ਆਪਣੀ ਆਰਥਿਕ ਬਦਹਾਲੀ ਲਈ ਪੱਛਮ ਨੂੰ ਕੋਸਣ ਦਾ ਵੀ ਸ਼ੀ ਦਾ ਦਾਅ ਉਲਟਾ ਪਿਆ
Tuesday, Aug 29, 2023 - 04:09 PM (IST)

ਆਪਣੀ ਆਰਥਿਕ ਬਦਹਾਲੀ ਲਈ ਪੱਛਮ ਨੂੰ ਕੋਸਣ ਦਾ ਵੀ ਸ਼ੀ ਦਾ ਦਾਅ ਉਲਟਾ ਪਿਆ। ਸ਼ੀ ਜਿਨਪਿੰਗ ਚੀਨ ਦੀ ਦੁਰਦਸ਼ਾ ਲਈ ਹੁਣ ਪੂਰੇ ਪੱਛਮੀ ਜਗਤ ਨੂੰ ਦੋਸ਼ ਦੇ ਰਹੇ ਹਨ ਪਰ ਸ਼ਾਇਦ ਉਨ੍ਹਾਂ ਨੇ ਸਹੀ ਸਮਾਂ ਨਹੀਂ ਚੁਣਿਆ। ਉਂਝ ਸ਼ੀ ਜਿਨਪਿੰਗ ਉਦੋਂ ਤੋਂ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀ ਆਲੋਚਨਾ ਕਰ ਰਹੇ ਹਨ ਜਦੋਂ ਤੋਂ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲਿਆ ਹੈ। ਅਸਲ ’ਚ ਸ਼ੀ ਦਾ ਕਹਿਣਾ ਹੈ ਕਿ ਚੀਨ ਦੀ ਇਸ ਸਮੇਂ ਹੋ ਰਹੀ ਦੁਰਦਸ਼ਾ ਦੇ ਪਿੱਛੇ ਅਮਰੀਕਾ ਦਾ ਹੱਥ ਹੈ। ਦਰਅਸਲ ਸ਼ੀ ਜਿਨਪਿੰਗ ਇਸ ਸਮੇਂ ਚੀਨ ਦੀ ਆਰਥਿਕ ਬਦਹਾਲੀ ਅਤੇ ਉਸ ਤੋਂ ਬਾਹਰ ਨਿਕਲਦੇ ਕੋਈ ਰਾਹ ਨਾ ਦੇਖ ਕੇ ਬਹੁਤ ਵੱਧ ਦਬਾਅ ’ਚ ਹੈ। ਇਹ ਦਬਾਅ ਸ਼ੀ ਦੇ ਉਪਰ ਕੋਰੋਨਾ ਕਾਲ ਤੋਂ ਚਲਿਆ ਆ ਰਿਹਾ ਹੈ, ਉਸ ਸਮੇਂ ਸ਼ੀ ਨੇ ਇਸ ਦਬਾਅ ਤੋਂ ਬਚਣ ਲਈ ਸਾਲ 2020 ’ਚ ਗਲਵਾਨ ਘਾਟੀ ’ਚ ਭਾਰਤੀ ਫੌਜੀਆਂ ’ਤੇ ਧੋਖੇ ਨਾਲ ਹਮਲਾ ਕਰਵਾ ਦਿੱਤਾ ਪਰ ਉਹ ਦਾਅ ਵੀ ਚੀਨ ’ਤੇ ਉਲਟਾ ਪਿਆ। ਹੁਣ ਸ਼ੀ ਜਿਨਪਿੰਗ ਸਾਰਾ ਦੋਸ਼ ਅਮਰੀਕਾ ’ਤੇ ਲਾ ਕੇ ਦੇਸ਼ਵਾਸੀਆਂ ਦਾ ਧਿਆਨ ਓਧਰੋ ਭਟਕਾਉਣਾ ਚਾਹੁੰਦੇ ਹਨ। ਸ਼ੀ ਜਿਨਪਿੰਗ ਨੂੰ ਕੁਝ ਹੋਰ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਇਤਿਹਾਸ ਦੀ ਕਿਤਾਬ ਚੁੱਕ ਲਈ ਅਤੇ ਪੰਨੇ ਪਲਟਣ ਲੱਗੇ। ਇਸ ਪਿਛੋਂ ਉਹ ਬਸਤੀਵਾਦੀ ਕਾਲ ’ਚ ਪਹੁੰਚ ਗਏ , ਫਿਰ ਉਨ੍ਹਾਂ ਨੇ ਪੱਛਮੀ ਦੇਸ਼ਾਂ ਦੀ ਲਾਨਤ ਮਲਾਤਨ ਕਰਨਾ ਸ਼ੁਰੂ ਕਰ ਦਿੱਤਾ। ਸ਼ੀ ਜਿਨਪਿੰਗ ਨੇ ਨੈਸ਼ਨਲ ਪੀਪਲਜ਼ ਕਾਂਗਰਸ ਭਾਵ ਐੱਨ. ਸੀ. ਪੀ. ਦੀ ਸਾਲਾਨਾ ਬੈਠਕ ’ਚ ਪੱਛਮੀ ਜਗਤ ਨੂੰ ਕੋਸਣ ਤੋਂ ਪਹਿਲਾਂ ਬੜੀ ਸੁੰਦਰਤਾ ਨਾਲ ਭੂਮਿਕਾ ਬੰਨੀ। ਸ਼ੀ ਨੇ ਬੈਠਕ ’ਚ ਕਿਹਾ ਕਿ ਕੋਈ ਵੀ ਦੇਸ਼ ਤਰੱਕੀ ਕਰਨ ਲਈ ਆਪਣੀਆਂ ਇਤਿਹਾਸਕ ਰਵਾਇਤਾਂ ਅਤੇ ਸਮਾਜਿਕ ਤਾਣੇ-ਬਾਣੇ, ਤਰੱਕੀ ਕਰਨ ਦੇ ਵਾਤਾਵਰਣ ਅਤੇ ਬਾਹਰੀ ਮਾਹੌਲ ਦੇ ਨਾਲ-ਨਾਲ ਕੁਝ ਹੋਰ ਗੱਲਾਂ ਦਾ ਧਿਆਨ ਰੱਖਦਾ ਹੈ।
ਸ਼ੀ ਨੇ ਇਹ ਵੀ ਕਿਹਾ ਕਿ ਚੀਨ ਦੇ ਸਟਾਇਲ ਵਾਲਾ ਆਧੁਨਿਕੀਕਰਨ ਦੇਸ਼ ਦੇ ਨਿਰਮਾਣ ਦੀ ਇਕ ਅਜਿਹੀ ਚੌੜੀ ਸੜਕ ਹੈ ਜਿਸ ’ਤੇ ਇਕ ਸ਼ਕਤੀਸ਼ਾਲੀ ਤੇ ਊਰਜਾਵਾਨ ਦੇਸ਼ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਸ ਪਿੱਛੋਂ ਪੱਛਮੀ ਦੇਸ਼ਾਂ ’ਤੇ ਦੋਸ਼ ਲਾਉਣਾ ਸ਼ੁਰੂ ਕੀਤਾ,ਪੱਛਮੀ ਦੇਸ਼ਾਂ ਦਾ ਆਧੁਨਿਕੀਕਰਨ ਦਾ ਰਾਹ ਖੂਨ-ਖਰਾਬੇ ਨਾਲ ਭਰਿਆ ਹੋਇਆ ਹੈ ਜਿਸ ’ਚ ਅਪਰਾ, ਜੰਗ, ਗੁਲਾਮੀ, ਬਸਤੀਵਾਦ ਅਤੇ ਕਈ ਵਿਕਾਸਸ਼ੀਲ ਦੇਸ਼ਾਂ ਦਾ ਨਾਸ ਕੀਤਾ ਗਿਆ। ਸ਼ੀ ਜਿਨਪਿੰਗ ਨੇ ਸਖਤ ਸ਼ਬਦਾਂ ’ਚ ਪੱਛਮੀ ਦੇਸ਼ਾਂ ਦੀ ਆਲੋਚਨਾ ਕੀਤੀ ਪਰ ਜਦੋਂ ਚੀਨ ਤਰੱਕੀ ਦੀ ਰਾਹ ’ਤੇ ਅੱਗੇ ਵਧ ਰਿਹਾ ਸੀ ਤਦ ਚੀਨ ਨੂੰ ਇਹ ਸਾਰੀਆਂ ਗੱਲਾਂ ਯਾਦ ਨਹੀਂ ਆਈਆਂ ਜਦਕਿ ਇਸ ਸਮੇਂ ਚੀਨ ਨੂੰ ਇਹ ਸਾਰੀਆਂ ਗੱਲਾਂ ਯਾਦ ਆ ਰਹੀਆਂ ਹਨ। ਦਰਅਸਲ ਚੀਨ ਇਸ ਸਮੇਂ ਬਹੁਤ ਮੁਸ਼ਕਲ ’ਚ ਹੈ, ਉਸ ਦੀ ਆਰਥਿਕ ਹਾਲਤ ਖਸਤਾ ਹੈ। ਬੇਰੋਜ਼ਗਾਰੀ ਵਧਦੀ ਜਾ ਰਹੀ ਹੈ, ਨਾਲ ਹੀ ਕੁਦਰਤੀ ਆਫਤਾਂ ਨੇ ਚੀਨ ਨੂੰ ਘੇਰ ਰੱਖਿਆ ਹੈ ਅਤੇ ਉਪਰੋਂ ਅਮਰੀਕਾ ਸਮੇਤ ਪੱਛਮੀ ਦੇਸ਼ ਉਸ ਨਾਲ ਆਪਣੇ ਕਾਰੋਬਾਰੀ ਸਬੰਧਾਂ ਨੂੰ ਖਤਮ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਸ਼ੀ ਜਿਨਪਿੰਗ ਨੇ ਇਕ ਹੋਰ ਗੱਲ ਕਹੀ, ਉਹ ਇਹ ਕਿ ਚੀਨ ਅਤੇ ਚੀਨ ਦੇ ਲੋਕਾਂ ਨੇ ਪੱਛਮੀ ਦੇਸ਼ਾਂ ਵਲੋਂ ਆਪਣਾ ਸ਼ੋਸ਼ਣ, ਨਿਰਾਦਰ ਅਤੇ ਪੱਛਮੀ ਦੇਸ਼ਾਂ ਦਾ ਹਮਲਾ ਝੱਲਿਆ ਹੈ, ਇਸ ਲਈ ਚੀਨ ਸ਼ਾਂਤੀ ਨੂੰ ਮਹੱਤਵ ਦਿੰਦਾ ਹੈ। ਚੀਨ ਲਈ ਪੱਛਮੀ ਦੇਸ਼ਾਂ ਦੀ ਤਰੱਕੀ ਦਾ ਰਾਹ ਅਪਣਾਉਣਾ ਅਸੰਭਵ ਹੈ ਪਰ ਸ਼ੀ ਜਿਨਪਿੰਗ ਇਹ ਦੱਸਣਾ ਭੁੱਲ ਗਏ ਕਿ ਅੱਜ ਸੀ.ਪੀ.ਸੀ. ਨੇ ਦੁਨੀਆ ਦੇ ਕਿੰਨੇ ਦੇਸ਼ਾਂ ਨੂੰ ਆਪਣੇ ਸਵਾਰਥ ਲਈ ਜਾਲ ’ਚ ਫਸਾ ਦਿੱਤਾ ਹੈ ਜਿਸ ਨਾਲ ਉਨ੍ਹਾਂ ਦੀ ਤਰੱਕੀ ਰੁਕੀ ਹੋਈ ਹੈ।
