ਅੱਜ ਪਾਕਿਸਤਾਨ ਦਾ ਪਾਕਿਸਤਾਨ ਨਾਲ ਹੀ ਸਾਹਮਣਾ
Friday, Jan 13, 2023 - 12:08 AM (IST)

ਭਾਰਤ ਨੂੰ 1947 ’ਚ ਵੰਡ ਕੇ ਉਭਰਿਆ ਪਾਕਿਸਤਾਨ ਭੈੜੇ ਹਾਲ ਕਿਉਂ ਹੈ? ਸਾਲ 1971 ’ਚ ਪਾਕਿਸਤਾਨ ਜਿੱਥੇ 2 ਟੋਟਿਆਂ ’ਚ ਵੰਡਿਆ ਗਿਆ, ਉੱਥੇ ਹੀ ਅੱਜ ਬਲੋਚਿਸਤਾਨ, ਪਖਤੂਨਿਸਤਾਨ ਅਤੇ ਸਿੰਧ ’ਚ ਵੱਖਵਾਦ ਦੇ ਸੁਰ ਸਿਖਰ ’ਤੇ ਹਨ। ਆਰਥਿਕ ਤੌਰ ’ਤੇ ਇਹ ਇਸਲਾਮੀ ਰਾਸ਼ਟਰ ਨਾ ਸਿਰਫ ਖੋਖਲਾ ਹੋ ਚੁੱਕਾ ਹੈ ਸਗੋਂ ਆਪਣੀ ਦੇਣਦਾਰੀ ਮੋੜਣ ਜਾਂ ਅੰਦਰੂਨੀ ਸਮੱਸਿਆਵਾਂ ਨਾਲ ਨਜਿੱਠਣ ਲਈ ਤਰਸਯੋਗ ਮੰਗਤੇ ਦੇ ਰੂਪ ’ਚ ਵਿਸ਼ਵਭਰ ’ਚ ਇਧਰ-ਓਧਰ ਬੇਨਤੀ ਕਰ ਰਿਹਾ ਹੈ। ਅਮਰੀਕਾ ਆਦਿ ਦੇਸ਼ਾਂ ਸਮੇਤ ਕਈ ਕੌਮਾਂਤਰੀ ਭਾਈਚਾਰਿਆਂ ਨੇ ਲਗਭਗ 10 ਅਰਬ ਡਾਲਰ ਦੇ ਰੂਪ ’ਚ ਹੜ੍ਹ ਨਾਲ ਬੇਹਾਲ ਪਾਕਿਸਤਾਨ ਦੀ ਝੋਲੀ ਭਰਨ ਦਾ ਵਾਅਦਾ ਕੀਤਾ ਹੈ।
ਹਾਲਤ ਅਜਿਹੀ ਹੈ ਕਿ ਪਾਕਿਸਤਾਨੀ ਨਾਗਰਿਕ ਜਾਂ ਤਾਂ ਬਿਜਲੀ ਤੋਂ ਲੈ ਕੇ ਚਾਹਪੱਤੀ, ਆਟਾ, ਸਬ਼ਜ਼ੀਆਂ ਅਤੇ ਹੋਰ ਖੁਰਾਕੀ ਪਦਾਰਥਾਂ ਲਈ ਜੂਝ ਰਹੇ ਹਨ ਜਾਂ ਫਿਰ ਬੇਕਾਬੂ ਮਹਿੰਗਾਈ ਤੇ ਕਾਲਾਬਾਜ਼ਾਰੀ ਦੇ ਸ਼ਿਕਾਰ ਹਨ। ਬਿਜਲੀ ਬਚਾਉਣ ਲਈ ਸ਼ਰੀਫ ਸਰਕਾਰ ਨੇ ਸ਼ਾਮ 8.30 ਵਜੇ ਬਾਜ਼ਾਰਾਂ ਤੇ ਰਾਤ 10 ਵਜੇ ਤੱਕ ਵਿਆਹ ਵਾਲੀਆਂ ਥਾਵਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਆਖਿਰ ਪਾਕਿਸਤਾਨ ਇਸ ਹਾਲ ’ਚ ਕਿਉਂ ਪੁੱਜਾ?
ਪਾਕਿਸਤਨ ਨਾਂਹਪੱਖੀ ਚਿੰਤਨ ਨਾਲ ਬਣਿਆ ਅਸਫਲ ਰਾਸ਼ਟਰ ਹੈ। ਕਹਿਣ ਨੂੰ ਇਹ ਇਸਲਾਮ ਦੇ ਨਾਂ ’ਤੇ ਬਣਿਆ ਪਰ ਇਸ ਦੀ ਮੰਗ ਦੇ ਪਿੱਛੇ ਇਸਲਾਮ ਦੇ ਪ੍ਰਤੀ ਪ੍ਰੇਮ ਘੱਟ, ਹਿੰਦੂਆਂ-ਭਾਰਤ ਦੀ ਬਹੁਗਿਣਤੀਵਾਦੀ ਸਨਾਤਨ ਸੱਭਿਆਚਾਰ ਦੇ ਪ੍ਰਤੀ ਨਫਰਤ ਵੱਧ ਸੀ ਜੋ ਅਜੇ ਵੀ ਪਸਰੀ ਹੋਈ ਹੈ। ਈਰਖਾ ਪ੍ਰੇਰਿਕ ਲੋਕਾਂ ਨੂੰ ਕਿਸੇ ਦੇ ਵਿਰੁੱਧ ਇਕੱਠੇ ਤਾਂ ਕਰ ਸਕਦੇ ਹਾਂ ਪਰ ਉਨ੍ਹਾਂ ਦੇ ਹਾਂਪੱਖੀ ਮਕਸਦ ਦੀ ਪ੍ਰਾਪਤੀ ਲਈ ਭਾਈਵਾਲ ਬਣਨਾ ਔਖਾ ਹੈ।
ਬੰਗਲਾਦੇਸ਼, ਜਿਸ ਨੂੰ ਪਹਿਲਾਂ ਪੂਰਬੀ ਪਾਕਿਸਤਾਨ ਨਾਂ ਨਾਲ ਜਾਣਿਆ ਜਾਂਦਾ ਸੀ-ਉਹ 1971 ’ਚ ਪਾਕਿਸਤਾਨ ਨਾਲੋਂ ਵੱਖ ਕਿਉਂ ਹੈ? ਇਸ ਦਾ ਇਕੋ ਇਕ ਕਾਰਨ ਉਹ ਮਾਨਸਿਕਤਾ ਹੈ ਜਿਸ ’ਚ ਪੱਛਮੀ ਪਾਕਿਸਤਾਨ (ਮੌਜੂਦਾ ਪਾਕਿਸਤਾਨ) ਨੂੰ ਤਤਕਾਲੀਨ ਪੂਰਬੀ ਪਾਕਿਸਤਾਨ ’ਚ ‘ਕਾਫਿਰ’ ਹਿੰਦੂ-ਬੋਧੀ ਸੱਭਿਆਚਾਰ ਦੇ ਅਵਸ਼ੇਸ਼ ਨਜ਼ਰ ਆਉਂਦੇ ਸਨ ਕਿਉਂਕਿ ਉਦੋਂ ਪੂਰਬੀ ਪਾਕਿਸਤਾਨ ’ਚ ਹਿੰਦੂਆਂ ਵਾਂਗ ਵਿਆਹੁਤਾ ਮੁਸਲਿਮ ਔਰਤਾਂ ਵੀ ਸੰਧੂਰ ਤੇ ਬਿੰਦੀ ਲਗਾਉਂਦੀਆਂ ਸਨ।
ਇਹ ਸਭ ‘ਕੁਫਰ’ ਤਤਕਾਲੀਨ ਪਾਕਿਸਤਾਨੀ ਫੌਜ, ਜਿਸ ਦੇ ਵਧੇਰੇ ਅਧਿਕਾਰੀ-ਫੌਜੀ ਪੰਜਾਬ ਸੂਬੇ (ਪਾਕਿਸਤਾਨੀ) ਤੋਂ ਸਨ-ਉਨ੍ਹਾਂ ਨੂੰ ਸਹਿਣ ਨਹੀਂ ਹੋਇਆ। ਇਹ ਜਾਣਦੇ ਹੋਏ ਕਿ ਪੂਰਬੀ ਪਾਕਿਸਤਾਨ ਦੇ ਨਾਗਰਿਕਾਂ ’ਚ ਬਹੁਗਿਣਤੀ ਮੁਸਲਮਾਨ ਹਨ, ਉਦੋਂ ਵੀ ਪਾਕਿਸਤਾਨੀ ਫੌਜ ਨੇ ਸਥਾਨਕ ਜਿਹਾਦੀਆਂ ਨਾਲ ਰਲਕੇ ਜਿਹੜੇ 30 ਲੱਖ ਤੋਂ ਵੱਧ ਸਥਾਨਕ ਲੋਕਾਂ ਦਾ ਕਤਲ ਕੀਤਾ ਅਤੇ 4 ਲੱਖ ਔਰਤਾਂ ਦਾ ਜਬਰ-ਜ਼ਨਾਹ ਕੀਤਾ। ਉਨ੍ਹਾਂ ’ਚ ਵੱਡੀ ਗਿਣਤੀ ’ਚ ਬੰਗਾਲੀ-ਉਰਦੂ ਭਾਸ਼ੀ ਮੁਸਲਿਮਾਂ ਦੀ ਵੀ ਸੀ। ਇਸ ਦੇ ਬਾਅਦ ਭਾਰਤੀ ਦਖਲ ਨਾਲ ਪਾਕਿਸਤਾਨ ਦੇ ਦੋ ਟੋਟੇ ਹੋਏ।
ਉਦੋਂ ਤੋਂ ਪਾਕਿਸਤਾਨ ਸੱਤਾ-ਗਲਿਆਰੇ ਭਾਰਤ ਕੋਲੋਂ ਬਦਲਾ ਲੈਣ ਲਈ ‘ਹਜ਼ਾਰ ਜ਼ਖਮ ਦੇ ਕੇ ਮੌਤ ਦੇ ਘਾਟ ਉਤਾਰਨ’ ਸਬੰਧਤ ਨੀਤੀ ਦਾ ਅਨੁਸਰਨ ਕਰ ਰਿਹਾ ਹੈ। ਉਹ ਆਪਣੇ ਸਰੋਤਾਂ ਦਾ ਬਹੁਤ ਵੱਡਾ ਹਿੱਸਾ ਟ੍ਰੇਂਡ ਅੱਤਵਾਦੀਆਂ ਨੂੰ ਤਿਆਰ ਕਰਨ ’ਤੇ ਖਰਚ ਕਰ ਰਿਹਾ ਹੈ। ‘ਖਾਲਿਸਤਾਨ ਦੇ ਨਾਂ ’ਤੇ ਸਿੱਖ ਵੱਖਵਾਦ ਨੂੰ ਹਵਾ ਦੇਣੀ, 1980-90 ਦੇ ਦਹਾਕੇ ਤੋਂ ਕਸ਼ਮੀਰ ’ਚ ਸਥਾਨਕ ਮੁਸਲਿਮਾਂ ਨੂੰ ਇਸਲਾਮ ਦੇ ਨਾਂ ’ਤੇ ਹਿੰਦੂਆਂ- ਸਿੱਖਾਂ ਅਤੇ ਭਾਰਤ ਪ੍ਰਸਤ ਮੁਸਲਮਾਨਾਂ ਨੂੰ ਕਤਲ ਕਰਨ ਲਈ ਉਤਸ਼ਾਹਿਤ ਕਰਨਾ, ਸਾਲ 2001 ਦੇ ਸੰਸਦ ਅੱਤਵਾਦੀ ਹਮਲੇ, 2008 ਦੇ 26/11 ਮੁੰਬਈ ਅੱਤਵਾਦੀ ਹਮਲੇ ਸਮੇਤ ਦਰਜਨਾਂ ਜਿਹਾਦ (ਉਦੈਪੁਰ-ਅਮਰਾਵਤੀ ਹੱਤਿਆਕਾਂਡ ਸਮੇਤ) ’ਚ ਭੂਮਿਕਾ ਅਤੇ ਸਰਹੱਦ ਪਾਰੋਂ ਅੱਤਵਾਦੀਆਂ ਦੀ ਘੁਸਪੈਠ ਇਸਦਾ ਨਤੀਜਾ ਹੈ।
