ਰਾਸ਼ਟਰਮੰਡਲ ਖੇਡਾਂ ਦੀ ਅਸਫਲਤਾ ਤੋਂ ਬਾਅਦ ਮਨਿਕਾ ਬੱਤਰਾ ਦੀਆਂ ਨਜ਼ਰਾਂ ਰਾਸ਼ਟਰੀ ਖੇਡਾਂ ''ਚ ਜ਼ੋਰਦਾਰ ਵਾਪਸੀ ''ਤੇ
Wednesday, Sep 21, 2022 - 06:07 PM (IST)

ਸੂਰਤ— ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚ ਸਫਲਤਾ ਨਹੀਂ ਮਿਲੀ ਪਰ ਹੁਣ ਇਹ ਚੋਟੀ ਦੀ ਭਾਰਤੀ ਖਿਡਾਰਨ ਇਸ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਲਈ ਰਵਾਨਾ ਹੋਣ ਤੋਂ ਪਹਿਲਾਂ ਰਾਸ਼ਟਰੀ ਖੇਡਾਂ 'ਚ ਮਜ਼ਬੂਤ ਵਾਪਸੀ ਦਾ ਟੀਚਾ ਰੱਖ ਰਹੀ ਹੈ। ਬੱਤਰਾ 2018 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਵੱਡੇ ਸਿਤਾਰਿਆਂ ਵਿੱਚੋਂ ਇੱਕ ਸੀ, ਜਿਸ ਨੇ ਮਹਿਲਾ ਸਿੰਗਲਜ਼ ਦੇ ਨਾਲ-ਨਾਲ ਟੀਮ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ ਸੀ।
ਉਸ ਨੇ ਇਸ ਸਾਲ ਏਸ਼ੀਆਈ ਖੇਡਾਂ ਵਿੱਚ ਮਿਕਸਡ ਡਬਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਪਰ ਉਹ ਪਿਛਲੇ ਮਹੀਨੇ ਬਰਮਿੰਘਮ ਤੋਂ ਖਾਲੀ ਹੱਥ ਪਰਤੀ ਸੀ। ਰਾਸ਼ਟਰੀ ਖੇਡਾਂ ਲਈ ਇੱਥੇ ਪੁੱਜੀ ਬੱਤਰਾ ਨੇ ਪੱਤਰਕਾਰਾਂ ਨਾਲ 'ਵਰਚੁਅਲ' ਗੱਲਬਾਤ 'ਚ ਕਿਹਾ, ''ਬੇਸ਼ੱਕ ਰਾਸ਼ਟਰਮੰਡਲ ਖੇਡਾਂ 'ਚ ਜਦੋਂ ਮੈਂ ਆਪਣੇ ਮੈਚ ਹਾਰ ਗਈ ਸੀ ਤਾਂ ਮੈਂ ਉਦਾਸ ਅਤੇ ਨਿਰਾਸ਼ ਸੀ, ਪਰ ਮੈਂ ਹਮੇਸ਼ਾ ਆਪਣੇ ਆਪ ਨੂੰ ਕਿਹਾ ਹੈ ਕਿ ਦੁਨੀਆ ਇੱਥੇ ਖਤਮ ਨਹੀਂ ਹੁੰਦੀ।"
ਇਹ ਵੀ ਪੜ੍ਹੋ : ਖੇਡ ਵਿਭਾਗ ’ਚ ਕੋਚਾਂ ਦੀਆਂ 220 ਅਸਾਮੀਆਂ ਜਲਦ ਭਰੀਆਂ ਜਾਣਗੀਆਂ: ਮੀਤ ਹੇਅਰ
ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਨੇ ਕਿਹਾ, '2018 ਮੇਰੇ ਲਈ ਸ਼ਾਨਦਾਰ ਸਾਲ ਰਿਹਾ। ਇਸ ਵਾਰ ਮੈਂ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਮੈਂ ਵਿਸ਼ਵ ਦੌਰੇ 'ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਚੰਗੇ ਖਿਡਾਰੀਆਂ ਨੂੰ ਹਰਾਇਆ।' ਪਰ ਹੁਣ ਉਹ ਆਪਣੀਆਂ ਗ਼ਲਤੀਆਂ ਸੁਧਾਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਉਸ ਨੇ ਕਿਹਾ, 'ਮੈਨੂੰ ਸਖ਼ਤ ਮਿਹਨਤ ਜਾਰੀ ਰੱਖਣੀ ਪਵੇਗੀ ਅਤੇ ਵਾਪਸੀ ਕਰਨੀ ਪਵੇਗੀ। ਮੈਂ ਆਪਣੀਆਂ ਬਹੁਤ ਸਾਰੀਆਂ ਗਲਤੀਆਂ 'ਤੇ ਕੰਮ ਕੀਤਾ ਹੈ ਅਤੇ ਮੇਰਾ ਕੋਚ ਮੇਰਾ 'ਸਪਾਰਿੰਗ' ਸਾਥੀ ਰਿਹਾ ਹੈ। ਸਾਨੂੰ ਅਜੇ ਵੀ ਬਹੁਤ ਸਾਰੇ ਵੱਡੇ ਟੂਰਨਾਮੈਂਟ ਖੇਡਣੇ ਹਨ ਅਤੇ ਅਗਲੇ ਸਾਲ ਏਸ਼ੀਆਈ ਖੇਡਾਂ ਵੀ ਹਨ।'
30 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਟੇਬਲ ਟੈਨਿਸ ਖਿਡਾਰੀ ਚੇਂਗਦੂ ਲਈ ਰਵਾਨਾ ਹੋਣਗੇ, ਇਸ ਲਈ ਰਾਸ਼ਟਰੀ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਟੇਬਲ ਟੈਨਿਸ ਖਿਡਾਰੀ ਪੀ. ਡੀ. ਡੀ. ਯੂ. ਇਨਡੋਰ ਸਟੇਡੀਅਮ ਵਿੱਚ ਮੁਕਾਬਲੇ ਸ਼ੁਰੂ ਕਰਨਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।