ਕੀ ਹਰਿਆਣਾ ’ਚ ਬਦਲਣਗੇ ਸਮੀਕਰਨ
Tuesday, Jun 13, 2023 - 07:16 PM (IST)

ਸ਼ਾਂਤ ਨਜ਼ਰ ਆ ਰਹੀ ਹਰਿਆਣਾ ਦੀ ਸਿਆਸਤ ’ਚ ਫਿਰ ਤੋਂ ਲਹਿਰਾਂ ਉੱਠ ਰਹੀਆਂ ਹਨ। ਲਹਿਰਾਂ ਦੋਵੇਂ ਪਾਸੇ ਹਨ : ਸੱਤਾ ਧਿਰ ’ਚ ਵੀ ਅਤੇ ਵਿਰੋਧੀ ਧਿਰ ’ਚ ਵੀ ਸਨ। ਸੱਤਾਧਾਰੀ ਭਾਜਪਾ-ਜਜਪਾ ਗੱਠਜੋੜ ’ਚ ਆਪਸੀ ਕਟਾਖਸ਼ ਹੁਣ ਜ਼ਿਆਦਾ ਉੱਚੇ ਹੋਣ ਲੱਗੇ ਹਨ ਤਾਂ ਅਚਾਨਕ ਸੂਬਾ ਇੰਚਾਰਜ ਬਦਲੇ ਜਾਣ ਨਾਲ ਕਾਂਗਰਸ ਦੀ ਸਿਆਸਤ ਵੀ ਗਰਮਾ ਰਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਬਹੁਮਤ ਤੋਂ ਉੱਠ ਗਈ ਸੀ। 90 ਮੈਂਬਰੀ ਵਿਧਾਨ ਸਭਾ ’ਚ ਉਸ ਨੂੰ 40 ਸੀਟਾਂ ਮਿਲੀਆਂ ਸਨ ਜਦਕਿ ਵਿਰੋਧੀ ਧਿਰ ਕਾਂਗਰਸ ਨੂੰ 31। ਤ੍ਰਿਸ਼ੰਕੂ ਵਿਧਾਨ ਸਭਾ ਦਾ ਵੱਡਾ ਕਾਰਣ ਨਵੇਂ ਸਿਆਸੀ ਦਲ ਜਜਪਾ ਨੂੰ ਮੰਨਿਆ ਗਿਆ, ਜਿਸ ਨੇ ਅਪ੍ਰਤੱਖ ਤੌਰ ’ਤੇ 10 ਸੀਟਾਂ ਜਿੱਤ ਕੇ ਆਪਣੇ ਚੋਣ ਨਿਸ਼ਾਨ ਚਾਬੀ ਨੂੰ ਸੱਤਾ ਦੀ ਚਾਬੀ ’ਚ ਬਦਲ ਦਿੱਤਾ। ਬੇਸ਼ੱਕ 8 ਆਜ਼ਾਦ ਵਿਧਾਇਕਾਂ ਦੇ ਇਲਾਵਾ ਹਰਿਆਣਾ ਲੋਕਹਿਤ ਪਾਰਟੀ ਦੇ ਗੋਪਾਲ ਕਾਂਡਾ ਵੀ ਜਿੱਤੇ। ਪ੍ਰਤੱਖ ਹੈ, ਸਭ ਤੋਂ ਵੱਡੇ ਦਲ ਦੇ ਨਾਤੇ ਭਾਜਪਾ ਸੱਤਾ ’ਚ ਹਿੱਸੇਦਾਰੀ ਲਈ ਲਲਚਾ ਰਹੇ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਨਾਲ ਵੀ ਸਰਕਾਰ ਬਣਾ ਸਕਦੀ ਸੀ ਪਰ ਸਥਿਰਤਾ ਦਾ ਸੰਦੇਸ਼ ਦੇਣ ਲਈ ਜਜਪਾ ਨਾਲ ਗੱਠਜੋੜ ਨੂੰ ਬਿਹਤਰ ਬਦਲ ਮੰਨਿਆ। ਕਿਹਾ ਜੋ ਵੀ ਜਾਵੇ, ਗੱਠਜੋੜ ਸੱਤਾ ’ਚ ਹਿੱਸੇਦਾਰੀ ਲਈ ਕੀਤੇ ਜਾਂਦੇ ਹਨ, ਇਸ ਲਈ ਹੈਰਾਨੀ ਨਹੀਂ ਕਿ ਜਜਪਾ ਆਗੂ ਦੁਸ਼ਿਅੰਤ ਚੌਟਾਲਾ ਨੂੰ ਮਨੋਹਰ ਲਾਲ ਸਰਕਾਰ ’ਚ ਉਪ ਮੁੱਖ ਮੰਤਰੀ ਬਣਾਉਂਦੇ ਹੋਏ ਭਾਰੀ ਭਰਕਮ ਮੰਤਰਾਲੇ ਵੀ ਦਿੱਤੇ ਗਏ। ਬਾਅਦ ’ਚ ਜਜਪਾ ਦੇ ਦੋ ਹੋਰ ਵਿਧਾਇਕਾਂ ਦਵਿੰਦਰ ਬਬਲੀ ਅਤੇ ਅਨੂਪ ਧਾਨਕ ਨੂੰ ਵੀ ਮੰਤਰੀ ਬਣਾਇਆ ਗਿਆ ਤਾਂ ਕੁਝ ਨੂੰ ਕਾਨੂੰਨ ਨਿਗਮ ਅਤੇ ਬੋਰਡ ਦੇ ਚੇਅਰਮੈਨ ਦੇ ਤੌਰ ’ਤੇ ਐਡਜਸਟ ਕੀਤਾ ਗਿਆ। ਦੋਵਾਂ ਦਲਾਂ ਨੇ ਆਪਣੇ ਚੋਣ ਮਨੋਰਥ ਪੱਤਰਾਂ ਦੇ ਆਧਾਰ ’ਤੇ ਘੱਟੋ-ਘੱਟ ਸਾਂਝਾ ਪ੍ਰੋਗਰਾਮ ਵੀ ਤੈਅ ਕੀਤਾ।
ਸ਼ੁਰੂ ’ਚ ਸਭ ਕੁਝ ਠੀਕ ਚਲਿਆ ਪਰ ਜਨਆਧਾਰ ਦੇ ਅੰਤਰ ਵਿਰੋਧ ਅਤੇ ਸਿਆਸੀ ਇੱਛਾਵਾਂ ਕਦੇ-ਕਦਾਈਂ ਉਭਰਦੀਆਂ ਵੀ ਰਹੀਆਂ। ਕਿਸਾਨ ਅੰਦੋਲਨ ਤੋਂ ਲੈ ਕੇ ਬੁਢਾਪਾ ਪੈਨਸ਼ਨ ਤੱਕ ’ਤੇ ਜਜਪਾ ਵੱਖਰੀ ਸੁਰ ’ਚ ਬੋਲਦੀ ਰਹੀ, ਤਾਂ ਨਿੱਜੀ ਉਦਯੋਗਾਂ ’ਚ ਸਥਾਨਕ ਨੌਜਵਾਨਾਂ ਲਈ ਰਿਜ਼ਰਵੇਸ਼ਨ ਦਾ ਸਿਹਰਾ ਲੈਣ ਦੀ ਦੌੜ ਦੋਵਾਂ ਦਲਾਂ ’ਚ ਨਜ਼ਰ ਆਈ। ਕੋਰੋਨਾ ਕਾਲ ’ਚ ਸ਼ਰਾਬ ਤੋਂ ਲੈ ਕੇ ਰਜਿਸਟਰੀ ਤਕ ’ਚ ਹੋਏ ਕਥਿਤ ਘਪਲੇ ਦੁਸ਼ਿਅੰਤ ਚੌਟਾਲਾ ਦੇ ਹੀ ਵਿਭਾਗਾਂ ਨਾਲ ਜੁੜੇ ਰਹੇ, ਇਸ ਲਈ ਵੀ ਦੋਵਾਂ ਦਲਾਂ ਦੇ ਰਿਸ਼ਤੇ ਅਸਹਿਜ ਹੁੰਦੇ ਗਏ। ਸ਼ਰਾਬ ਘਪਲੇ ਤੇ ਆਬਕਾਰੀ ਮੰਤਰੀ ਦੇ ਰੂਪ ’ਚ ਚੌਟਾਲਾ ਅਤੇ ਗ੍ਰਹਿ ਮੰਤਰੀ ਦੇ ਰੂਪ ’ਚ ਅਨਿਲ ਵਿਜ ਆਹਮਣੋ-ਸਾਹਮਣੇ ਵੀ ਨਜ਼ਰ ਆਏ ਪਰ ਗੱਠਜੋੜ ਧਰਮ ਨੂੰ ਮਹਿਸੂਸ ਕਰਦਿਆਂ ਦੋਵਾਂ ਹੀ ਦਲਾਂ ਦੇ ਆਗੂ ਇਸ ਸਭ ਕੁਝ ਨੂੰ ਨਜ਼ਰਅੰਦਾਜ਼ ਕਰਦੇ ਰਹੇ। ਉਂਝ ਦੋਵਾਂ ਦਲਾਂ ਦਾ ਜਨਆਧਾਰ ਇਸ ਹੱਦ ਤਕ ਵੱਖਰਾ ਹੈ ਕਿ ਉਸ ਦੇ ਇਕੱਠਿਆਂ ਮਤਦਾਨ ਕਰਨ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਇਸ ਲਈ ਇਸ ਦਰਮਿਆਨ ਹੋਈਆਂ ਸਥਾਨਕ ਚੋਣਾਂ ’ਚ ਦੋਵਾਂ ਦਲਾਂ ਦੇ ਸੁਰ ਕਈ ਵਾਰ ਵੱਖਰੇ-ਵੱਖਰੇ ਸੁਣਾਈ ਦਿੱਤੇ। ਇਹ ਤੱਥ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਪਿਛਲੀ ਵਾਰ ਜਜਪਾ ਦੀ ਟਿਕਟ ’ਤੇ ਜਿੱਤੇ ਜ਼ਿਆਦਾਤਰ ਵਿਧਾਇਕ ਮੂਲ ਤੌਰ ’ਤੇ ਉਸ ਦੇ ਨਹੀਂ ਹਨ। ਜਿਹੜੇ ਦਮਦਾਰ ਦਾਅਵੇਦਾਰਾਂ ਨੂੰ ਉਨ੍ਹਾਂ ਦੇ ਮੂਲ ਦਲ ਤੋਂ ਟਿਕਟ ਨਹੀਂ ਮਿਲਿਆ, ਉਨ੍ਹਾਂ ਨੇ ਜਜਪਾ ਦੇ ਟਿਕਟ ’ਤੇ ਜ਼ੋਰ ਅਜ਼ਮਾਇਆ। ਉਨ੍ਹਾਂ ’ਚੋਂ ਕਈ ਜਿੱਤ ਵੀ ਗਏ, ਜਿਨ੍ਹਾਂ ਦੀ ਬਦੌਲਤ ਪਹਿਲੀਆਂ ਹੀ ਵਿਧਾਨ ਸਭਾ ਚੋਣਾਂ ’ਚ ਜਜਪਾ ਦਾ ਕੱਦ ਇੰਨਾ ਵਧ ਗਿਆ ਕਿ ਦੁਸ਼ਿਅੰਤ ਉਪ ਮੁੱਖ ਮੰਤਰੀ ਦਾ ਅਹੁਦਾ ਹਾਸਲ ਕਰ ਗਏ।
ਹੁਣ ਜਦਕਿ ਅਗਲੀਆਂ ਚੋਣਾਂ ਜ਼ਿਆਦਾ ਦੂਰ ਨਹੀਂ ਹਨ, ਦੋਵਾਂ ਹੀ ਦਲਾਂ ਨੂੰ ਆਪਣੀ ਰਣਨੀਤੀ ਹੁਣ ਤੋਂ ਹੀ ਬਣਾਉਣੀ ਹੋਵੇਗੀ। ਹਾਲਾਂਕਿ ਜਿੱਤ ਦਾ ਸੱਚ ਸਾਰੇ ਜਾਣਦੇ ਹਨ ਪਰ ਪਿਛਲੀ ਵਾਰ 