ਪਾਕਿਸਤਾਨ ਨੇ ਆਪਣੀ ਵਿਚਾਰਕ ਕੁੱਖ ’ਚੋਂ ਜਿਹੜੇ ਹਜ਼ਾਰਾਂ-ਲੱਖਾਂ ਜਿਹਾਦੀਆਂ ਨੂੰ ਪੈਦਾ ਕੀਤਾ ਉਹ ਉਸ ਦੇ ਲਈ ਵੀ ‘ਭਸਮਾਸੁਰ’ ਬਣ ਰਹੇ ਹਨ। ਇਕ ਅੰਕੜੇ ਦੇ ਅਨੁਸਾਰ,ਪਾਕਿਸਤਾਨ ਵੱਲੋਂ ਪੈਦਾ ਕੀਤੇ ਗਏ ਅੱਤਵਾਦ ਨੇ ਦੀਨ ਦੇ ਨਾਂ ’ਤੇ 2002-14 ਦਰਮਿਆਨ ਹੀ 70,000 ਪਾਕਿਸਤਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਖੰਡਿਤ ਭਾਰਤ ’ਚ ਮੋਦੀ ਸਰਕਾਰ ਆਉਣ ਦੇ ਬਾਅਦ ਜਿਸ ਤਰ੍ਹਾਂ ਭਾਰਤੀ ਜੰਗੀ-ਸਿਆਸੀ ਨਜ਼ਰੀਏ ’ਚ ਵੱਡਾ ਪਰਿਵਰਤਨ ਆਇਆ ਹੈ, ਉਸ ਨਾਲ ਸਰਹੱਦ ਪਾਰੋਂ ਘੁਸਪੈਠ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ-ਨਤੀਜੇ ਵਜੋਂ ਪਾਕਿਤਾਨੀ ਜਿਹਾਦੀ ਹੁਣ ਆਪਣੀ ‘ਸ਼ੁੱਧ ਭੂਮੀ’ ਨੂੰ ਲੈ ਕੇ ਵੱਧ ਸਵਾਹ ਕਰਨ ’ਚ ਲੱਗੇ ਹਨ। ਪਾਕਿਸਤਾਨੀ ਸਰਕਾਰ ਫੌਜ ਅਤੇ ‘ਤਹਿਰੀਕ-ਏ- ਤਾਲਿਬਾਨ (ਟੀ.ਟੀ.ਪੀ.) ਦੇ ਦਰਮਿਆਨ ਲਹੂ ਭਿੱਜਿਆ ਟਕਰਾਅ ਇਸ ਦਾ ਸਬੂਤ ਹੈ।
ਟੀ. ਟੀ. ਪੀ. ਦਾ ਇਕੋ ਇਕ ਮਕਸਦ ਤਾਲਿਬਾਨ ਵਾਂਗ ਪਾਕਿਸਤਾਨ ’ਚ ਵੀ ਖਾਲਸ ਸ਼ਰੀਆ ਨੂੰ ਲਾਗੂ ਕਰਨਾ ਹੈ ਜਿਸ ’ਚ ਔਰਤਾਂ ਦੀ ਸਿੱਖਿਆ ਨੂੰ ਖਤਮ ਕਰਨਾ, ਜਨਤਕ ਤੌਰ ’ਤੇ ਮੌਤ ਦੀ ਸਜ਼ਾ ਦੇਣੀ, ਲੋਕਤੰਤਰ ਦੀ ਥਾਂ ’ਤੇ ਸ਼ੂਰਾ ਪ੍ਰਣਾਲੀ ਸਥਾਪਿਤ ਕਰਨੀ ਅਤੇ ਪਾਕਿਸਤਾਨ ਨੂੰ ਆਧੁਨਿਕ ਦੁਨੀਆ ਨਾਲੋਂ ਕੱਟਣਾ ਆਦਿ-ਸ਼ਾਮਲ ਹੈ।