50 ਲੱਖ ਪ੍ਰਤੀ ਦਿਨ ਦੇ ਕਿਰਾਏ ''ਤੇ ਲਿਆ ਸਟੇਡੀਅਮ

04/20/2018 12:19:02 AM

ਮੈਲਬੌਰਨ (ਰਮਨ/ਮਨਦੀਪ)- ਪਨਵਿਕ ਗਰੁੱਪ ਵਲੋਂ 22 ਅਪ੍ਰੈਲ ਨੂੰ ਮੈਲਬੌਰਨ ਵਿਖੇ ਕਰਵਾਏ ਜਾ ਰਹੇ ਵਰਲਡ ਕਬੱਡੀ ਕੱਪ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ। ਮੈਲਬੌਰਨ ਦੇ ਲੇਕਸਾਈਡ ਸਟੇਡੀਅਮ ਵਿਚ ਇਹ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਪਨਵਿਕ ਗਰੁੱਪ ਨੇ 50 ਲੱਖ (1 ਲੱਖ ਆਸਟਰੇਲ਼ੀਅਨ ਡਾਲਰ) 'ਚ ਇਕ ਦਿਨ ਲਈ ਕਿਰਾਏ 'ਤੇ ਲਿਆ ਹੈ।
8 ਦੇਸ਼ਾਂ ਭਾਰਤ, ਕੈਨੇਡਾ, ਅਮਰੀਕਾ, ਇੰਗਲੈਂਡ, ਪਾਕਿਸਤਾਨ, ਈਰਾਨ, ਨਿਊਜ਼ੀਲੈਂਡ ਤੇ ਆਸਟਰੇਲੀਆ ਦੀਆਂ ਟੀਮਾਂ ਇਸ ਵਿਚ ਹਿੱਸਾ ਲੈ ਰਹੀਆਂ ਹਨ। ਵੀਰਵਾਰ ਤੋਂ ਟੀਮਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ  ਹਨ। ਟੂਰਨਾਮੈਂਟ ਵਿਚ ਆਸਟਰੇਲੀਆ ਦੇ ਡਿਪਟੀ ਪੀ. ਐੱਮ. ਮਾਈਕਲ ਮਕਾਰਮਕ ਸਮੇਤ ਹਰਿਆਣਾ ਤੋਂ ਚੌਧਰੀ ਅਭੈ ਸਿੰਘ ਚੌਟਾਲਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ।
ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ,  ਚੇਅਰਮੈਨ ਕੁਲਦੀਪ ਬਾਸੀ ਤੇ ਡਾਇਰੈਕਟਰ ਰੁਪਿੰਦਰ ਸਿੰਘ ਬਰਾੜ ਨੇ ਫਾਈਨਲ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਸਟੇਡੀਅਮ ਵਿਚ ਤਕਰੀਬਨ 7 ਹਜ਼ਾਰ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਹੈ, ਜਦਕਿ ਪਰਿਵਾਰਾਂ ਲਈ ਵੱਖਰੀ ਜਗ੍ਹਾ ਰੱਖੀ ਗਈ ਹੈ।
ਜਗ ਬਾਣੀ ਸਮੇਤ ਵੱਖ-ਵੱਖ ਵੈੱਬ ਪੋਰਟਲ ਕਬੱਡੀ ਕੱਪ ਦਾ ਸਿੱਧਾ ਪ੍ਰਸਾਰਣ ਵੀ ਕਰਨਗੇ। ਕਬੱਡੀ ਕੱਪ ਦੇ ਸਕੱਤਰ ਹਰਦੀਪ ਸਿੰਘ ਬਾਸੀ ਮੁਤਾਬਕ ਇਸ ਇਕ ਦਿਨਾਂ ਕਬੱਡੀ ਕੱਪ ਉੱਤੇ ਕਰੀਬ ਪੰਜ ਲੱਖ ਡਾਲਰ ਦਾ ਖਰਚਾ ਆਵੇਗਾ, ਜਿਸ ਨੂੰ ਸਪਾਂਸਰਾਂ ਦੇ ਸਹਿਯੋਗ ਨਾਲ ਪਨਵਿਕ ਗਰੁੱਪ ਵਲੋਂ ਖਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਦੇਸ਼ਾਂ ਦੀਆਂ ਟੀਮਾਂ ਦੇ ਆਉਣ ਜਾਣ ਤੇ ਰਹਿਣ ਸਹਿਣ ਦਾ ਖਰਚਾ ਪਨਵਿਕ ਵੱਲੋਂ ਹੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਿੱਸਾ ਲੈਣ ਵਾਲੀ ਹਰ ਟੀਮ ਨੂੰ ਚਾਰ ਹਜ਼ਾਰ ਡਾਲਰ ਵੱਖਰੇ ਤੌਰ 'ਤੇ ਦਿੱਤੇ ਜਾਣਗੇ, ਜਦਕਿ ਮੁਕਾਬਲੇ ਵਿਚ ਪਹਿਲੇ ਸਥਾਨ ਆਉਣ ਵਾਲੀ ਟੀਮ ਨੂੰ 21 ਹਜ਼ਾਰ ਡਾਲਰ, ਦੂਸਰੇ 'ਤੇ ਆਉਣ ਵਾਲੀ ਨੂੰ 15 ਹਜ਼ਾਰ, ਬੈਸਟ ਜਾਫੀ ਤੇ ਰੇਡਰ ਨੂੰ 1500 ਡਾਲਰ ਦਾ ਇਨਾਮ ਦਿੱਤਾ ਜਾਵੇਗਾ।


Related News