ਹਾਕੀ: ਮਨਦੀਪ ਸਿੰਘ ਤੋਂ ਬਾਅਦ 5 ਹੋਰ ਕੋਰੋਨਾ ਪਾਜ਼ੇਟਿਵ ਖਿਡਾਰੀ ਵੀ ਹਸਪਤਾਲ ’ਚ ਦਾਖ਼ਲ
Wednesday, Aug 12, 2020 - 12:39 PM (IST)
ਨਵੀਂ ਦਿੱਲੀ– ਸਟ੍ਰਾਈਕਰ ਮਨਦੀਪ ਸਿੰਘ ਤੋਂ ਬਾਅਦ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ 5 ਹੋਰ ਹਾਕੀ ਖਿਡਾਰੀਆਂ ਨੂੰ ਵੀ ਬੈਂਗਲੁਰੂ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮਨਦੀਪ ’ਚ ਇਸ ਬਿਮਾਰੀ ਦੇ ਲੱਛਣ ਨਹੀਂ ਵਿਖਾਈ ਦੇ ਰਹੇ ਸਨ ਪਰ ਖੂਨ ’ਚ ਆਕਸੀਜਨ ਦਾ ਪੱਧਰ ਘੱਟ ਹੋਣ ’ਤੇ ਉਸ ਨੂੰ ਸੋਮਵਾਰ ਰਾਤ ਨੂੰ ਐੱਸ.ਐੱਸ. ਸਪਰਸ਼ ਮਲਟੀਸਪੈਸ਼ਲਿਟੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਟੀਮ ਦੇ ਉਨ੍ਹਾਂ ਦੇ 5 ਸਾਥੀਆਂ ਨੂੰ ਵੀ ਮੰਗਲਵਾਰ ਨੂੰ ਇਸੇ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਗਿਆ।
ਦੱਸ ਦੇਈਏ ਕਿ 20 ਅਗਸਤ ਤੋਂ ਸ਼ੁਰੂ ਹੋ ਰਹੇ ਨੈਸ਼ਨਲ ਕੈਂਪ ਲਈ ਬੈਂਗਲੁਰੂ ਪਹੁੰਚਣ ’ਤੇ ਪਿਛਲੇ ਹਫਤੇ ਭਾਰਤੀ ਟੀਮ ਦੇ 6 ਖਿਡਾਰੀਆਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਇਨ੍ਹਾਂ 6 ਖਿਡਾਰੀਆਂ ’ਚ ਪਤਾਨ ਮਨਪ੍ਰੀਤ ਸਿੰਘ, ਸਟ੍ਰਾਈਕਰ ਮਨਦੀਪ ਸਿੰਘ, ਡਿਫੈਂਡਰ ਸੁਰਿੰਦਰ ਕੁਮਾਰ ਅਤੇ ਜਸਕਰਨ ਸਿੰਘ, ਡਰੈਗ ਫਲਿਕਰ ਵਰੁਣ ਕੁਮਾਰ ਅਤੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਸਿੰਘ ਪਾਠਕ ਸ਼ਾਮਲ ਹਨ।
ਸਾਈ ਨੇ ਕਿਹਾ ਕਿ ਖਿਡਾਰੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣ ਦਾ ਫੈਸਲਾ ਇਹ ਯਕੀਨੀ ਕਰਨ ਲਈ ਕੀਤਾ ਗਿਆ ਕਿ ਹਰ ਸਮੇਂ ਉਨ੍ਹਾਂ ਦੀ ਦੇਖ-ਭਾਲ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਸਹੀ ਇਲਾਜ ਦਿੱਤਾ ਜਾ ਸਕੇ। ਸਾਰੇ 6 ਖਿਡਾਰੀਆਂ ਦੀ ਸਿਹਤ ਠੀਕ ਹੈ ਅਤੇ ਉਹ ਚੰਗੀ ਤਰ੍ਹਾਂ ਉਭਰ ਰਹੇ ਹਨ। ਸਾਈ ਮੁਤਾਬਕ, ਪੂਰੀ ਸੰਭਾਵਨਾ ਹੈ ਕਿ ਇਕ ਮਹੀਨੇ ਦੇ ਬ੍ਰੇਕ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬੈਂਗਲੁਰੂ ਦੀ ਯਾਤਰਾ ਕਰਨ ਦੌਰਾਨ ਖਿਡਾਰੀ ਬਿਮਾਰ ਹੋਏ। ਸਾਈ ਨੇ ਕਿਹਾ ਕਿ ਖਿਡਾਰੀਆਂ ਦੀ ਦਿਨ ’ਚ ਚਾਰ ਵਾਰ ਜਾਂਚ ਕੀਤੀ ਜਾ ਰਹੀ ਹੈ।