ਔਰਤਾਂ ਦੇ ਸਨਮਾਨ ਨੂੰ ਲੈ ਕੇ ਇਕ ਅਧਿਆਪਕ ਦੀ ‘ਅਨੋਖੀ ਪਹਿਲ’

10/11/2018 6:56:43 AM

ਆਮ ਭਾਰਤੀ ਜੀਵਨ ’ਚ ਔਰਤ ਨੂੰ ਬਹੁਤ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ। ਇਥੋਂ ਤਕ ਕਿਹਾ ਗਿਆ ਕਿ ਜਿਥੇ ਔਰਤ ਦਾ ਸਨਮਾਨ ਹੁੰਦਾ ਹੈ ,ਉਥੇ ਦੇਵਤੇ ਵਾਸ ਕਰਦੇ ਹਨ। ਸਾਡੇ ਭਾਰਤੀ ਸਮਾਜ ’ਚ ਕੰਨਿਆਵਾਂ ਨੂੰ ਪ੍ਰਤੱਖ ਦੇਵੀ ਸਰੂਪ ਮੰਨ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ।
ਕੋਈ ਵੀ ਸਮਾਜ ਜਾਂ ਕੋਈ ਵੀ ਦੌਰ ਕਦੇ ਵੀ 100 ਫੀਸਦੀ ਆਦਰਸ਼ ਨਹੀਂ ਹੋ ਸਕਦਾ ਪਰ ਅਜਿਹਾ ਬਣਨ ਦੀ ਕੋਸ਼ਿਸ਼ ਕਰਨ ’ਚ ਕੋਈ ਬੁਰਾਈ ਨਹੀਂ ਹੈ। ਮਨੁੱਖੀ ਜੀਵਨ ’ਚ ਜਿਹੜੇ 16 ਸੰਸਕਾਰਾਂ ਦੀ ਕਲਪਨਾ ਕੀਤੀ ਗਈ ਹੈ, ਉਨ੍ਹਾਂ ਦਾ ਵੀ ਆਪਣਾ ਵਿਗਿਆਨਕ ਤੇ ਮਨੋਵਿਗਿਆਨਕ ਆਧਾਰ ਹੈ। 
ਰੱਖੜੀ, ਭਾਈ ਦੂਜ, ਕੰਜਕਾਂ ਦੀ ਪੂਜਾ, ਸਾਂਝੇ ਪਰਿਵਾਰਾਂ ਦੀ ਵਿਵਸਥਾ, ਵਿਆਹ ਸੰਸਕਾਰ, ਕਰਵਾ ਚੌਥ, ਤੀਆਂ ਆਦਿ ਸਾਰੇ ਤਿਉਹਾਰ ਜਾਂ ਰੀਤੀ-ਰਿਵਾਜ਼ ਮਨੁੱਖ ਦੇ ਭਾਵਨਾਤਮਕ ਪਹਿਲੂ ਨੂੰ ਮਜ਼ਬੂਤੀ ਦੇਣ ਵਾਲੇ ਹਨ।
ਭਾਰਤੀ ਸੱਭਿਅਤਾ ’ਚ ਕੰਜਕਾਂ ਦੀ ਪੂਜਾ ਸਾਡੀ ਸਨਾਤਨ ਪ੍ਰਪੰਰਾ ਦਾ ਇਕ ਅੰਗ ਹੈ। 1000-1200 ਸਾਲਾਂ ਦੀ ਗੁਲਾਮੀ ਦੌਰਾਨ ਭਾਰਤੀ ਸਮਾਜ ਸੰਘਰਸ਼ ਕਰਦਾ ਰਿਹਾ ਤੇ ਇਸ ਦਾ ਅਸਰ ਸਾਡੀਆਂ ਵੱਖ-ਵੱਖ ਸੱਭਿਆਚਾਰ ਵਿਰਾਸਤਾਂ ਅਤੇ ਰਵਾਇਤਾਂ ’ਤੇ ਵੀ  ਪਿਆ। ਦੌਰ ਦੇ ਪ੍ਰਵਾਹ ’ਚ ਕੰਜਕ ਪੂਜਾ ਦੀ ਰਵਾਇਤ ਕੁਝ ਢਿੱਲੀ ਪਈ, ਟੀ. ਵੀ. ਚੈਨਲਾਂ, ਇਸ਼ਤਿਹਾਰਾਂ ਨੇ ਔਰਤ ਦਾ ਵਿਗੜਿਆ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ।
ਪੱਛਮੀ ਦੇਸ਼ਾਂ ਦੀ ਆਧੁਨਿਕਤਾ ਸਿਰ ਚੜੀ ਤਾਂ ਅੱਜ ਨਤੀਜਾ ਸਾਰੇ ਦੇਖ ਹੀ ਰਹੇ ਹਨ ਅਤੇ ਭੁਗਤ ਵੀ ਰਹੇ ਹਨ। ਮੁੱਢ-ਕਦੀਮ ਤੋਂ ਅਸੀਂ ਗਊ ਨੂੰ ‘ਮਾਂ’ ਮੰਨਦੇ ਆਏ ਹਾਂ, ਇਸ ਲਈ ਗਊ ਪ੍ਰਤੀ ਅਜਿਹੀ ਪਵਿੱਤਰ ਸੋਚ ਲੋਕਾਂ ਦੇ ਮਨ ’ਚ ਬਣ ਗਈ।
