ਪੰਜਾਬ ਦੇ 3 ਪੈਰਾ ਖਿਡਾਰੀ ਪੈਰਾ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਪੈਰਿਸ ਜਾਣਗੇ

Wednesday, Aug 14, 2024 - 06:27 PM (IST)

ਪੰਜਾਬ ਦੇ 3 ਪੈਰਾ ਖਿਡਾਰੀ ਪੈਰਾ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਪੈਰਿਸ ਜਾਣਗੇ

ਜੈਤੋ, (ਰਘੂਨੰਦਨ ਪਰਾਸ਼ਰ): ਅੱਜ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਆਹੁਦੇਦਾਰਾਂ ਦਾ ਵਫਦ ਜਸਪ੍ਰੀਤ ਸਿੰਘ ਧਾਲੀਵਾਲ, ਸ਼ਾਮਿੰਦਰ ਸਿੰਘ ਢਿੱਲੋਂ, ਡਾਕਟਰ ਰਮਨਦੀਪ ਸਿੰਘ ਅਤੇ ਦਵਿੰਦਰ ਸਿੰਘ ਟਫ਼ੀ ਬਰਾੜ ਦੀ ਅਗਵਾਈ ਹੇਠ ਚੰਡੀਗੜ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਜੀ ਨੂੰ ਮਿਲਿਆ ਅਤੇ ਪੈਰਾਓਲੰਪਿਕ ਖੇਡਾਂ ਜੋ ਕਿ ਪੈਰਿਸ ਵਿੱਚ 28 ਅਗਸਤ 2024 ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਉਸ ਬਾਰੇ ਵਿਚਾਰ ਚਰਚਾ ਕੀਤੀ। 

ਉਹਨਾਂ ਮੰਤਰੀ ਸਾਹਿਬ ਨੂੰ ਦਸਿਆ ਕਿ ਪੰਜਾਬ ਦੇ ਤਿੰਨ ਖਿਡਾਰੀ ਮੁਹੰਮਦ ਯਾਸਿਰ ਕੈਟਾਗਰੀ ਐੱਫ 46 ਸ਼ਾਟਪੁੱਟ ਲਈ, ਪਲਕ ਕੋਹਲੀ ਪੈਰਾ ਬੈਡਮਿੰਟਨ ਲਈ ਅਤੇ ਪਰਮਜੀਤ ਕੁਮਾਰ 49 ਕਿਲੋ ਭਾਰ ਵਰਗ ਵਿੱਚ ਪੈਰਾ ਪਾਵਰ ਲਿਫਟਿੰਗ ਲਈ ਪੈਰਾਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਪੈਰਿਸ ਵਿਖੇ ਜਾ ਰਹੇ ਹਨ। ਕੈਬਨਿਟ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਨੇ ਪੈਰਾ ਖਿਡਾਰੀ ਮੁਹੰਮਦ ਯਾਸਿਰ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ, ਦੋ ਖਿਡਾਰੀ ਜਿਹੜੇ ਆਪਣੀ ਪ੍ਰੈਕਟਿਸ ਲਈ ਬਾਹਰ ਗਏ ਹੋਏ ਹਨ ਉਹ ਮੌਕੇ ਤੇ ਹਾਜ਼ਰ ਨਹੀਂ ਹੋ ਸਕੇ। ਮੈਡਮ ਬਲਜੀਤ ਕੌਰ ਨੇ ਅਤੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਤਿੰਨਾਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। 

ਪੀ.ਪੀ.ਐਸ.ਏ ਦੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਲੰਪਿਕ ਖੇਡਾਂ ਤੋਂ ਬਾਅਦ ਪੈਰਿਸ ਵਿਖੇ ਹੀ 28 ਅਗਸਤ 2024 ਤੋਂ "ਪੈਰਾਲੰਪਿਕ ਖੇਡਾਂ" ਸ਼ੁਰੂ ਹੋ ਰਹੀਆਂ ਹਨ ਜਿਸ ਵਿੱਚ ਸਾਡੇ ਭਾਰਤ ਦੇ 84 ਖਿਡਾਰੀ 12 ਖੇਡਾਂ ਵਿੱਚ ਸ਼ਿਰਕਤ ਕਰਨਗੇ। ਜਿਸ ਵਿਚ 3 ਖਿਡਾਰੀ ਪੰਜਾਬ ਦੇ ਵੀ ਸ਼ਾਮਿਲ ਹਨ, ਗੌਰਤਲਬ ਹੈ ਕਿ ਪਿਛਲੀਆਂ "ਪੈਰਾਲੰਪਿਕ ਖੇਡਾਂ" ਜੋ ਕਿ ਟੋਕਿਓ ਵਿਖੇ ਹੋਈਆਂ ਸਨ ਵਿੱਚ ਸਾਡੇ ਦੇਸ਼ ਦੇ 54 ਖਿਡਾਰੀਆਂ ਨੇ 19 ਤਗਮੇ ਜਿੱਤ ਕੇ ਤਗਮਾ ਸੂਚੀ ਵਿੱਚ 22ਵਾਂ ਸਥਾਨ ਮੱਲਿਆ ਸੀ। ਇਸ ਮੌਕੇ ਮਨਦੀਪ ਸਿੰਘ ਏ ਡੀ ਓ, ਜਗਰੂਪ ਸਿੰਘ ਸੂਬਾ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਜਸਇੰਦਰ ਸਿੰਘ ਢਿੱਲੋਂ, ਅਮਨਦੀਪ ਸਿੰਘ ਬਰਾੜ ਆਦਿ ਹਾਜ਼ਰ ਸਨ।
 


author

Tarsem Singh

Content Editor

Related News