ਸ਼ੀ ਜਿਨਪਿੰਗ ਉਸ ਸਮੇਂ ਪੱਛਮ ਦੀ ਬੁਰਾਈ ਕਰ ਰਹੇ ਹਨ ਜਦ ਚੀਨੀ ਸਟਾਇਲ ਵਾਲੇ ਰਾਹ ’ਤੇ ਚੱਲ ਕੇ ਚੀਨ ਦੀ ਤਰੱਕੀ ਰੁਕ ਗਈ ਹੈ, ਆਰਥਿਕ ਵਿਕਾਸ ਰੁਕ ਗਿਆ ਹੈ, ਚੀਨ ਦੀ ਦਰਾਮਦ ਠੱਪ ਪਈ ਹੈ। ਤਾਜ਼ਾ ਅੰਕੜੇ ਦੱਸ ਰਹੇ ਹਨ ਕਿ ਦੋ ਸਾਲਾਂ ਪਿੱਛੋਂ ਜੁਲਾਈ ਮਹੀਨੇ ’ਚ ਚੀਨ ਦੀ ਅਰਥਵਿਵਸਥਾ ਘਾਟੇ ’ਚ ਪਹੁੰਚ ਗਈ ਹੈ ਜਿੱਥੇ ਚੀਜ਼ਾਂ ਦੇ ਭਾਅ ਡਿੱਗਦੇ ਜਾ ਰਹੇ ਹਨ। ਬਾਵਜੂਦ ਇਸ ਦੇ ਕੋਈ ਖਰੀਦਦਾਰ ਨਹੀਂ ਮਿਲ ਰਿਹਾ ਹੈ। ਓਧਰ ਚੀਨ ਦੇ ਰਾਸ਼ਟਰੀ ਅੰਕੜਾ ਬਿਊਰੋ ਨੇ ਇਹ ਐਲਾਨ ਕੀਤਾ ਹੈ ਕਿ ਉਹ ਸ਼ਹਿਰੀ ਇਲਾਕਿਆਂ ’ਚ ਰਹਿਣ ਵਾਲੇ ਨੌਜਵਾਨਾਂ ਦੇ ਬੇਰੋਜ਼ਗਾਰੀ ਅੰਕੜੇ ਕੁਝ ਸਮੇਂ ਤੱਕ ਜਾਰੀ ਨਹੀਂ ਕਰਨਗੇ। ਇਸ ਗੱਲ ਦੀ ਚੀਨ ਦੇ ਨੈਟੀਜ਼ਨਾਂ ’ਚ ਬਹੁਤ ਬੁਰਾਈ ਹੋ ਰਹੀ ਹੈ, ਲੋਕਾਂ ਨੇ ਸੀ. ਪੀ. ਸੀ. ਨੂੰ ਲੰਮੇ ਹੱਥੀਂ ਲੈਣਾ ਸ਼ੁਰੂ ਕਰ ਿਦੱਤਾ ਹੈ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਚੀਨ ਦੀ ਅਰਥਵਿਵਸਥਾ ਅਧਿਕਾਰਤ ਅੰਕੜਿਆਂ ਜਿੰਨੀ ਬਦਹਾਲ ਨਹੀਂ ਹੈ ਸਗੋਂ ਉਸ ਤੋਂ ਵੀ ਕਿਤੇ ਜ਼ਿਆਦਾ ਬਦਹਾਲ ਹੈ ਅਤੇ ਇਹ ਲਗਾਤਾਰ ਹੋਰ ਖਰਾਬ ਹੁੰਦੀ ਜਾ ਰਹੀ ਹੈ। ਪਿਛਲੇ ਹਫਤੇ 15 ਅਗਸਤ ਨੂੰ ਚੀਨ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਐਵਰਗ੍ਰਾਂਡੇ ਨੇ ਖੁਦ ਨੂੰ ਦਿਵਾਲੀਆ ਐਲਾਨਦਿਆਂ ਚੀਨ ਦੇ ਰਾਸ਼ਟਰੀ ਬੈਂਕ ’ਚ ਇਸ ਦੀ ਅਰਜ਼ੀ ਦੇ ਿਦੱਤੀ। ਇਸ ਦੇ ਇਲਾਵਾ ਵੀ ਸੋਹੋ, ਕੰਟ੍ਰੀ ਗਾਰਡਨ ਵਰਗੀਆਂ ਛੋਟੀਆਂ-ਵੱਡੀਆਂ ਰੀਅਲ ਅਸਟੇਟ ਕੰਪਨੀਆਂ ਦਿਵਾਲੀਆ ਹੁੰਦੀਆਂ ਜਾ ਰਹੀਆਂ ਹਨ। ਰੀਅਲ ਅਸਟੇਟ ਕੰਪਨੀਆਂ ਸਿੱਧੇ ਅਤੇ ਅਸਿੱਧੇ ਤੌਰ ’ਤੇ ਵੱਡੀ ਗਿਣਤੀ ’ਚ ਨੌਕਰੀਆਂ ਦਿੰਦੀਆਂ ਹਨ। ਇਨ੍ਹਾਂ ਦੇ ਦਿਵਾਲੀਆ ਹੋਣ ਨਾਲ ਹਜ਼ਾਰਾਂ ਲੋਕ ਬੇਰੋਜ਼ਗਾਰ ਹੋ ਗਏ ਹਨ, ਨਾਲ ਹੀ ਇਨ੍ਹਾਂ ਨਾਲ ਜੁੜੇ ਦੂਜੇ ਉਦਯੋਗ ਵੀ ਬੈਠ ਗਏ ਹਨ। ਸ਼ੀ ਜਿਨਪਿੰਗ ਦੇਸ਼ ਅੰਦਰ ਲੋਕਾਂ ’ਚ ਪੈਦਾ ਹੋ ਰਹੇ ਗੁੱਸੇ ਨੂੰ ਪੱਛਮੀ ਦੇਸ਼ਾਂ ਵੱਲ ਮੋੜਣਾ ਚਾਹੁੰਦੇ ਸਨ ਪਰ ਸੋਸ਼ਲ ਮੀਡੀਆ ’ਤੇ ਨੈਟੀਜ਼ਨਾਂ ਨੇ ਉਲਟਾ ਸ਼ੀ ਜਿਨਪਿੰਗ ਨੂੰ ਹੀ ਘੇਰਨਾ ਸ਼ੁਰੂ ਕਰ ਿਦੱਤਾ ਹੈ। ਸ਼ੀ ਦਾ ਇਹ ਦਾਅ ਵੀ ਉਲਟ ਪੈ ਗਿਆ, ਇਸ ਸਮੇਂ ਸ਼ੀ ਜਿਨਪਿੰਗ ਅਤੇ ਸੀ.ਪੀ.ਸੀ. ਦੀ ਸਮਝ ’ਚ ਨਹੀਂ ਆ ਰਿਹਾ ਹੈ ਕਿ ਚੀਨ ਦੀ ਡਿੱਗਦੀ ਅਰਥਵਿਵਸਥਾ ਨੂੰ ਵਾਪਸ ਲੀਹ ’ਤੇ ਲਿਆਉਣ ਲਈ ਕਿਹੜਾ ਰਾਹ ਅਪਣਾਇਆ ਜਾਵੇ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਨੇ ਪੱਛਮੀ ਦੇਸ਼ਾਂ ਨਾਲ ਵੈਰ ਪਾ ਕੇ ਖੁਦ ਦੇ ਪੈਰਾਂ ’ਤੇ ਕੁਹਾੜੀ ਮਾਰੀ ਹੈ ਅਤੇ ਹੁਣ ਚੀਨ ਨੂੰ ਇਸ ਤੋਂ ਬਾਹਰ ਨਿਕਲਣ ਦਾ ਰਾਹ ਨਹੀਂ ਸੁੱਝ ਰਿਹਾ। ਆਉਣ ਵਾਲੇ ਦਿਨਾਂ ’ਚ ਚੀਨ ਦੀ ਆਰਥਿਕ ਹਾਲਤ ਬਦ ਤੋਂ ਬੱਦਤਰ ਹੁੰਦੀ ਜਾਵੇਗੀ, ਦੂਰ ਤੱਕ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ ਹੈ।