''ਵੰਦੇ ਮਾਤਰਮ'' ਨੂੰ ਲੈ ਕੇ ਬੇਲੋੜਾ ਵਿਵਾਦ

02/21/2017 6:44:54 AM

ਚਾਹ ਦੇ ਕੱਪ ''ਚ ਤੂਫਾਨ। ਪਿਛਲੇ ਹਫਤੇ ਸੁਪਰੀਮ ਕੋਰਟ ''ਚ ਕੌਮੀ ਗੀਤ ''ਵੰਦੇ ਮਾਤਰਮ'' ਨੂੰ ਵੀ ਰਾਸ਼ਟਰ ਗਾਨ ''ਜਨ-ਗਣ-ਮਨ'' ਦੇ ਬਰਾਬਰ ਸਨਮਾਨ ਦੇਣ ਬਾਰੇ ਦਾਇਰ ਇਕ ਪਟੀਸ਼ਨ ਦਾ ਸਾਰ ਇਹੋ ਹੈ। ਹਾਲਾਂਕਿ ਇਸ ਮੁੱਦੇ ''ਤੇ ਪਹਿਲਾਂ ਵੀ ਦੋ ਵਾਰ ਵਿਚਾਰ ਕੀਤਾ ਜਾ ਚੁੱਕਾ ਹੈ ਪਰ ਫਿਰ ਵੀ ਇਹ ਮੁੱਦਾ ਵਿਚ-ਵਿਚ ਉੱਠਦਾ ਰਹਿੰਦਾ ਹੈ ਅਤੇ ਸਾਡੇ ਨੇਤਾ ਇਸ ਕੌਮੀ ਗਾਨ ਨੂੰ ਬੇਸੁਰਾ ਬਣਾ ਰਹੇ ਹਨ। 


''ਵੰਦੇ ਮਾਤਰਮ'' ਨੇ ਭਾਰਤ ''ਚ ਅੰਗਰੇਜ਼ੀ ਹਕੂਮਤ ਅਤੇ ਫਿਰੰਗੀਆਂ ਨੂੰ ਭਜਾਉਣ ''ਚ ਦੇਸ਼ਭਗਤੀ ਦੀ ਅਲਖ ਜਗਾਈ, ਭਾਰਤੀਆਂ ਨੂੰ ਉਨ੍ਹਾਂ ਵਿਰੁੱਧ ਇਕਜੁੱਟ ਕੀਤਾ ਅਤੇ ਇਹ  ਭਾਰਤ ਨੂੰ ਆਜ਼ਾਦੀ ਦਿਵਾਉਣ ''ਚ ਸਹਾਈ ਸਿੱਧ ਹੋਇਆ। ਫਿਰ ਵੀ ਵਿਦਵਾਨ ਜੱਜਾਂ ਦਾ ਮੰਨਣਾ ਹੈ ਕਿ ਸਾਡੇ ਸੰਵਿਧਾਨ ਦੇ ਪਿਤਾਮਿਆਂ ਨੇ ਜਨ-ਗਣ-ਮਨ ਨੂੰ ਰਾਸ਼ਟਰ ਗਾਨ ਐਲਾਨਿਆ, ਜਦਕਿ ਉਨ੍ਹਾਂ ਨੇ ''ਵੰਦੇ ਮਾਤਰਮ'' ਬਾਰੇ ਅਜਿਹਾ ਕੋਈ ਐਲਾਨ ਨਹੀਂ ਕੀਤਾ। 
ਅਦਾਲਤ ਨੇ ਨਵੰਬਰ ''ਚ ਹੁਕਮ ਦਿੱਤਾ ਸੀ ਕਿ ਸਿਨੇਮਾਘਰਾਂ ''ਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰ ਗਾਨ ਦੀ ਧੁਨ ਵਜਾਈ ਜਾਵੇ ਅਤੇ ਉਥੇ ਮੌਜੂਦ ਸਾਰੇ ਦਰਸ਼ਕਾਂ ਨੂੰ ਰਾਸ਼ਟਰ ਗਾਨ ਦੇ ਸਨਮਾਨ ''ਚ ਖੜ੍ਹੇ ਹੋਣਾ ਪਵੇਗਾ ਕਿਉਂਕਿ ਇਹ ਸੰਵਿਧਾਨ ''ਚ ਵਰਣਨ ਕੀਤੇ ਆਦਰਸ਼ਾਂ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੇ ਇਸ ਨੂੰ ਸੰਵਿਧਾਨਿਕ ਦੇਸ਼ਭਗਤੀ ਦਾ ਨਾਂ ਦਿੱਤਾ।
ਪਟੀਸ਼ਨਕਰਤਾ ਨੇ ਸ਼ਾਇਦ 24 ਜਨਵਰੀ 1950 ਨੂੰ ਸੰਵਿਧਾਨ ਸਭਾ ''ਚ ਹੋਈ ਬਹਿਸ ਤੋਂ ਪ੍ਰੇਰਣਾ ਲਈ, ਜਿਸ ''ਚ ਸੰਕਲਪ ਲਿਆ ਗਿਆ ਸੀ ਕਿ ''ਵੰਦੇ ਮਾਤਰਮ'' ਨੂੰ ''ਜਨ-ਗਣ ਮਨ'' ਦੇ ਬਰਾਬਰ ਦਰਜਾ ਦਿੱਤਾ ਜਾਵੇਗਾ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਕੌਮੀ ਗੀਤ ਸਰਕਾਰੀ ਉਤਸਵ ਲਈ ਇਕ ਗੀਤ ਹੈ ਅਤੇ ਇਸ ਨੂੰ ਨਾਜਾਇਜ਼ ਅਹਿਮੀਅਤ ਨਹੀਂ ਦਿੱਤੀ ਜਾਣੀ ਚਾਹੀਦੀ, ਜਦਕਿ ਹੋਰਨਾਂ ਲੋਕਾਂ ਦਾ ਮੰਨਣਾ ਹੈ ਕਿ ''ਵੰਦੇ ਮਾਤਰਮ'' ਨੂੰ ਕਿਸੇ ਦੀ ਦੇਸ਼ਭਗਤੀ ਦਾ ਪੈਮਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਅਤੇ ਨਾ ਹੀ ਲੋਕਾਂ ਨੂੰ ਇਸ ਨੂੰ ਗਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ, ਹਾਲਾਂਕਿ ਸੰਸਦ ਦੇ ਹਰੇਕ ਸੈਸ਼ਨ ਦੇ ਅਖੀਰ ''ਚ ਕੌਮੀ ਗੀਤ ਦੀ ਧੁਨ ਵਜਾਈ ਜਾਂਦੀ ਹੈ। 
ਅਸਲ ''ਚ ਯੂ. ਪੀ. ਏ. ਸਰਕਾਰ ਦੌਰਾਨ ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਮੰਤਰਾਲੇ ਨੇ ਅਗਸਤ 2006 ''ਚ ਸਾਰੀਆਂ ਸੂਬਾ ਸਰਕਾਰਾਂ ਨੂੰ ਹੁਕਮ ਜਾਰੀ ਕੀਤਾ ਸੀ ਕਿ ''ਵੰਦੇ ਮਾਤਰਮ'' ਦੇ ਸੌ ਸਾਲ ਪੂਰੇ ਹੋਣ ਦੇ ਸੰਦਰਭ ''ਚ 7 ਸਤੰਬਰ ਨੂੰ ਸਾਰੇ ਸਕੂਲਾਂ ਵਿਚ ''ਵੰਦੇ ਮਾਤਰਮ'' ਗਾਉਣਾ ਲਾਜ਼ਮੀ ਬਣਾਇਆ ਜਾਵੇ ਪਰ ਮੰਤਰਾਲੇ ਨੂੰ ਇਹ ਅਹਿਸਾਸ ਨਹੀਂ ਸੀ ਕਿ ਮੁਸਲਮਾਨ ਇਸ ਦਾ ਵਿਰੋਧ ਕਰਨਗੇ। ਯੂ. ਪੀ. ਵਿਚ ਮੁਸਲਿਮ ਮੌਲਵੀਆਂ ਨੇ ਇਸ ਆਧਾਰ ''ਤੇ ਕੌਮੀ ਗੀਤ ਦਾ ਵਿਰੋਧ ਕੀਤਾ ਕਿ ਇਸ ਦਾ ਗਾਇਨ ਇਸਲਾਮ ਵਿਰੋਧੀ ਹੈ ਅਤੇ ਇਸ ਨੂੰ ਗਾਉਣ ਦਾ ਮਤਲਬ ਮਾਤਰ ਭੂਮੀ ਦੀ ਪੂਜਾ ਕਰਨਾ ਹੈ। ਇਹ ''ਤੌਹੀਦ'' ਦੀ ਧਾਰਨਾ ਦੇ ਵਿਰੁੱਧ ਹੈ, ਜਿਸ ਦੇ ਅਨੁਸਾਰ ਮੁਸਲਮਾਨ ਅੱਲ੍ਹਾ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਮੰਨਦਾ।
ਸਿੱਟੇ ਵਜੋਂ ਸਰਕਾਰ ਨੇ ਇਸ ਹੁਕਮ ਨੂੰ ਵਾਪਿਸ ਲੈ ਲਿਆ ਅਤੇ ਕੌਮੀ ਗੀਤ ਗਾਉਣਾ ਸਵੈ-ਇੱਛੁਕ ਬਣਾ ਦਿੱਤਾ। ਫਿਰ 2009 ''ਚ ਜਮਾਇਤ-ਉਲੇਮਾ-ਏ-ਹਿੰਦ ਨੇ ''ਵੰਦੇ ਮਾਤਰਮ'' ਗਾਉਣ ਵਿਰੁੱਧ ਫ਼ਤਵਾ ਜਾਰੀ ਕਰ ਦਿੱਤਾ। ਯੂ. ਪੀ. ਦੇ ਦੇਵਬੰਦ ''ਚ ਇਸਲਾਮਿਕ ਮੌਲਵੀਆਂ ਨੇ 2006 ਵਾਲੇ ਰੁਖ਼ ਨੂੰ ਦੁਹਰਾਉਂਦਿਆਂ ਇਕ ਪ੍ਰਸਤਾਵ ਅਪਣਾਇਆ ਤੇ ਕਿਹਾ ਕਿ ਦੇਸ਼ਭਗਤੀ ਜ਼ਾਹਿਰ ਕਰਨ ਲਈ ਸਕੂਲਾਂ ਵਿਚ ''ਵੰਦੇ ਮਾਤਰਮ'' ਗਾਉਣ ਦੀ ਲੋੜ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਫਤਵਾ ਆਮ ਚੋਣਾਂ ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ ਤੇ ਇਸ ਦੇ ਨਾਲ ਹੀ ਸੱਚਰ ਕਮੇਟੀ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ ਸੀ। 
ਇਸ ਸੰਦਰਭ ''ਚ ਸਾਨੂੰ ਇਹ ਸਮਝਣਾ ਪਵੇਗਾ ਕਿ ''ਵੰਦੇ ਮਾਤਰਮ'' ਨੂੰ ਕੌਮੀ ਗੀਤ ਦੇ ਰੂਪ ''ਚ ਮਾਨਤਾ ਕਿਵੇਂ ਤੇ ਕਿਉਂ ਮਿਲੀ? ਇਹ ਗੀਤ 1875 ''ਚ ਲਿਖਿਆ ਗਿਆ ਤੇ ਇਸ ਦਾ ਪ੍ਰਕਾਸ਼ਨ ਬੰਕਿਮ ਚੰਦਰ ਚੈਟਰਜੀ ਦੇ ਨਾਵਲ ''ਆਨੰਦ ਮੱਠ'' ਵਿਚ 1882 ''ਚ ਹੋਇਆ। ਇਸ ਦੀ ਕਹਾਣੀ ਇਸ ਤਰ੍ਹਾਂ ਹੈ : ਸਾਧੂਆਂ ਦੇ ਇਕ ਸਮੂਹ, ਜੋ ਖ਼ੁਦ ਨੂੰ ਭਾਰਤ ਮਾਤਾ ਦੀ ਔਲਾਦ ਕਹਿੰਦਾ ਸੀ, ਦੇ ਗੁਰੂ ਸੱਤਿਆਨੰਦ ਨੂੰ ਨਵਾਬ ਨੇ ਬੰਦੀ ਬਣਾ ਲਿਆ ਸੀ। 
ਸਾਧੂਆਂ ਨੇ ਆਪਣੇ ਗੁਰੂ ਨੂੰ ਰਿਹਾਅ ਕਰਵਾਉਣ ਦਾ ਸੰਕਲਪ ਲਿਆ ਤੇ ਨਾਅਰੇ ਲਗਾਏ ਕਿ ਉਹ ਮੁਸਲਮਾਨਾਂ ਨੂੰ ਨਦੀਆਂ ''ਚ ਸੁੱਟ ਦੇਣਗੇ ਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਲਾ ਕੇ ਸਾੜ ਦੇਣਗੇ। ਸਾਧੂ ਨਾ ਸਿਰਫ ਆਪਣੇ ਗੁਰੂ ਨੂੰ ਰਿਹਾਅ ਕਰਵਾਉਣ ''ਚ ਸਫਲ ਰਹੇ, ਸਗੋਂ ਉਨ੍ਹਾਂ ਨੇ ਭਾਰਤ ''ਚ ਬ੍ਰਿਟਿਸ਼ ਸ਼ਾਸਨ ਦਾ ਸਵਾਗਤ ਵੀ ਕੀਤਾ। 
ਇਸ ਨਾਵਲ ''ਚ ਮੁਸਲਮਾਨਾਂ ਵਿਰੁੱਧ ਅੱਤਿਆਚਾਰਾਂ ਦਾ ਵਰਣਨ ਹੈ। 1770 ''ਚ ਜਦੋਂ ਬੰਗਾਲ ''ਚ ਈਸਟ ਇੰਡੀਆ ਕੰਪਨੀ ਦੇ ਅਸਲੀ ਸ਼ਾਸਨ ਦੌਰਾਨ ਅਕਾਲ ਪਿਆ ਸੀ ਤਾਂ ਉਸ ਨੇ ਕਿਸਾਨਾਂ ਨੂੰ ਅਨਾਜ ਦੀਆਂ ਫਸਲਾਂ ਬੀਜਣ ਦੀ ਥਾਂ ਨੀਲ ਦੀ ਖੇਤੀ ਕਰਨ ਲਈ ਮਜਬੂਰ ਕੀਤਾ ਕਿਉਂਕਿ ਉਸ ਨਾਲ ਕੰਪਨੀ ਨੂੰ ਬਰਾਮਦ ਕਰਕੇ ਚੰਗੀ ਆਮਦਨ ਹੋ ਰਹੀ ਸੀ। ਨੀਲ ਦੀ ਖੇਤੀ ਕਰਨ ਨਾਲ ਖੇਤ ਕਿਸੇ ਹੋਰ ਫਸਲ ਦੇ ਲਾਇਕ ਨਹੀਂ ਰਹਿ ਜਾਂਦੇ ਸਨ, ਜਿਸ ਕਾਰਨ ਕਿਸਾਨਾਂ ਨੇ ਗੋਰਿਆਂ ਵਿਰੁੱਧ ਬਗਾਵਤ ਕਰ ਦਿੱਤੀ। ਇਸ ਤਰ੍ਹਾਂ ਖੇਤਾਂ ਤੋਂ ਲੈ ਕੇ ਗਲੀਆਂ ਤਕ ''ਵੰਦੇ ਮਾਤਰਮ'' ਬ੍ਰਿਟਿਸ਼ ਹਕੂਮਤ ਤੋਂ ਛੁਟਕਾਰਾ ਪਾਉਣ ਦਾ ਗੀਤ ਬਣ ਗਿਆ। 
ਪੂਰੇ ਦੇਸ਼ ''ਚ ਰੈਲੀਆਂ ਦੌਰਾਨ ਇਹ ਗੀਤ ਗਾਇਆ ਜਾਂਦਾ ਸੀ। ਇਸ ਗੀਤ ''ਤੇ ਅੰਗਰੇਜ਼ਾਂ ਨੇ ਪਾਬੰਦੀ ਲਗਾ ਦਿੱਤੀ ਤੇ ਕਈ ਲੋਕਾਂ ਨੂੰ ਜੇਲ ''ਚ ਡੱਕ ਦਿੱਤਾ। ਫਿਰ ਵੀ ਲੋਕਾਂ ਦੀ ਦੇਸ਼ਭਗਤੀ ਦੀ ਭਾਵਨਾ ਨਹੀਂ ਟੁੱਟੀ। ਰਬਿੰਦਰਨਾਥ ਟੈਗੋਰ ਨੇ ਇਹ ਗੀਤ 1896 ''ਚ ਕਾਂਗਰਸ ਦੇ ਕਲਕੱਤਾ ਇਜਲਾਸ ''ਚ ਗਾਇਆ ਸੀ ਤਾਂ ਲਾਲਾ ਲਾਜਪਤ ਰਾਏ ਨੇ ਲਾਹੌਰ ਤੋਂ ''ਵੰਦੇ ਮਾਤਰਮ'' ਨਾਮੀ ਰਸਾਲੇ ਦਾ ਪ੍ਰਕਾਸ਼ਨ ਕੀਤਾ ਸੀ। 
ਕਾਂਗਰਸ ਨੇ 7 ਸਤੰਬਰ 1905 ਨੂੰ ਆਪਣੇ ਵਾਰਾਣਸੀ ਇਜਲਾਸ ''ਚ ਇਕ ਮਤਾ ਪਾਸ ਕਰਕੇ ''ਵੰਦੇ ਮਾਤਰਮ'' ਨੂੰ ਕੌਮੀ ਗੀਤ ਵਜੋਂ ਅਪਣਾਇਆ ਤੇ ਉਸ ਤੋਂ ਬਾਅਦ ਕਾਂਗਰਸ ਦੀ ਹਰੇਕ ਮੀਟਿੰਗ ਤੇ ਇਜਲਾਸ ਸ਼ੁਰੂ ਹੋਣ ''ਤੇ ਇਸ ਦਾ ਗਾਇਨ ਕੀਤਾ ਜਾਣ ਲੱਗਾ। ਇਸ ਗੀਤ ਦੀਆਂ ਲਾਈਨਾਂ ਨੇ ਸਾਰੇ ਦੇਸ਼ ''ਚ ਦੇਸ਼ਭਗਤੀ ਦੀ ਭਾਵਨਾ ਜਗਾ ਦਿੱਤੀ। 
ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਇਸ ਨੂੰ ''ਇੰਡੀਅਨ ਨੈਸ਼ਨਲ ਆਰਮੀ'' ਦਾ ਗੀਤ ਬਣਾਇਆ। ਸਿੰਗਾਪੁਰ ''ਚ ਸਥਿਤ ਉਨ੍ਹਾਂ ਦਾ ਰੇਡੀਓ ਸਟੇਸ਼ਨ ਇਸ ਨੂੰ ਰੋਜ਼ਾਨਾ ਪ੍ਰਸਾਰਿਤ ਕਰਦਾ ਸੀ। ਅਕਤੂਬਰ 1937 ''ਚ ਕੁਝ ਮੁਸਲਿਮ ਨੇਤਾਵਾਂ ਨੇ ''ਵੰਦੇ ਮਾਤਰਮ'' ਦਾ ਇਸ ਆਧਾਰ ''ਤੇ ਵਿਰੋਧ ਕੀਤਾ ਕਿ ਇਸ ''ਚ ਕੁਝ ਪੈਰੇ ਅਜਿਹੇ ਹਨ, ਜੋ ਇਸਲਾਮ ਦੀ ਭਾਵਨਾ ਦੇ ਵਿਰੁੱਧ ਹਨ। 
ਇਹ ਸੱਚ ਹੈ ਕਿ ਇਸ ਗੀਤ ਦੇ ਪਹਿਲੇ ਦੋ ਪੈਰਿਆਂ ''ਚ ਭਾਰਤ ਮਾਤਾ ਦਾ ਗੁਣਗਾਨ ਕੀਤਾ ਗਿਆ ਹੈ ਪਰ ਚੌਥੇ ਪੈਰੇ ''ਚ ਭਾਰਤ ਮਾਤਾ ਨੂੰ ਦੁਰਗਾ, ਮਾਂ, ਰਾਣੀ ਦੇ ਰੂਪ ''ਚ ਪੇਸ਼ ਕੀਤਾ ਗਿਆ ਹੈ, ਜਿਸ ਦੇ ਹੱਥ ''ਚ ਖੜਗ ਤੇ ਖੱਪਰ ਹਨ। ਇਸ ਨੂੰ ਮਾਂ ਲਕਸ਼ਮੀ ਵੀ ਦੱਸਿਆ ਗਿਆ, ਜੋ ਕਮਲ ਦੇ ਸਿੰਘਾਸਨ ''ਤੇ ਬਿਰਾਜਮਾਨ ਹੈ। ਮੁਸਲਿਮ ਨੇਤਾਵਾਂ ਨੇ ਦਲੀਲ ਦਿੱਤੀ ਕਿ ਇਹ ਗੀਤ ਗਾਉਣ ਨਾਲ ਮੁਸਲਮਾਨਾਂ ਨੂੰ ਇਸ ਦੇਸ਼ ਨੂੰ ਹਿੰਦੂ ਦੇਵੀ ਦੁਰਗਾ ਤੇ ਲਕਸ਼ਮੀ ਦੇ ਬਰਾਬਰ ਮੰਨਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜੋ ਇਸਲਾਮ ਦੀ ਭਾਵਨਾ ਦੇ ਵਿਰੁੱਧ ਹੈ ਕਿਉਂਕਿ ਮੁਸਲਮਾਨ ਅੱਲ੍ਹਾ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਮੰਨਦੇ। 
