ਟੀਮ ਇੰਡੀਆ ''ਚ ਵੀ ਸ਼ੁਰੂ ਹੋਈ ਡੋਪਿੰਗ ਦੀ ਟੈਨਸ਼ਨ, ਇਕੱਠਿਆਂ 2 ਕ੍ਰਿਕਟਰਾਂ ਨੂੰ ਮਿਲਿਆ ਨੋਟਿਸ

Saturday, May 09, 2026 - 03:49 PM (IST)

ਟੀਮ ਇੰਡੀਆ ''ਚ ਵੀ ਸ਼ੁਰੂ ਹੋਈ ਡੋਪਿੰਗ ਦੀ ਟੈਨਸ਼ਨ, ਇਕੱਠਿਆਂ 2 ਕ੍ਰਿਕਟਰਾਂ ਨੂੰ ਮਿਲਿਆ ਨੋਟਿਸ

ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਯਸ਼ਸਵੀ ਜਾਇਸਵਾਲ ਅਤੇ ਸ਼ੇਫਾਲੀ ਵਰਮਾ ਨੈਸ਼ਨਲ ਐਂਟੀ-ਡੋਪਿੰਗ ਏਜੰਸੀ (NADA) ਦੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਉਹ ਡੋਪ ਟੈਸਟ ਨਾਲ ਜੁੜੀ ਲਾਜ਼ਮੀ 'ਲੋਕੇਸ਼ਨ' (Whereabouts) ਸੰਬੰਧੀ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ। ਇਹ ਦੋਵੇਂ ਖਿਡਾਰੀ NADA ਦੇ 'ਰਜਿਸਟਰਡ ਟੈਸਟਿੰਗ ਪੂਲ' ਦਾ ਹਿੱਸਾ ਹਨ, ਜਿਸ ਦੇ ਤਹਿਤ ਖਿਡਾਰੀਆਂ ਨੂੰ ਅਚਾਨਕ ਹੋਣ ਵਾਲੇ ਟੈਸਟਾਂ ਲਈ ਆਪਣੀ ਲੋਕੇਸ਼ਨ ਦੀ ਜਾਣਕਾਰੀ ਨਿਯਮਿਤ ਤੌਰ 'ਤੇ ਅਪਡੇਟ ਕਰਨੀ ਹੁੰਦੀ ਹੈ।

ਕਿਉਂ ਹੋਈ ਇਹ ਕਾਰਵਾਈ? 
ਰਿਪੋਰਟਸ ਅਨੁਸਾਰ, 7 ਨਵੰਬਰ 2025 ਨੂੰ ਜਦੋਂ ਡੋਪਿੰਗ ਅਧਿਕਾਰੀ ਸੈਂਪਲ ਲੈਣ ਪਹੁੰਚੇ, ਤਾਂ ਸ਼ੇਫਾਲੀ ਵਰਮਾ ਉੱਥੇ ਮੌਜੂਦ ਨਹੀਂ ਸੀ। ਇਸੇ ਤਰ੍ਹਾਂ, ਯਸ਼ਸਵੀ ਜੈਸਵਾਲ ਵੀ 17 ਦਸੰਬਰ 2025 ਨੂੰ ਹੋਣ ਵਾਲੇ ਆਪਣੇ ਤੈਅ ਡੋਪ ਟੈਸਟ ਲਈ ਉਪਲਬਧ ਨਹੀਂ ਹੋ ਸਕੇ ਅਤੇ ਅਧਿਕਾਰੀ ਉਨ੍ਹਾਂ ਵੱਲੋਂ ਦਿੱਤੇ ਗਏ ਪਤੇ 'ਤੇ ਉਨ੍ਹਾਂ ਨੂੰ ਲੱਭ ਨਹੀਂ ਸਕੇ। NADA ਨੇ ਫਰਵਰੀ 2026 ਵਿੱਚ ਦੋਵਾਂ ਖਿਡਾਰੀਆਂ ਤੋਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਸੀ, ਪਰ ਕੋਈ ਜਵਾਬ ਨਾ ਮਿਲਣ ਕਾਰਨ ਇਨ੍ਹਾਂ ਘਟਨਾਵਾਂ ਨੂੰ ਹੁਣ ਅਧਿਕਾਰਤ ਤੌਰ 'ਤੇ 'ਮਿੱਸਡ ਟੈਸਟ' (Missed Test) ਵਜੋਂ ਦਰਜ ਕਰ ਲਿਆ ਗਿਆ ਹੈ।

ਅਗਲੇ ਕਦਮ ਅਤੇ ਸੰਭਾਵੀ ਸਜ਼ਾ 
ਇਸ ਮਾਮਲੇ ਦੀ ਜਾਣਕਾਰੀ BCCI ਅਤੇ ICC ਨੂੰ ਵੀ ਦੇ ਦਿੱਤੀ ਗਈ ਹੈ ਅਤੇ ਖਿਡਾਰੀਆਂ ਨੂੰ ਆਪਣੀ ਸਫਾਈ ਪੇਸ਼ ਕਰਨ ਲਈ 7 ਦਿਨਾਂ ਦਾ ਆਖਰੀ ਮੌਕਾ ਦਿੱਤਾ ਗਿਆ ਹੈ। ਨਿਯਮਾਂ ਮੁਤਾਬਕ ਫਿਲਹਾਲ ਇਹ ਦੋਵਾਂ ਖਿਡਾਰੀਆਂ ਲਈ ਪਹਿਲੀ ਗਲਤੀ (strike) ਮੰਨੀ ਜਾਵੇਗੀ। ਜੇਕਰ 12 ਮਹੀਨਿਆਂ ਦੀ ਮਿਆਦ ਦੇ ਅੰਦਰ 3 ਵਾਰ ਲੋਕੇਸ਼ਨ ਸੰਬੰਧੀ ਅਜਿਹੀ ਗਲਤੀ ਹੁੰਦੀ ਹੈ, ਤਾਂ ਖਿਡਾਰੀ ਨੂੰ 2 ਸਾਲ ਤੱਕ ਲਈ ਸਸਪੈਂਡ ਕੀਤਾ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਸਾਲ 2019 ਵਿੱਚ, ਭਾਰਤੀ ਖਿਡਾਰੀ ਪ੍ਰਿਥਵੀ ਸ਼ਾਅ ਨੂੰ ਵੀ ਡੋਪ ਟੈਸਟ ਪਾਜ਼ੀਟਿਵ ਆਉਣ ਕਾਰਨ 8 ਮਹੀਨਿਆਂ ਲਈ ਸਸਪੈਂਡ ਕੀਤਾ ਗਿਆ ਸੀ।


author

Tarsem Singh

Content Editor

Related News