ਟੀਮ 'ਚੋਂ 'ਬਾਹਰ' ਹੋਏ ਬੱਲੇਬਾਜ਼ ਨੇ ਪਾ'ਤੀ ਧੱਕ ! ਚੌਕੇ-ਛੱਕਿਆਂ ਦਾ ਮੀਂਹ ਵਰ੍ਹਾ ਕੇ ਜੜ'ਤੀ ਡਬਲ ਸੈਂਚੁਰੀ
Thursday, Nov 12, 2026 - 12:58 PM (IST)
ਸਪੋਰਟਸ ਡੈਸਕ- ਨਿਊਜ਼ੀਲੈਂਡ ਦੇ 24 ਸਾਲਾ ਬੱਲੇਬਾਜ਼ ਬੇਵਨ ਜੈਕਬਸ, ਜਿਨ੍ਹਾਂ ਨੂੰ ਭਾਰਤ ਖ਼ਿਲਾਫ਼ ਟੀ-20 ਲੜੀ ਖੇਡਣ ਤੋਂ ਬਾਅਦ ਵਨਡੇ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ, ਨੇ ਆਪਣੇ ਲਿਸਟ-ਏ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਜੜ ਦਿੱਤਾ ਹੈ। ਉਨ੍ਹਾਂ ਨੇ 50 ਓਵਰਾਂ ਦੇ ਮੈਚ ਵਿੱਚ 21 ਛੱਕੇ ਲਗਾ ਕੇ ਅਜਿਹਾ ਇਤਿਹਾਸਕ ਰਿਕਾਰਡ ਬਣਾਇਆ ਹੈ ਜੋ ਅੱਜ ਤੱਕ ਨਿਊਜ਼ੀਲੈਂਡ ਦਾ ਕੋਈ ਵੀ ਬੱਲੇਬਾਜ਼ ਨਹੀਂ ਕਰ ਸਕਿਆ ਸੀ।
ਜੈਕਬਸ ਨੇ ਇਹ ਕਾਰਨਾਮਾ ਨਿਊਜ਼ੀਲੈਂਡ ਦੇ ਘਰੇਲੂ ਵਨਡੇ ਟੂਰਨਾਮੈਂਟ 'ਦ ਫੋਰਡ ਟ੍ਰਾਫ਼ੀ' ਵਿੱਚ 12 ਨਵੰਬਰ ਨੂੰ ਓਟਾਗੋ ਵਿਰੁੱਧ ਆਕਲੈਂਡ ਟੀਮ ਵੱਲੋਂ ਖੇਡਦਿਆਂ ਕੀਤਾ। ਉਨ੍ਹਾਂ ਨੇ 137 ਗੇਂਦਾਂ ਵਿੱਚ 21 ਛੱਕਿਆਂ ਅਤੇ 7 ਚੌਕਿਆਂ ਦੀ ਮਦਦ ਨਾਲ ਅਜੇਤੂ 202 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਆਪਣੀ ਪਾਰੀ ਦੇ ਆਖ਼ਰੀ ਓਵਰ ਵਿੱਚ ਉਨ੍ਹਾਂ ਨੇ 5 ਛੱਕੇ ਜੜੇ ਅਤੇ ਟੀਮ ਦੀ ਪਾਰੀ ਦੀ ਆਖ਼ਰੀ ਗੇਂਦ 'ਤੇ ਛੱਕਾ ਮਾਰ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ।
ਲਿਸਟ-ਏ ਕ੍ਰਿਕਟ ਦੀ ਇੱਕ ਪਾਰੀ ਵਿੱਚ 21 ਛੱਕੇ ਲਗਾਉਣ ਵਾਲੇ ਬੇਵਨ ਜੈਕਬਸ ਨਿਊਜ਼ੀਲੈਂਡ ਦੇ ਪਹਿਲੇ ਅਤੇ ਵਿਸ਼ਵ ਦੇ ਦੂਜੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਵੱਧ 23 ਛੱਕੇ ਲਗਾਉਣ ਦਾ ਵਿਸ਼ਵ ਰਿਕਾਰਡ ਆਸਟ੍ਰੇਲੀਆ ਦੇ ਬੱਲੇਬਾਜ਼ ਡਾਰਸੀ ਸ਼ਾਰਟ ਦੇ ਨਾਂ ਹੈ।
ਗੌਰਤਲਬ ਹੈ ਕਿ ਜੈਕਬਸ ਭਾਰਤ ਖ਼ਿਲਾਫ਼ ਖੇਡੀ ਗਈ 5 ਮੈਚਾਂ ਦੀ ਟੀ-20 ਲੜੀ ਦੇ ਸਾਰੇ ਮੈਚਾਂ ਦੀ ਪਲੇਇੰਗ ਇਲੇਵਨ ਵਿੱਚ ਸ਼ਾਮਲ ਸਨ, ਜਿਸ ਵਿੱਚ ਉਨ੍ਹਾਂ ਨੇ ਇੱਕ ਮੈਚ ਵਿੱਚ ਅਜੇਤੂ 58 ਦੌੜਾਂ ਦੀ ਪਾਰੀ ਵੀ ਖੇਡੀ ਸੀ। ਹਾਲਾਂਕਿ, ਇਸ ਦੇ ਬਾਵਜੂਦ ਨਿਊਜ਼ੀਲੈਂਡ ਦੇ ਚੋਣਕਾਰਾਂ ਨੇ ਉਨ੍ਹਾਂ ਨੂੰ ਭਾਰਤ ਖ਼ਿਲਾਫ਼ ਵਨਡੇ ਲੜੀ ਵਿੱਚ ਨਹੀਂ ਚੁਣਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਇਹ ਧਮਾਕੇਦਾਰ ਦੋਹਰਾ ਸੈਂਕੜਾ ਚੋਣਕਾਰਾਂ ਲਈ ਇੱਕ ਵੱਡਾ ਜਵਾਬ ਮੰਨਿਆ ਜਾ ਰਿਹਾ ਹੈ।