ਅਫਗਾਨ-ਤਾਲਿਬਾਨ ਦੇ ਸਿੱਧੇ-ਅਸਿੱਧੇ ਸਮਰਥਨ ਨਾਲ ਟੀ. ਟੀ. ਪੀ., ਖੈਬਰ ਪਖਤੂਨਖਵਾ ’ਚ ਬਰਾਬਰ ਦੀ ਸਰਕਾਰ ਬਣਾ ਚੁੱਕਾ ਹੈ। ਇਹ ਦਿਲਚਸਪ ਹੈ ਕਿ ਅਗਸਤ 2021 ’ਚ ਅਫਗਾਨਿਸਤਾਨ ਦੇ ਹਿੰਸਕ ਸੱਤਾ ਪਰਿਵਰਤਨ ’ਚ ਪਾਕਿਸਤਾਨ ਤਾਲਿਬਾਨ ਦਾ ਸਮਰਥਨ ਕਰ ਰਿਹਾ ਸੀ। ਕਿਉਂਕਿ ਪਾਕਿਸਤਾਨ ਨੇ ਆਪਣੀ ਵਿਚਾਰਕ ਸੋਚ ਦੇ ਅਨੁਸਾਰ ਅਣਗਿਣਤ ਜਿਹਾਦੀਆਂ ਨੂੰ ਤਿਆਰ ਕੀਤਾ ਹੈ, ਉਸ ਤੋਂ ਨਾ ਤਾਂ ਸਥਾਨਕ ਲੋਕ ਸੁਰੱਖਿਅਤ ਹਨ ਤੇ ਨਾ ਹੀ ਨਿਵੇਸ਼ਕ-ਉਦਮੀ। ਪਾਕਿਸਤਾਨ ਦਾ ਆਰਥਿਕ ਸੰਕਟ ਕਿੰਨਾ ਭੈੜਾ ਹੈ ਕਿ ਉਸ ਦੇ ਕੇਂਦਰੀ ਬੈਂਕ ’ਚ ਸਿਰਫ 4.5 ਬਿਲੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਬਾਕੀ ਹੈ ਤਾਂ ਮਾਰਚ 2023 ਤੱਕ ਉਸ ਨੇ ਕਿਸ਼ਤ ਦੇ ਰੂਪ ’ਚ 8 ਬਿਲੀਅਨ ਡਾਲਰ ਤੋਂ ਵੱਧ ਦਾ ਕਰਜ਼ਾ ਮੋੜਣਾ ਹੈ।
ਦੁਨੀਆ ਦੇ ਸਾਹਮਣੇ ਹੱਥ ਅੱਡ ਕੇ ਪਾਕਿਸਤਾਨ ਦਾ ਸੰਕਟ ਥੋੜ੍ਹੇ ਸਮੇਂ ਲਈ ਟਲ ਤਾਂ ਗਿਆ ਪਰ ਉਸ ਤੋਂ ਮੁਕਤ ਨਹੀਂ ਹੋ ਸਕਦਾ। ਇਹ ਤਦ ਹੀ ਸੰਭਵ ਹੈ ਜਦੋਂ ਉਹ ਆਪਣੇ ਭਾਰਤ -ਹਿੰਦੂ ਵਿਰੋਧੀ ਦਰਸ਼ਨ ਤੋਂ ਆਜ਼ਾਦ ਹੋ ਜਾਵੇ। ਕੀ ਅਜਿਹਾ ਹੋਵੇਗਾ?-ਸ਼ਾਇਦ ਨਹੀਂ। ਜੇਕਰ ਅਜਿਹਾ ਹੋਇਆ ਤਾਂ ਪਾਕਿਸਤਾਨ ਦਾ ਇਕ ਵੱਖਰੇ ਰਾਸ਼ਟਰ ਦੇ ਰੂਪ ’ਚ ਜ਼ਿੰਦਾ ਰਹਿਣਾ ਅਸੰਭਵ ਹੋ ਜਾਵੇਗਾ। ਇਹ ਚਿੰਤਨ ਹੀ ਉਸ ਦੀ ਹੋਂਦ ਅਤੇ ਚੱਕਰ ਵਾਧੇ ਸੰਕਟ ਦਾ ਇਕੋ ਇਕ ਕਾਰਨ ਹੈ।
ਬਲਬੀਰ ਪੁੰਜ
(ਲੇਖਕ ਸੀਨੀਅਰ ਕਾਲਮਨਵੀ, ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਸ਼ਟਰੀ-ਉਪ ਪ੍ਰਧਾਨ ਹਨ)