ਆਈ-ਲੀਗ ''ਚ 11 ਟੀਮਾਂ, ਚੈਂਪੀਅਨ ਨੂੰ ਮਿਲੇਗਾ 1 ਕਰੋੜ

11/21/2019 10:47:43 PM

ਨਵੀਂ ਦਿੱਲੀ— ਹੀਰੋ ਆਈ-ਲੀਗ ਦਾ 13ਵਾਂ ਸੈਸ਼ਨ 30 ਨਵੰਬਰ ਤੋਂ ਸ਼ੁਰੂ ਹੋਵੇਗਾ ਤੇ ਇਸ ਸੈਸ਼ਨ ਵਿਚ 11 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿਚ ਜੇਤੂ ਟੀਮ ਨੂੰ 1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ। ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਆਈ-ਲੀਗ ਦੇ 13ਵੇਂ ਸੈਸ਼ਨ ਨੂੰ ਵੀਰਵਾਰ ਇੱਥੇ ਪੱਤਰਕਾਰ ਸੰਮੇਲਨ ਵਿਚ ਅਧਿਕਾਰਤ ਤੌਰ 'ਤੇ ਲਾਂਚ ਕੀਤਾ। ਟੂਰਨਾਮੈਂਟ ਦਾ ਉਦਘਾਟਨੀ ਮੈਚ ਸਾਬਕਾ ਚੈਂਪੀਅਨ ਮੋਹਨ ਬਾਗਾਨ ਤੇ ਆਈਜਾਲ ਐੱਫ. ਸੀ. ਵਿਚਾਲੇ ਮਿਜ਼ੋਰਮ ਦੇ ਰਾਜੀਵ ਗਾਂਧੀ ਸਟੇਡੀਅਮ ਵਿਚ ਖੇਡਿਆ ਜਾਵੇਗਾ।  ਮਣੀਪੁਰ ਦੀ ਟ੍ਰਾਊ ਐੱਫ. ਸੀ. ਇਸ ਸੈਸ਼ਨ ਵਿਚ ਆਈ-ਲੀਗ ਵਿਚ ਆਪਣੀ ਡੈਬਿਊ ਕਰੇਗੀ।  ਟੂਰਨਾਮੈਂਟ ਦੇ 12ਵੇਂ ਸੈਸ਼ਨ ਵਿਚ ਰੀਅਲ ਕਸ਼ਮੀਰ ਨੇ ਆਈ-ਲੀਗ ਵਿਚ ਆਪਣਾ ਡੈਬਿਊ ਕੀਤਾ ਸੀ ਤੇ ਤੀਜੇ ਸਥਾਨ ਤਕ ਪਹੁੰਚੀ ਸੀ। 13ਵੇਂ ਸੈਸ਼ਨ ਦਾ ਪ੍ਰਸਾਰਣ ਖੇਡ ਚੈਨਲ ਡੀ. ਡੀ. ਸਪੋਰਟਸ 'ਤੇ ਕੀਤਾ ਜਾਵੇਗਾ। ਜੇਤੂ ਟੀਮ ਨੂੰ ਇਕ ਕਰੋੜ ਰੁਪਏ, ਉਪ ਜੇਤੂ ਨੂੰ 60 ਲੱਖ, ਤੀਜੇ ਸਥਾਨ ਨੂੰ 40 ਲੱਖ ਤੇ ਚੌਥੇ ਸਥਾਨ ਨੂੰ 25 ਲੱਖ ਰੁਪਏ ਮਿਲਣਗੇ। ਭਾਰਤੀ ਰਾਸ਼ਟਰੀ ਟੀਮ ਦੇ ਕੋਚ ਇਗੋਰ ਸਿਟਮੈਕ ਆਈ-ਲੀਗ ਦੀ ਟਰਾਫੀ ਦੇ ਨਾਲ ਮੰਚ 'ਤੇ ਮੌਜੂਦ ਖਿਡਾਰੀਆਂ ਵਿਚਾਲੇ ਪਹੁੰਚੇ ਤੇ ਉਸ ਨੂੰ ਕਿਹਾ ਕਿ ਆਈ-ਲੀਗ ਹੀ ਇਕਲੌਤੀ  ਪ੍ਰਤੀਯੋਗਿਤਾ ਹੈ, ਜਿਸ ਨਾਲ ਰਾਸ਼ਟਰੀ ਟੀਮ ਨੂੰ ਭਵਿੱਖ ਦੇ ਖਿਡਾਰੀ ਮਿਲਦੇ ਹਨ।


Gurdeep Singh

Content Editor

Related News