ਪੰ. ਨਹਿਰੂ ਮੁਸਲਿਮ ਭਰਾਵਾਂ ਦੀ ਧਾਰਮਿਕ ਦੁਚਿੱਤੀ ਨੂੰ ਸਮਝਦੇ ਸਨ ਤੇ ਉਨ੍ਹਾਂ ਨੇ ਇਕ ਸਮਝੌਤਾ ਫਾਰਮੂਲਾ ਕੱਢਿਆ ਅਤੇ ਕਿਹਾ ਕਿ ਇਹ ਗੀਤ ਹਾਲਾਂਕਿ ਆਜ਼ਾਦੀ ਸੰਗਰਾਮ ''ਚ ਕੌਮੀ ਮਹੱਤਤਾ ਵਾਲਾ ਗੀਤ ਹੈ, ਫਿਰ ਵੀ ਕਾਂਗਰਸ ਕਾਰਜ ਕਮੇਟੀ ਦੀ ਕਲਕੱਤਾ ''ਚ ਹੋਈ ਮੀਟਿੰਗ (1937 ''ਚ ਨਹਿਰੂ ਦੀ ਅਗਵਾਈ ਹੇਠ) ''ਚ ਇਹ ਮਤਾ ਪਾਸ ਕੀਤਾ ਗਿਆ ਕਿ ਇਸ ਗੀਤ ਦੇ ਸਿਰਫ ਪਹਿਲੇ ਦੋ ਪੈਰੇ ਗਾਏ ਜਾਣਗੇ। ਲੰਮੇ ਸਮੇਂ ਤਕ ''ਵੰਦੇ ਮਾਤਰਮ'' ਨੂੰ ਭਾਰਤ ਦਾ ਕੌਮੀ ਗੀਤ ਮੰਨਿਆ ਜਾਂਦਾ ਰਿਹਾ ਪਰ ਆਜ਼ਾਦੀ ਤੋਂ ਬਾਅਦ ''ਜਨ-ਗਣ-ਮਨ'' ਨੂੰ ਭਾਰਤ ਦਾ ਰਾਸ਼ਟਰ ਗਾਨ ਬਣਾ ਦਿੱਤਾ ਗਿਆ। 
ਕੁਲ ਮਿਲਾ ਕੇ ਸਾਨੂੰ ਇਹ ਸਮਝਣਾ ਪਵੇਗਾ ਕਿ ਭਾਰਤ ਦਾ ਬਹੁਲਤਾਵਾਦੀ ਸਜੀਵ ਲੋਕਤੰਤਰ ਅਤੇ ਸਿਵਲ ਸਮਾਜ ਨਾ ਤਾਂ ਕਠੋਰ ਹੈ ਅਤੇ ਨਾ ਹੀ ਉਸ ਵਿਚ ਸਮੇਂ ਦੇ ਨਾਲ ਠਹਿਰਾਅ ਆ ਗਿਆ ਹੈ। ਇਸ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਦੋ ਗੀਤ ਕਿਸੇ ਵੀ ਰਾਸ਼ਟਰ ਜਾਂ ਉਸ ਦੇ ਲੋਕਾਂ ਦਾ ਭਵਿੱਖ ਵਿਗਾੜ ਜਾਂ ਸੰਵਾਰ ਨਹੀਂ ਸਕਦੇ, ਹਾਲਾਂਕਿ ਅਸੀਂ ''ਵੰਦੇ ਮਾਤਰਮ'' ਨੂੰ ਕੌਮੀ ਗੀਤ ਤੇ ਕੌਮੀ ਮਾਣ ਦੇ ਰੂਪ ਵਿਚ ''ਜਨ-ਗਣ ਮਨ'' ਦੇ ਬਰਾਬਰ ਸਨਮਾਨ ਦਿੰਦੇ ਹਾਂ। ਇਸ ਲਈ ਸਮਾਂ ਆ ਗਿਆ ਹੈ ਕਿ ਤੁੱਛ ਅਤੇ ਬੇਲੋੜੇ ਵਿਵਾਦਾਂ ਨੂੰ ਹਮੇਸ਼ਾ ਲਈ ਖਤਮ ਕੀਤਾ ਜਾਵੇ। ਦੇਸ਼ ''ਚ ਹੋਰ ਵੀ ਕਈ ਅਹਿਮ ਮੁੱਦੇ ਹਨ, ਜਿਨ੍ਹਾਂ ਵੱਲ ਸਾਡੇ ਨੇਤਾਵਾਂ ਤੇ ਨਿਆਂ ਪਾਲਿਕਾ ਨੂੰ ਧਿਆਨ ਦੇਣਾ ਚਾਹੀਦਾ ਹੈ।


Related News