇਂਦਬਾਜ਼ੀ ਨਾਲ ਸ਼ਾਨਦਾਰ ਵਾਪਸੀ ਕਰਕੇ ਵੀਰਵਾਰ ਨੂੰ ਇੱਥੇ ਅਫਗਾਨਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ-2019 ਤੋਂ ਆਪਣੀ ਮੁਹਿੰਮ ਦਾ ਅੰਤ ਜਿੱਤ ਨਾਲ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਨੇ ਲੇਵਿਸ (58), ਸ਼ਾਈ ਹੋਪ (77) ਤੇ ਨਿਕੋਲਸ ਪੂਰਨ (58) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ 50 ਓਵਰਾਂ ਵਿਚ 6 ਵਿਕਟਾਂ 'ਤੇ 311 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਦੇ ਜਵਾਬ ਵਿਚ ਅਫਗਾਨਿਸਤਾਨ ਦੀ ਟੀਮ ਨਿਰਧਾਰਿਤ 50 ਓਵਰਾਂ ਵਿਚ 288 ਦੌੜਾਂ 'ਤੇ ਆਊਟ ਹੋ ਗਈ।