 ਇਸੇ ਤਰ੍ਹਾਂ ਹੀ ਲਗਾਤਾਰ ਕੰਜਕਾਂ ਦੀ ਪੂਜਾ ਦੇ ਪ੍ਰੋਗਰਾਮ ਹੋਣ ਨਾਲ ਕੁੜੀਆਂ, ਔਰਤਾਂ ਪ੍ਰਤੀ, ਸਹਿਪਾਠਣਾਂ ਪ੍ਰਤੀ ਵੀ ਸਾਡੀ ਚੰਗੀ ਸੋਚ ਬਣਨ ਲੱਗੇਗੀ ਤਾਂ ਹੀ ਬਲਾਤਕਾਰ ਤੇ ਔਰਤ ਦੇ ਸ਼ੋਸ਼ਣ ਵਰਗੀਆਂ ਘਟਨਾਵਾਂ ਰੁਕਣਗੀਆਂ।
ਅਜਿਹੀ ਹੀ ਸੋਚ ਹੈ ਰਾਜਸਥਾਨ ਦੇ ਇਕ ਸਰਕਾਰੀ ਸਕੂਲ ਅਧਿਆਪਕ ਸੰਦੀਪ ਜੋਸ਼ੀ ਦੀ, ਜੋ ਪਿਛਲੇ ਕਈ ਸਾਲਾਂ ਤੋਂ ਸਕੂਲ ’ਚ ਕੰਜਕ ਪੂਜਾ ਦਾ ਪ੍ਰੋਗਰਾਮ ਰੱਖ ਕੇ ਸਮਾਜ ’ਚ ਬੱਚੀਆਂ ਦੇ ਸਨਮਾਨ ਤੇ ਸਿੱਖਿਆ ਦਾ ਸੰਦੇਸ਼ ਦੇਣ ਦਾ ਕੰਮ ਕਰ ਰਹੇ ਹਨ।
 ਸੰਦੀਪ ਜੋਸ਼ੀ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਸਕੂਲ ’ਚ ਕੁਝ ਸਾਲ ਪਹਿਲਾਂ ਕੰਜਕ ਪੂਜਾ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਅਤੇ ਅੱਜ ਸਾਰਿਆਂ ਦੇ ਸਹਿਯੋਗ ਸਦਕਾ ਸੂਬੇ ਦੇ 18 ਜ਼ਿਲਿਆਂ ’ਚ 500 ਤੋਂ ਜ਼ਿਆਦਾ ਸਕੂਲਾਂ ’ਚ ਬਿਨਾਂ ਕਿਸੇ ਸਰਕਾਰੀ ਹੁਕਮ ਤੇ ਸਰਕਾਰੀ ਬਜਟ ਦੇ ਇਹ ਪ੍ਰੋਗਰਾਮ ਚਲ ਰਿਹਾ ਹੈ। 
ਉਨ੍ਹਾਂ ਦਾ ਮੰਨਣਾ ਹੈ ਕਿ ਕੰਜਕ ਪੂਜਾ/ਔਰਤ ਦੇ ਸਨਮਾਨ ਦੀ ਭਾਵਨਾ ਜਾਗਰੂਕ ਹੋਣ ਨਾਲ ਹੀ ਸਮਾਜ ਦਾ ਨਜ਼ਰੀਆ ਬਦਲੇਗਾ ਅਤੇ ਔਰਤਾਂ ਵਿਰੁੱਧ ਹਿੰਸਾ, ਅੱਤਿਆਚਾਰ ਦੀਆਂ ਘਟਨਾਵਾਂ ਰੁਕਣਗੀਆਂ। ਕੰਜਕ ਪੂਜਾ ਦਾ ਪ੍ਰੋਗਰਾਮ ਸਿਰਫ ਵਿਦਿਆਰਥੀਆਂ ਨੂੰ ਹੀ ਸੰਸਕਾਰੀ ਨਹੀਂ ਬਣਾਉਂਦਾ ਸਗੋਂ  ਛੋਟੀਆਂ ਬੱਚੀਆਂ ਦੇ ਮਨ ’ਚ ਵੀ ਆਤਮ-ਵਿਸ਼ਵਾਸ ਦੀ ਭਾਵਨਾ ਜਗਾਉਂਦਾ ਹੈ। 
ਸੰਜੀਵ ਜੋਸ਼ੀ ਦਾ ਮੰਨਣਾ ਹੈ ਕਿ ਸਮਾਜ ’ਚ ਵਿਆਪਕ ਤਬਦੀਲੀ ਸਕੂਲ ਹੀ ਲਿਆ ਸਕਦੇ ਹਨ। ਸਮਾਜ ਤੇ ਦੇਸ਼ ਪ੍ਰਤੀ ਆਪਣੀ ਕ੍ਰਿਤਘਣਤਾ ਪ੍ਰਗਟਾਉਣ ਦਾ ਇਹ ਇਕ ਜ਼ਰੀਆ ਹੈ। ਇਸ ਲਈ ਲਗਾਤਾਰ ਕੁਝ ਨਾ ਕੁਝ ਚੰਗਾ ਕਰਨ ਦੀ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ। ਆਮ ਤਜਰਬੇ ਦੀ ਗੱਲ ਇਹ ਵੀ ਹੈ ਕਿ ਅਸੀਂ ਕਿਸੇ ਵੀ ਕੰਮ ਜਾਂ ਵਿਸ਼ੇ ’ਚ ਜਿੰਨਾ ਡੂੰਘਾ ਉਤਰਦੇ ਹਾਂ, ਓਨਾ ਹੀ ਉਸ ਨਾਲ ਸੰਬੰਧਤ ਨਵੇਂ ਵਿਚਾਰ, ਨਵੇਂ ਤਜਰਬੇ ਸਾਡੇ ਸਾਹਮਣੇ ਆਉਂਦੇ ਹਨ। ਇਸ ’ਚ ਅਸੀਂ ਅਧਿਆਤਮਿਕਤਾ ਦੀ ਭਾਵਨਾ ਵੀ ਦੇਖ ਸਕਦੇ ਹਾਂ। 
 


Related News