10 ਸੀਟਾਂ ਜਿੱਤਣ ਵਾਲੀ ਜਜਪਾ ਅਗਲੀਆਂ ਚੋਣਾਂ ’ਚ ਜ਼ਿਆਦਾ ਸੀਟਾਂ ਦਾ ਦਾਅਵਾ ਕਰਨਾ ਚਾਹੇਗੀ, ਜਦਕਿ ਭਾਜਪਾ ਦੀ ਕੋਸ਼ਿਸ਼ ਆਪਣੇ ਦਮ ’ਤੇ ਬਹੁਮਤ ਪਾਉਣ ਦੀ ਹੋਵੇਗੀ। ਜਨਆਧਾਰ ਦੀ ਵੱਖਰਤਾ ਅਤੇ ਸਿਆਸੀ ਇੱਛਾਵਾਂ ਦੇ ਟਕਰਾਅ ਦੇ ਮੱਦੇਨਜ਼ਰ ਮੰਨਿਆ ਜਾ ਰਿਹਾ ਹੈ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਟੁੱਟ ਜਾਣਾ ਹੀ ਇਸ ਗੱਠਜੋੜ ਦੀ ਕਿਸਮਤ ਹੈ। ਅਜਿਹਾ ਕਿਸ ਦਲ ਦੀ ਪਹਿਲਾਂ ਤੋਂ ਬਣਾਈ ਰਣਨੀਤੀ ਦੇ ਅਨੁਸਾਰ ਹੋਵੇਗਾ- ਇਹ ਦੇਖਣਾ ਦਿਲਚਸਪ ਹੋਵੇਗਾ। ਅਜਿਹੇ ’ਚ ਦੁਸ਼ਿਅੰਤ ਦੀ ਉਚਾਨਾ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੀ ਪਤਨੀ ਪ੍ਰੇਮਲਤਾ ਨੂੰ ਭਾਜਪਾ ਉਮੀਦਵਾਰ ਐਲਾਨਣਾ ਤਾਂ ਬਹਾਨਾ ਹੈ, ਅਸਲ ਮਕਸਦ ਇਕ-ਦੂਸਰੇ ਨੂੰ ਹੈਸੀਅਤ ਜਤਾਉਣਾ ਹੈ। ਸਰਕਾਰ ’ਚ ਹੁੰਦਿਆਂ ਵੀ ਜਜਪਾ ਕਿਸਾਨਾਂ ਤੋਂ ਲੈ ਕੇ ਪਹਿਲਵਾਨਾਂ ਤਕ ਦੇ ਮੁੱਦਿਆਂ ’ਤੇ ਵੱਖਰੇ ਦਿੱਸਣ ਦੀ ਕੋਸ਼ਿਸ਼ ਕਰਦੀ ਹੈ। ਇਸ ਲਈ ਹੈਰਾਨੀ ਨਹੀਂ ਕਿ ਭਾਜਪਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਬਣਾਉਣ ਲਈ ਹਮਾਇਤ ਦੇ ਕੇ ਜਜਪਾ ਨੇ ਅਹਿਸਾਨ ਨਹੀਂ ਕੀਤਾ, ਉਸ ਦੇ ਇਵਜ਼ ਵਿਚ ਮੰਤਰੀ ਦੇ ਅਹੁਦੇ ਦਿੱਤੇ ਗਏ। ਇਹ ਵੀ ਕਿ ਜਜਪਾ ਬਿਨਾਂ ਸਰਕਾਰ ਚੱਲ ਸਕਦੀ ਹੈ। ਭਾਜਪਾ ਦੇ ਹਰਿਆਣਾ ਇੰਚਾਰਜ ਬਿਪਲਵ ਦੇਵ ਨਾਲ ਆਜ਼ਾਦ ਉਮੀਦਵਾਰਾਂ ਦੀ ਮੁਲਾਕਾਤ ਨਾਲ ਸੰਭਾਵਿਤ ਬਦਲਵੀਂ ਰਣਨੀਤੀ ਦਾ ਸੰਦੇਸ਼ ਸਪੱਸ਼ਟ ਅਤੇ ਸਾਫ ਵੀ ਕਰ ਦਿੱਤਾ ਗਿਆ। ਬੀਰੇਂਦਰ ਸਿੰਘ ਦੇ ਇਸ ਬਿਆਨ ਨੂੰ ਵੀ ਹਵਾਈ ਨਹੀਂ ਮੰਨਿਆ ਜਾ ਸਕਦਾ ਕਿ ਜਜਪਾ ਦੇ 7 ਵਿਧਾਇਕ ਉਨ੍ਹਾਂ ਦੇ ਸੰਪਰਕ ’ਚ ਹਨ ਜਿਨ੍ਹਾਂ ਨੂੰ ਕਦੇ ਵੀ ਭਾਜਪਾ ’ਚ ਸ਼ਾਮਲ ਕਰਵਾਇਆ ਜਾ ਸਕਦਾ ਹੈ।
ਓਧਰ ਮੁੱਖ ਵਿਰੋਧੀ ਦਲ ਕਾਂਗਰਸ ਦੀ ਸਿਆਸਤ ਫਿਰ ਗਰਮਾਉਣ ਦੇ ਆਸਾਰ ਹਨ। ਸੰਤੁਲਨ ਦੀ ਕਵਾਇਦ ਕਰਦਿਆਂ-ਕਰਦਿਆਂ ਕਾਂਗਰਸ ਆਹਲਾ ਕਮਾਨ ਨੇ ਸਾਲ ਭਰ ਤੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਹਰਿਆਣਾ ’ਚ ਫ੍ਰੀ ਹੈਂਡ ਦਿੱਤਾ ਹੋਇਆ ਹੈ। ਉਹ ਖੁਦ ਨੇਤਾ ਵਿਰੋਧੀ ਧਿਰ ਹਨ ਤੇ ਉਨ੍ਹਾਂ ਦੀ ਹੀ ਪਸੰਦ ਉਦੈਭਾਨ ਸੂਬਾ ਪ੍ਰਧਾਨ ਹਨ। ਫਿਰ ਵੀ ਇਸ ਦਰਮਿਆਨ ਚੋਖੀਆਂ ਵੋਟਾਂ ਦੇ ਬਾਵਜੂਦ ਕਾਂਗਰਸ ਦਾ ਰਾਜ ਸਭਾ ਉਮੀਦਵਾਰ ਹਾਰ ਗਿਆ, ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਬੇਟੇ ਕੁਲਦੀਪ ਬਿਸ਼ਨੋਈ ਭਾਜਪਾ ’ਚ ਚਲੇ ਗਏ ਅਤੇ ਸੂਬਾ ਸੰਗਠਨ ਹੈ ਕਿ ਹੁਣ ਤਕ ਨਹੀਂ ਬਣ ਸਕਿਆ। ਜਿਸ ਧੜੇ ਦਾ ਵੀ ਪ੍ਰਧਾਨ ਹੁੰਦਾ ਹੈ, ਉਹ ਚਹੇਤਿਆਂ ਨੂੰ ਭਰਨਾ ਚਾਹੁੰਦਾ ਹੈ ਜਿਸ ਦਾ ਦੂਜੇ ਧੜੇ ਵਿਰੋਧ ਕਰਦੇ ਹਨ। ਸਿੱਟੇ ਵਜੋਂ ਸੰਗਠਨ ਲਟਕ ਜਾਂਦਾ ਹੈ। ਪਿਛਲੇ ਨੌਂ ਸਾਲਾਂ ਦੀ ਇਹੀ ਕਹਾਣੀ ਹੈ। ਹੁਣ ਸ਼ਕਤੀ ਸਿੰਘ ਗੋਹਿਲ ਦੀ ਥਾਂ ਜਿਸ ਤਰ੍ਹਾਂ ਦੀਪਕ ਬਾਬਰੀਆ ਨੂੰ ਇੰਚਾਰਜ ਬਣਾਇਆ ਗਿਆ ਹੈ, ਉਸ ਨੂੰ ਸੰਗਠਨ ਦੇ ਗਠਨ ਪ੍ਰਤੀ ਗੰਭੀਰਤਾ ਮੰਨਿਆ ਜਾ ਰਿਹਾ ਹੈ। ਇਹ ਵੀ ਕਿ ਪਹਿਲਾਂ ਹਿਮਾਚਲ ਤੇ ਹੁਣ ਕਰਨਾਟਕ ਦੀ ਸੱਤਾ ਭਾਜਪਾ ਤੋਂ ਖੁਸਣ ਨਾਲ ਵਧੇ ਆਤਮ-ਵਿਸ਼ਵਾਸ ਵਾਲੀ ਆਹਲਾ ਕਮਾਨ ਹੁਣ ਕਿਸੇ ???? ਨੂੰ ਆਪਣੇ ਸੂਬੇ ’ਚ ਮਨਮਾਨੀ ਦੀ ਛੋਟ ਨਹੀਂ ਦੇਣ ਵਾਲੀ। ਜੇ ਅਜਿਹਾ ਹੈ ਤਾਂ ਹਰਿਆਣਾ ਕਾਂਗਰਸ ਨੂੰ ਸੂਬਾ ਸੰਗਠਨ ਤਾਂ ਮਿਲੇਗਾ ਹੀ, ਉਸ ਦੇ ਅੰਦਰੂਨੀ ਸਮੀਕਰਨ ਵੀ ਬਦਲਣਗੇ। ਕੁਮਾਰੀ ਸ਼ੈਲਜਾ, ਰਣਦੀਪ ਸਿੰਘ ਸੂਰਜੇਵਾਲਾ ਅਤੇ ਕਿਰਨ ਚੌਧਰੀ ਦੇ ਹਮਾਇਤੀ ਆਗੂ-ਵਰਕਰਾਂ ਨੂੰ ਵੀ ਸੰਗਠਨ ’ਚ ਸਨਮਾਨਜਨਕ ਢੰਗ ਨਾਲ ਸ਼ਾਮਲ ਕਰਨਾ ਹੋਵੇਗਾ। ਕਦੀ ਸੱਤਾਧਾਰੀ ਦਲ ਰਹੇ ਇਨੈਲੋ ਨੂੰ, ਪਾਰਟੀ ਅਤੇ ਪਰਿਵਾਰ ਟੁੱਟਣ ਬਾਅਦ, ਅਭੈ ਸਿੰਘ ਚੌਟਾਲਾ 90 ਵਿਧਾਨ ਸਭਾ ਖੇਤਰਾਂ ਦੀ ਪਰਿਵਰਤਨ ਯਾਤਰਾ ਨਾਲ ਨਵੇਂ ਸਿਰੇ ਤੋਂ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਦਿੱਲੀ ਅਤੇ ਪੰਜਾਬ ਜਿੱਤ ਚੁੱਕੀ ‘ਆਪ’ ਵੀ ਹਰਿਆਣਾ ’ਚ ਗੰਭੀਰ ਚੋਣ ਦਾਅ ਲਾਉਣ ਦੀ ਤਿਆਰੀ ’ਚ ਹੈ। ਇਨੈਲੋ ਦੇ ਚਸ਼ਮੇ ਦੀ ਨਜ਼ਰ ਕਿਸ ਨੂੰ ਲੱਗੇਗੀ ਅਤੇ ‘ਆਪ’ ਦਾ ਝਾੜੂ ਕਿਸ ’ਤੇ ਚੱਲੇਗਾ- ਇਹ ਦੇਖਣਾ ਦਿਸਚਸਪ ਹੋਵੇਗਾ ਅਤੇ ਹਰਿਆਣਾ ਦੇ ਭਾਵੀ ਸਿਆਸੀ ਦ੍ਰਿਸ਼ ਲਈ ਫੈਸਲਾਕੁੰਨ ਵੀ।
ਰਾਜ ਕੁਮਾਰ ਸਿੰਘ